ਮੋਦੀ ਦੇ ਭੜਕਾਊ ਤੇ ਗ਼ੈਰ-ਜ਼ਿੰਮੇਵਾਰਾਨਾ ਬਿਆਨ ਕਰਤਾਰਪੁਰ ਲਾਂਘੇ ਵਿਚ ਡਾਹ ਸਕਦੇ ਹਨ ਅੜਿੱਕਾ : ਜਾਖੜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ

Sunil Jakhar Pic-1

ਡੇਰਾ ਬਾਬਾ ਨਾਨਕ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਪੰਜਾਬ ਦੇ ਕੈਬਨਿਟ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਸਮੇਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਬਣ ਰਹੇ ਲਾਂਘੇ ਦੇ ਕੰਮ ਦਾ ਜਾਇਜ਼ਾ ਲਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਸਮੇਂ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਕੀਤੀ ਜਾ ਰਹੀ ਭੜਕਾਊ ਅਤੇ ਗ਼ੈਰ ਜ਼ਿੰਮੇਵਾਰਾਨਾ ਬਿਆਨਬਾਜ਼ੀ ਕਾਰਨ ਗੁਆਂਢੀ ਮੁਲਕ ਨਾਲ ਤਣਾਅ ਵਧ ਸਕਦਾ ਹੈ ਤੇ ਇਹ ਬਿਆਨਬਾਜ਼ੀ ਕਰਤਾਰਪੁਰ ਲਾਂਘੇ ਲਈ ਅੜਿੱਕਾ ਵੀ ਬਣ ਸਕਦੀ ਹੈ।

ਜਾਖੜ ਨੇ ਆਖਿਆ ਕਿ ਦੇਸ਼ ਕੋਲ ਬਹੁਤ ਪਹਿਲਾਂ ਤੋਂ ਐਟਮੀ ਹਥਿਆਰ ਹਨ ਪਰ ਕਦੇ ਕਿਸੇ ਪ੍ਰਧਾਨ ਮੰਤਰੀ ਨੇ ਇਸ ਤਰ੍ਹਾਂ ਦੇ ਬਚਕਾਨਾ ਬਿਆਨ ਨਹੀਂ ਦਿਤੇ ਸਨ। ਉਨ੍ਹਾਂ ਕਿਹਾ ਭਾਜਪਾ ਦੀ ਸਰਕਾਰ ਨੇ ਤਾਂ ਅਪਣੀਆਂ ਨਾਕਾਮੀਆਂ ਛੁਪਾਉਣ ਦਾ ਇਕੋ ਰਾਹ ਪਾਕਿਸਤਾਨ ਨਾਲ ਤਣਾਅ ਵਧਾਉਣਾ ਲੱਭ ਲਿਆ ਹੈ ਪਰ ਇਸ ਦਾ ਸੱਭ ਤੋਂ ਵੱਡਾ ਸੰਤਾਪ ਤਾਂ ਪੰਜਾਬ ਨੂੰ ਭੁਗਤਣਾ ਪੈਣਾ ਹੈ। 

ਇਸ ਮੌਕੇ ਪੰਜਾਬ ਦੇ ਸਹਿਕਾਰਤਾ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੋਦੀ ਵਿਕਾਸ ਦੀ ਬਜਾਏ ਵਿਨਾਸ ਅਤੇ ਉਜਾੜੇ ਦੀ ਰਾਜਨੀਤੀ ਕਰਨ ਵਿਚ ਵਿਸਵਾਸ਼ ਰਖਦੇ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਸੁਚੇਤ ਹੋਣ ਦਾ ਸਮਾਂ ਹੈ ਕਿ ਅਸੀਂ ਕਿਸ ਚੀਜ਼ ਦੀ ਚੋਣ ਕਰਨੀ ਹੈ।