ਕਿਸਾਨਾਂ ਨੇ ਰੋਕਿਆ ਕਰਤਾਰਪੁਰ ਲਾਂਘੇ ਦਾ ਕੰਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ - ਸਰਕਾਰ ਨੇ ਮੁਆਵਜ਼ੇ ਦੀ ਰਕਮ ਨਾ ਦਿੱਤੀ ਗਈ ਅਤੇ ਟੀ.ਡੀ.ਐਸ. ਕੱਟਣ ਦੀ ਗੱਲ ਕਰ ਰਹੀ ਹੈ

Farmers stop Kartarpur corridor work

ਬਟਾਲਾ : ਸਹਹੱਦੀ ਹਲਕਾ ਡੇਰਾ ਬਾਬਾ ਨਾਨਕ 'ਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਬਣਨ ਜਾ ਰਹੇ ਕਰਤਾਰਪੁਰ ਲਾਂਘੇ ਦੇ ਰਸਤੇ ਦੀਆਂ ਮੁਸ਼ਕਲਾਂ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਰੁਕਾਵਟ ਉਦੋਂ ਸਾਹਮਣੇ ਆਈ, ਜਦੋਂ ਲਾਂਘਾ ਬਣਾਉਣ ਲਈ ਸਰਕਾਰ ਨੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਹਨ, ਉਨ੍ਹਾਂ ਨੇ ਲਾਂਘੇ ਦੇ ਰਸਤੇ 'ਚ ਧਰਨਾ ਪ੍ਰਦਰਸ਼ਨ ਕਰਦਿਆਂ ਕੰਮ ਨੂੰ ਰੁਕਵਾ ਦਿੱਤਾ। ਕਿਸਾਨਾਂ ਦਾ ਕਹਿਣਾ ਸੀ ਕਿ ਹਾਲੇ ਤਕ ਸਰਕਾਰ ਵੱਲੋਂ ਉਨ੍ਹਾਂ ਨੂੰ ਮੁਆਵਜ਼ੇ ਦੀ ਰਕਮ ਨਹੀਂ ਦਿੱਤੀ ਗਈ, ਉੱਪਰੋਂ ਸਰਕਾਰ ਉਸ ਰਕਮ 'ਚੋਂ ਟੀ.ਡੀ.ਐਸ. ਕੱਟਣ ਦੀ ਗੱਲ ਕਰ ਰਹੀ ਹੈ।

ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਗੱਲ ਕਰਨ ਮੌਕੇ 'ਤੇ ਪੁੱਜੇ ਐਸ.ਡੀ.ਐਮ. ਨੇ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਆਪਣੀ ਮੰਗ 'ਤੇ ਅੜੇ ਰਹੇ। ਕਿਸਾਨਾਂ ਨੇ ਇਸ ਮੌਕੇ ਲਾਂਘੇ ਦੇ ਚੱਲ ਰਹੇ ਕੰਮ ਨੂੰ ਰੁਕਵਾ ਦਿੱਤਾ ਅਤੇ ਰਸਤੇ 'ਚ ਧਰਨਾ ਪ੍ਰਦਰਸ਼ਨ ਕਰਦਿਆਂ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਹਰੇਬਾਜ਼ੀ ਕੀਤੀ। ਕਿਸਾਨਾਂ ਦਾ ਕਹਿਣਾ ਸੀ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਪਹਿਲਾਂ ਕਿਹਾ ਸੀ ਕਿ ਜ਼ਮੀਨ ਐਕਵਾਇਰ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ, ਫਿਰ ਕੰਮ ਸ਼ੁਰੂ ਕੀਤਾ ਜਾਵੇਗਾ। ਪਰ ਸਰਕਾਰ ਨੇ ਮੁਆਵਜ਼ਾ ਦਿੱਤੇ ਬਗੈਰ ਹੀ ਸਾਡੀਆਂ ਜ਼ਮੀਨਾਂ 'ਤੇ ਲਾਂਘੇ ਦਾ ਕੰਮ ਸ਼ੁਰੂ ਕਰ ਦਿੱਤਾ।

ਕਿਸਾਨਾਂ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੇ ਮੁਆਵਜ਼ੇ ਦੀ ਰਕਮ 'ਚੋਂ 10% ਟੀਡੀਐਸ ਕੱਟਣ ਦੀ ਗੱਲ ਕਹਿ ਰਹੀ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਪਹਿਲਾਂ ਹੀ ਕਿਸਾਨਾਂ ਨੂੰ ਘੱਟ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਅਤੇ ਜੇ ਉਸ ਰਕਮ 'ਚੋਂ ਟੀਡੀਐਸ ਕੱਟ ਲਿਆ ਗਿਆ ਤਾਂ ਕਿਸਾਨਾਂ ਕੋਲ ਕੀ ਬਚੇਗਾ?

ਇਸ ਮੌਕੈ ਐਸ.ਡੀ.ਐਮ. ਡੇਰਾ ਬਾਬਾ ਨਾਨਕ ਗੁਰਸਿਮਰਨਜੀਤ ਸਿੰਘ ਢਿੱਲੋਂ ਨੇ ਕਿਸਾਨਾਂ ਨਾਲ ਗੱਲ ਕਰ ਕੇ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਆਪਣੀ ਮੰਗ 'ਤੇ ਅੜੇ ਰਹੇ। ਐਸ.ਡੀ.ਐਮ. ਨੇ ਦੱਸਿਆ ਕਿ ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਦਿੱਤੇ ਜਾਣ ਵਾਲੇ ਮੁਆਵਜ਼ੇ 'ਚੋਂ ਟੀਡੀਐਸ ਨਾ ਕੱਟਿਆ ਜਾਵੇ, ਇਸ ਮੰਗ ਨੂੰ ਸਰਕਾਰ ਤਕ ਪਹੁੰਚਾ ਦਿੱਤਾ ਜਾਵੇਗਾ।