ਪਾਕਿ ’ਚ ਬੈਠੇ ਅਤਿਵਾਦੀ ਅਨਸਰ ਮੁੜ ਪੰਜਾਬ ’ਚ ਹਿੰਸਕ ਗੜਬੜੀ ਫੈਲਾਉਣ ਦੇ ਚੱਕਰਾਂ ’ਚ: ਪੰਜਾਬ ਪੁਲਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਦਾ ਦਾਅਵਾ, ਸਾਕਾ ਨੀਲਾ ਤਾਰਾ ਦੀ ਬਰਸੀ ਮੌਕੇ ਪੰਜਾਬ ਵਿਚ ਅਸ਼ਾਂਤੀ ਫੈਲਾਉਣੀ ਦੀ ਘੜੀ ਜਾ ਰਹੀ ਹੈ ਸਾਜ਼ਿਸ਼

Punjab Police

ਅੰਮ੍ਰਿਤਸਰ : ਸਾਕਾ ਨੀਲਾ ਤਾਰਾ ਦੌਰਾਨ ਸ਼ਹੀਦ ਹੋਏ ਸਿੰਘਾਂ-ਸਿੰਘਣੀਆਂ ਦੀ 35ਵੀਂ ਬਰਸੀ ਮਨਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ। ਅਜਿਹੇ ਵਿਚ ਅੰਮ੍ਰਿਤਸਰ ਦੇ ਰਾਜਾਸਾਂਸੀ ਇਲਾਕੇ ’ਚੋਂ ਕੱਲ੍ਹ 2 ਹੈਂਡ ਗ੍ਰੇਨੇਡੇ ਬਰਾਮਦ ਕੀਤੇ ਗਏ ਸਨ। ਪੁਲਿਸ ਨੇ ਅੱਜ ਦਾਅਵਾ ਕੀਤਾ ਹੈ ਕਿ ਸਾਕਾ ਨੀਲਾ ਤਾਰਾ ਦੀ ਬਰਸੀ (6 ਜੂਨ) ਮੌਕੇ ਪੰਜਾਬ ’ਚ ਅਸ਼ਾਂਤੀ ਫੈਲਾਉਣ ਅਤੇ ਵੱਡੀ ਵਾਰਦਾਤ ਕਰਨ ਦੀ ਸਾਜ਼ਿਸ਼ ਘੜੀ ਜਾ ਰਹੀ ਹੈ। ਇਸ ਦਾ ਵੱਡਾ ਸਬੂਤ ਮਿਲਿਆ ਹੈ।

ਪੁਲਿਸ ਨੇ ਖ਼ੁਲਾਸਾ ਕੀਤਾ ਹੈ ਕਿ ਐਤਵਾਰ ਨੂੰ ਅੰਮ੍ਰਿਤਸਰ ’ਚੋਂ ਦੋ ਹੈਂਡ ਗ੍ਰੇਨੇਡ ਮਿਲੇ ਸਨ, ਉਹ ਪਾਕਿਸਤਾਨ ਤੋਂ ਭੇਜੇ ਗਏ ਹਨ। ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਪਾਕਿਸਤਾਨ ’ਚ ਮੌਜੂਦ ਕੁਝ ਅਤਿਵਾਦੀ ਅਨਸਰ ਪੰਜਾਬ ਵਿਚ ਦੁਬਾਰਾ ਹਿੰਸਕ ਗੜਬੜੀ ਫੈਲਾਉਣ ਦੇ ਚੱਕਰਾਂ ਵਿਚ ਹਨ। ਪੁਲਿਸ ਹੁਣ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਵਿਚ ਜੁਟ ਗਈ ਹੈ। ਪੁਲਿਸ ਨੇ ਅੰਮ੍ਰਿਤਸਰ ਅਤੇ ਸਰਹੱਦੀ ਇਲਾਕਿਆਂ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿਤੇ ਹਨ।

ਐਸਐਸਪੀ ਅੰਮ੍ਰਿਤਸਰ ਵਿਕਰਮਜੀਤ ਦੁੱਗਲ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਜਿਹੜੇ ਦੋ ਹੈਂਡ ਗ੍ਰੇਨੇਡ ਬਰਾਦਮ ਹੋਏ ਹਨ, ਉਨ੍ਹਾਂ ਦਾ ਸਬੰਧ ਪਾਕਿਸਤਾਨ ’ਚ ਰਹਿ ਰਹੇ ਖ਼ਾਲਿਸਤਾਨੀ ਸਮਰਥਕ ਹੈੱਪੀ ਪੀਐੱਚਡੀ ਨਾਲ ਹੈ। ਉਸ ਦੇ ਇਸ਼ਾਰੇ ’ਤੇ ਐਤਵਾਰ ਨੂੰ ਅੰਮ੍ਰਿਤਸਰ ਵਿਚ ਮਿਲੇ ਦੋ ਗ੍ਰੇਨੇਡ ਪਹੁੰਚੇ ਸਨ। ਦੁੱਗਲ ਨੇ ਦੱਸਿਆ ਕਿ ਬਾਰਡਰ ’ਤੇ ਬੈਠੇ ਤਸਕਰ ਅਤੇ ਖ਼ਾਲਿਸਤਾਨ ਸਮਰਥਕ ਮਿਲ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਹਨ।

ਐਸਐਸਪੀ ਨੇ ਦੱਸਿਆ ਕਿ ਗ੍ਰੇਨੇਡ ਨਾਲ ਮਿਲੇ ਮੋਬਾਇਲ ਫ਼ੋਨ ਦੀ ਡਿਟੇਲ ਖੰਗਾਲੀ ਜਾ ਰਹੀ ਹੈ। ਦੱਸ ਦਈਏ ਕਿ ਖ਼ੁਫ਼ੀਆ ਏਜੰਸੀਆਂ ਦੇ ਅਲਰਟ ’ਤੇ ਪੁਲਿਸ ਨੇ ਐਤਵਾਰ ਸਵੇਰੇ ਸਾਢੇ ਚਾਰ ਵਜੇ ਦੋ ਨੌਜਵਾਨਾਂ ਤੋਂ ਦੋ ਹੈਂਡ ਗ੍ਰੇਨੇਡ ਬਰਾਮਦ ਕੀਤੇ ਸਨ। ਇਸ ਦੌਰਾਨ ਦੋਵੇਂ ਨੌਜਵਾਨ ਪੁਲਿਸ ਨੂੰ ਧੋਖਾ ਦੇ ਕੇ ਫ਼ਰਾਰ ਹੋ ਗਏ। ਪੁਲਿਸ ਨੇ ਦੱਸਿਆ ਕਿ ਇੱਥੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਉਥੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਇਕ ਮੋਟਰਸਾਈਕਲ 'ਤੇ ਸਵਾਰ ਦੋ ਪਟਕਾਧਾਰੀ ਨਕਾਬਪੋਸ਼ ਸਿੱਖ ਨੌਜਵਾਨਾਂ ਨੂੰ ਦੇਖਿਆ ਤਾਂ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਨ੍ਹਾਂ ਨੇ ਮੋਟਰਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਪੁਲਿਸ ਵਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ ਪਰ ਦੋਵੇਂ ਭੱਜਣ ਵਿਚ ਕਾਮਯਾਬ ਹੋ ਗਏ ਪਰ ਬਾਈਕ ਦੇ ਪਿੱਛੇ ਬੈਠੇ ਨੌਜਵਾਨ ਨੇ ਅਪਣੇ ਮੋਢੇ ’ਤੇ ਇਕ ਬੈਗ ਟੰਗਿਆ ਹੋਇਆ ਸੀ ਜੋ ਜ਼ਮੀਨ 'ਤੇ ਡਿੱਗ ਗਿਆ। ਪੁਲਿਸ ਨੇ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ ਵਿਚੋਂ ਦੋ ਹੈਂਡ ਗ੍ਰੇਨੇਡ ਤੇ ਇਕ ਸੈਮਸੰਗ ਦਾ ਮੋਬਾਇਲ ਬਰਾਮਦ ਹੋਇਆ।