ਨਸ਼ੇ ਦੇ ਝੂਠੇ ਕੇਸ 'ਚ ਫਸਾਉਣ ਦੇ ਦੋਸ਼ 'ਚ ਸੁਣਾਈ ਗਈ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਦੇ ਝੂਠੇ ਕੇਸ 'ਚ ਫਸਾਉਣ ਦੇ ਦੋਸ਼ 'ਚ 3 ਪੁਲਿਸ ਮੁਲਾਜ਼ਮਾਂ ਨੂੰ 7-7 ਸਾਲ ਦੀ ਸਜ਼ਾ

3 Indicted in False Drug Charge Case

ਮਾਨਸਾ- ਇਕ ਵਾਰ ਫਿਰ ਉਸ ਵੇਲੇ ਖ਼ਾਕੀ ਦਾਗ਼ਦਾਰ ਹੋ ਗਈ, ਜਦੋਂ ਮਾਨਸਾ ਦੀ ਇਕ ਅਦਾਲਤ ਨੇ ਨਸ਼ੇ ਦੇ ਝੂਠੇ ਕੇਸ ਵਿਚ ਫਸਾਉਣ ਦੇ ਦੋਸ਼ ਵਿਚ ਪੰਜਾਬ ਪੁਲਿਸ ਦੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ 7-7 ਸਾਲ ਦੀ ਸਜ਼ਾ ਸੁਣਾ ਦਿਤੀ। ਜਿਸ ਤੋਂ ਬਾਅਦ ਖ਼ਾਕੀ ਦੀ ਆੜ 'ਚ ਸਾਜਿਸ਼ ਰਚਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਜਾਣਾ ਪਿਆ, ਦਰਅਸਲ ਇਹ ਮਾਮਲਾ ਕਰੀਬ 9 ਸਾਲ ਪਹਿਲਾਂ ਦਾ ਹੈ।

ਜਦੋਂ ਜੋਗਾ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਰਮੇਸ਼ ਕੁਮਾਰ ਨੂੰ 4 ਅਗਸਤ, 2010 ਨੂੰ ਮਾਨਸਾ ਤੋਂ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਾਊਡਰ ਦੀ ਰਿਕਵਰੀ ਦਿਖਾਈ ਸੀ। ਰਿਕਾਰਡ ਵਿਚ ਪੁਲਿਸ ਨੇ ਰਮੇਸ਼ ਨੂੰ ਪਿੰਡ ਰੱਲਾ ਤੋਂ ਗ੍ਰਿਫ਼ਤਾਰ ਕੀਤਾ ਸੀ ਜਦਕਿ ਜੋਗਾ ਪੁਲਿਸ ਨੇ ਰਮੇਸ਼ ਕੁਮਾਰ ਨੂੰ ਮਾਨਸਾ ਵਿਚ ਉਸ ਦੀ ਦੁਕਾਨ ਤੋਂ ਹੀ ਗ੍ਰਿਫ਼ਤਾਰ ਕੀਤਾ ਸੀ। ਪੁਲਿਸ ਕਾਰਵਾਈ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਹੋ ਗਈ ਸੀ।

ਉਦੋਂ ਤੋਂ ਹੀ ਇਹ ਕੇਸ ਅਦਾਲਤ ਵਿਚ ਚਲਦਾ ਆ ਰਿਹਾ ਹੈ। ਜਿਸ ਵਿਚ ਹੁਣ ਪੁਲਿਸ ਦੀ ਸਾਜਿਸ਼ ਬੇਨਕਾਬ ਹੋ ਗਈ ਹੈ, ਅਤੇ 3 ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਹੋਈ ਹੈ ਅਤੇ ਦੋਵੇਂ ਕੈਮਿਸਟਾਂ ਨੂੰ ਇਨਸਾਫ਼ ਮਿਲਿਆ ਹੈ। ਸੱਚ ਸਾਹਮਣੇ ਆਉਣ 'ਤੇ ਅਦਾਲਤ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਬਰੀ ਕਰ ਦਿਤਾ ਹੈ। ਜਿਨ੍ਹਾਂ ਤਿੰਨ ਪੁਲਿਸ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਗਈ ਹੈ।

ਉਨ੍ਹਾਂ ਵਿਚੋਂ ਸਬ ਇੰਸਪੈਕਟਰ ਗੁਰਦਰਸ਼ਨ ਸਿੰਘ ਇਸ ਸਮੇਂ ਰਿਟਾਇਰ ਹੋ ਗਏ ਹਨ, ਜਦਕਿ ਦੂਜੇ ਦੋ ਮੁਲਜ਼ਮ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਬਠਿੰਡਾ ਅਤੇ ਅਜੈਬ ਸਿੰਘ ਮਾਨਸਾ ਪੁਲਿਸ ਵਿਚ ਤਾਇਨਾਤ ਹਨ। ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਪੁਲਿਸ 'ਤੇ ਝੂਠਾ ਕੇਸ ਦਰਜ ਕਰਨ ਦੇ ਇਲਜ਼ਾਮ ਸਾਬਤ ਹੋਏ ਹੋਣ, ਇਸ ਤੋਂ ਪਹਿਲਾਂ ਕਈ ਵਾਰ ਅਨੇਕਾਂ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜੋ ਖ਼ਾਕੀ ਨੂੰ ਦਾਗ਼ਦਾਰ ਕਰ ਚੁੱਕੇ ਹਨ।