World Bicycle day: ਜਾਣੋ ਇਸ ‘ਸੁਪਰ ਸਿੰਘ’ ਦੀ ਕਹਾਣੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ 'ਸੁਪਰ ਸਿੰਘ' ਦਾ ਟੀਚਾ ਗੋਲਡ ਮੈਡਲ ਤੋਂ ਨਹੀਂ ਘੱਟ

Jaswinder Singh Para Cyclist

ਚੰਡੀਗੜ੍ਹ: ਇਹ ਕਹਾਣੀ ਉਸ ਪੈਰਾ ਸਾਈਕਲ ਸਵਾਰ ਦੀ ਹੈ, ਜਿਸ ਦੀਆਂ ਦੋਵੇਂ ਬਾਹਾਂ ਨਹੀਂ ਹਨ। ਜੀ ਹਾਂ, ਗੱਲ ਕਰ ਰਹੇ ਹਾਂ ਜਸਵਿੰਦਰ ਸਿੰਘ ਦੀ, ਜੋ ਭਾਰਤ ਦੇ ਪ੍ਰਮੁੱਖ ਪੈਰਾ-ਸਾਈਕਲ ਸਵਾਰਾਂ ਵਿਚੋਂ ਇਕ ਬਣਨ ਲਈ ਸਾਰੀਆਂ ਰੁਕਾਵਟਾਂ ਦਾ ਵਿਰੋਧ ਕਰ ਰਿਹਾ ਹੈ। ਜਸਵਿੰਦਰ ਦਾ ਟੀਚਾ ਗੋਲਡ ਮੈਡਲ ਤੋਂ ਘੱਟ ਨਹੀਂ ਹੈ। ਜਸਵਿੰਦਰ ਸਿੰਘ ਪਟਿਆਲਾ ਦੇ ਨੇੜੇ ਪੈਂਦੇ ਪਿੰਡ ਪਤਰਾਨ ਦਾ ਨਿਵਾਸੀ ਹੈ। ਜਸਵਿੰਦਰ ਨੇ 2014 ਏਸ਼ੀਆਈ ਪੈਰਾ ਖੇਡਾਂ ਲਈ ਕੁਆਲੀਫ਼ਾਈ ਕੀਤਾ ਪਰ ਫੰਡਾਂ ਦੀ ਕਮੀ ਕਾਰਨ ਹਿੱਸਾ ਨਾ ਲੈ ਸਕਿਆ। ਇਸ ਸੈੱਟ-ਬੈਕ ਨੇ ਜਸਵਿੰਦਰ ਨੂੰ ਨਿਰਾਸ਼ ਨਹੀਂ ਕੀਤਾ।

ਉਸ ਤੋਂ ਬਾਅਦ ਜਸਵਿੰਦਰ ਨੇ ਕਿਹਾ ਕਿ ਸਾਰੇ ਖਿਡਾਰੀਆਂ ਨੂੰ ਕੌਮਾਂਤਰੀ ਪੱਧਰ ’ਤੇ ਮੁਕਾਬਲਾ ਕਰਨ ਦੇ ਯੋਗ ਹੋਣ ਲਈ ਸਿਖਲਾਈ, ਕੋਚਿੰਗ, ਪੋਸ਼ਣ ਅਤੇ ਬੁਨਿਆਦੀ ਢਾਂਚੇ ਦੇ ਅੰਤਰਰਾਸ਼ਟਰੀ ਮਾਪਦੰਡਾਂ ਦੀ ਲੋੜ ਹੁੰਦੀ ਹੈ। ਜਸਵਿੰਦਰ ਨੇ ਕਿਹਾ “ਇਸ ਕਰਾਊਡ-ਫੰਡਿੰਗ ਪਹਿਲਕਦਮੀ ਦੇ ਮਾਧਿਅਮ ਨਾਲ ਮੈਂ ਸੁਪਨੇ ਲੈਣ ਅਤੇ ਅਪਣੇ ਜਜ਼ਬਾਤਾਂ ਦਾ ਪਾਲਣ ਕਰਨ ਦੇ ਯੋਗ ਹੋਣ ਲਈ ਕਾਫ਼ੀ ਪੈਸਾ ਇਕੱਠਾ ਕਰਨ ਦੀ ਉਮੀਦ ਕਰਦਾ ਹਾਂ। ਉਸ ਨੇ ਕਿਹਾ ਕਿ ਸਮਰਥਨ ਦੀ ਮੈਨੂੰ ਲੋੜ ਹੈ ਅਤੇ ਮੈਂ ਅਪਣੇ ਦੇਸ਼ ਲਈ ਓਲੰਪਿਕ ਗੋਲਡ ਜਿੱਤਣ ਲਈ ਕੋਈ ਕਸਰ ਨਹੀਂ ਛੱਡਾਂਗਾ।” ਜਸਵਿੰਦਰ ਸਿੰਘ ਦਾ ਸੰਘਰਸ਼ ਅਜੇ ਵੀ ਜਾਰੀ ਹੈ।

ਜ਼ਿਕਰਯੋਗ ਹੈ ਕਿ ਜਸਵਿੰਦਰ ਬਹੁਤ ਛੋਟੀ ਉਮਰ ਤੋਂ ਸਾਇਕਲਿੰਗ ਕਰਨ ਵਿਚ ਦਿਲਚਸਪੀ ਲੈ ਰਿਹਾ ਸੀ ਅਤੇ ਅਪਣੇ ਮਾਪਿਆਂ ਦੇ ਅਜਿਹਾ ਕਰਨ ਤੋਂ ਰੋਕਣ ਦੇ ਬਾਵਜੂਦ ਵੀ ਉਹ ਇਹ ਕਰਨਾ ਚਾਹੁੰਦਾ ਸੀ। ਜਸਵਿੰਦਰ ਹਰ ਰਾਤ ਅਪਣੇ ਘਰੋਂ ਬਾਹਰ ਨਿਕਲਦਾ ਅਤੇ ਅਪਣੇ ਗੁਆਂਢ ਦੀਆਂ ਗਲੀਆਂ ਵਿਚ ਸਾਈਕਲ ’ਤੇ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰਦਾ। ਇਹ ਆਸਾਨ ਨਹੀਂ ਸੀ। ਜਸਵਿੰਦਰ ਨੂੰ 17 ਤੋਂ ਵੱਧ ਫ੍ਰੈਕਚਰਾਂ ਦਾ ਸਾਹਮਣਾ ਕਰਨਾ ਪਿਆ। ਹੁਣ, ਜਸਵਿੰਦਰ 25 ਕਿ.ਮੀ. ਤੋਂ ਵੱਧ ਸਾਈਕਲ ਇਕ ਦਿਨ ਵਿਚ ਚਲਾਉਂਦਾ ਹੈ।

ਪੈਰਾਂ ਨਾਲ ਖਾਣਾ ਬਣਾਉਣ, ਖਾਣ ਅਤੇ ਅਪਣੇ ਕੰਪਿਊਟਰ ਤੇ ਕੰਮ ਕਰਨ ਲਈ ਵੀ ਪੈਰ ਵਰਤਦਾ ਹੈ। ਉਸ ਦਾ ਪਸੰਦੀਦਾ ਸਾਈਕਲ ਸਵਾਰ ਕੈਨੇਡਾ ਤੋਂ ਜੋਸੈਫ਼ ਵੇਲੋਸ ਹੈ ਤੇ ਉਹ ਜਸਵਿੰਦਰ ਲਈ ਸਭ ਤੋਂ ਵੱਡੀ ਪ੍ਰੇਰਨਾ ਦੀ ਤਰ੍ਹਾਂ ਹੈ। ਜਸਵਿੰਦਰ ਦਾ ਕਹਿਣਾ ਹੈ ਕਿ ਮੈਂ ਉਸ ਵਾਂਗ ਓਲੰਪਿਕ ਵਿਚ ਗੋਲਡ ਮੈਡਲ ਜਿੱਤਣਾ ਚਾਹੁੰਦਾ ਹਾਂ। ਮੈਂ ਅਪਣੇ ਮਾਤਾ-ਪਿਤਾ ਅਤੇ ਮੇਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੁੰਦਾ ਹਾਂ।" ਜਸਵਿੰਦਰ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਨੂੰ ‘ਸੁਪਰ ਸਿੰਘ’ ਦਾ ਨਾਂਅ ਦਿਤਾ ਹੈ।