Punjab News: ਮਾਡਲ ਲੜਕੀ ਦੀ ਵਾਇਰਲ ਵੀਡੀਉ ਮਾਮਲੇ ਵਿਚ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਕਾਰਵਾਈ
DSP ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਦੇ ਹੁਕਮ
Punjab News: ਸਮਰਾਲਾ ਵਿਚ ਡਾਂਸਰ ਲੜਕੀ ਦੀ ਵਾਇਰਲ ਵੀਡੀਉ ਮਾਮਲੇ ਵਿਚ ਪੁਲਿਸ ਵਲੋਂ ਮਾਮਲਾ ਦਰਜ ਕੀਤੇ ਜਾਣ ਮਗਰੋਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਕਾਰਵਾਈ ਕੀਤੀ ਹੈ। ਪੰਜਾਬ ਮਹਿਲਾ ਕਮਿਸ਼ਨ ਵਲੋਂ ਖੰਨਾ ਐਸਐਸਪੀ ਨੂੰ ਹੁਕਮ ਦਿਤੇ ਗਏ ਹਨ ਕਿ ਇਸ ਮਾਮਲੇ ਵਿਚ ਦਰਜ ਕੇਸ ਵਿਚ ਕਿਸੇ ਡਿਪਟੀ ਸੁਪਰਡੈਂਟ ਆਫ ਪੁਲਿਸ ਰੈਂਕ ਦੇ ਅਧਿਕਾਰੀ ਤੋਂ ਪੜਤਾਲ ਕਰਵਾਈ ਜਾਵੇ। ਇਸ ਦੇ ਨਾਲ ਹੀ ਕਮਿਸ਼ਨ ਵਲੋਂ ਇਸ ਸਬੰਧੀ ਇਕ ਹਫ਼ਤੇ ਵਿਚ ਸਟੇਟਰ ਰੀਪੋਰਟ ਮੰਗੀ ਗਈ ਹੈ। ਇਸ ਉਪਰੰਕ ਕਮਿਸ਼ਨ ਵਲੋਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ ਬੀਤੇ ਦਿਨੀਂ ਸਟੇਜ 'ਤੇ ਨੱਚ ਰਹੀ ਇਕ ਕੁੜੀ ਦੀ ਕਿਸੇ ਗੱਲ ਨੂੰ ਲੈ ਕੇ ਵਿਆਹ ਵਿਚ ਆਏ ਕੁੱਝ ਨੌਜਵਾਨਾਂ ਨਾਲ ਬਹਿਸਬਾਜ਼ੀ ਹੋ ਗਈ ਸੀ। ਜਾਣਕਾਰੀ ਮੁਤਾਬਕ ਇਨ੍ਹਾਂ ਨੌਜਵਾਨਾਂ 'ਚੋਂ ਇਕ ਖ਼ੁਦ ਪੁਲਿਸ ਮੁਲਾਜ਼ਮ ਹੈ, ਜਿਸ ਦੀ ਪਛਾਣ ਜਗਰੂਪ ਸਿੰਘ ਵਜੋਂ ਹੋਈ ਹੈ, ਜੋ ਕਿ ਲੁਧਿਆਣਾ 'ਚ ਡਿਊਟੀ 'ਤੇ ਤਾਇਨਾਤ ਹੈ।
ਵੀਡੀਉ ਵਾਇਰਲ ਹੋਣ ਤੋਂ ਬਾਅਦ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਜਗਰੂਪ ਸਿੰਘ ਤੋਂ ਇਲਾਵਾ ਤਿੰਨ ਅਣਪਛਾਤੇ ਵਿਅਕਤੀਆਂ ਸਮੇਤ ਚਾਰ ਖ਼ਿਲਾਫ਼ 294,506,509 IPC ਧਾਰਾ ਦੇ ਤਹਿਤ ਪਰਚਾ ਦਰਜ ਕਰ ਲਿਆ ਹੈ।
ਡੀਐਸਪੀ ਨੇ ਦਸਿਆ ਕਿ ਵੀਡੀਉ ਵਾਇਰਲ ਹੋਣ ਤੋਂ ਬਾਅਦ ਐਸਐਸਪੀ ਖੰਨਾ ਨੇ ਆਦੇਸ਼ ਦਿਤਾ ਕਿ ਤੁਰੰਤ ਐਕਸ਼ਨ ਲਿਆ ਗਿਆ ਹੈ, ਜਿਸ ਤਹਿਤ ਜਗਰੂਪ ਸਿੰਘ ਅਤੇ ਤਿੰਨ ਸਾਥੀਆਂ 294,506,509 IPC ਧਾਰਾ ਦੇ ਤਹਿਤ ਪਰਚਾ ਦਰਜ ਕੀਤਾ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਜਗਰੂਪ ਸਿੰਘ ਖ਼ੁਦ ਵੀ ਪੁਲਿਸ ਮੁਲਾਜ਼ਮ ਹੈ ਜੋ ਕਿ ਲੁਧਿਆਣਾ ਵਿਖੇ ਡਿਊਟੀ 'ਤੇ ਤੈਨਾਤ ਹੈ ਅਤੇ ਤਿੰਨ ਅਣਪਛਾਤਿਆਂ ਦੀ ਵੀ ਜਲਦ ਪਛਾਣ ਕਰ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
(For more Punjabi news apart from Action of Punjab State Women Commission in case of model girl, stay tuned to Rozana Spokesman)