ਨਵੇਂ ਜ਼ਿਲ੍ਹੇ ਮਲੇਰਕੋਟਲਾ ਦੇ ਪਹਿਲੇ ਡੀ.ਸੀ ਤੇ ਐਸ ਐਸ ਪੀ ਦੇ ਅਹੁਦੇ ਮਹਿਲਾਵਾਂ ਨੂੰ ਮਿਲੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੰਮ੍ਰਿਤ ਕੌਰ ਗਿੱਲ ਤੇ ਕੰਵਰਦੀਪ ਕੌਰ ਦੀ ਹੋਈ ਤਾਇਨਾਤੀ

Amrit Kaur Gill and Kanwardeep Kaur

ਚੰਡੀਗੜ੍ਹ (ਭੁੱਲਰ) : ਨਵੇਂ  ਬਣੇ ਜ਼ਿਲ੍ਹੇ ਮਲੇਰਕੋਟਲਾ (Malerkotla ) ਦੇ ਪਹਿਲੇ  ਡੀ.ਸੀ ਅਤੇ ਐਸ ਐਸ ਪੀ ਦੇ ਅਹੁਦੇ ਮਹਿਲਾ ਅਧਿਕਾਰੀਆਂ ਨੂੰ ਮਿਲੇ ਹਨ। ਪੰਜਾਬ ਮੰਤਰੀ ਮੰਡਲ (Punjab Cabinet) ਵਲੋਂ ਇਸ ਜ਼ਿਲ੍ਹੇ ਨੂੰ ਪ੍ਰਵਾਨਗੀ ਮਿਲਣ ਬਾਅਦ ਇਨ੍ਹਾਂ ਅਹੁਦਿਆਂ ’ਤੇ ਤਾਇਨਾਤੀ ਦੇ ਹੁਕਮ ਜਾਰੀ ਹੋਏ ਹਨ। ਮੁੱਖ ਸਕੱਤਰ (Chief Secretary)  ਵਲੋਂ ਜਾਰੀ ਹੁਕਮਾਂ ਅਨੁਸਾਰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਬਦਲ ਕੇ ਅੰਮ੍ਰਿਤ ਕੌਰ ਗਿੱਲ (Amrit Kaur Gill ) ਨੂੰ ਮਲੇਰਕੋਟਲਾ ਜ਼ਿਲ੍ਹੇ ਦੇ ਪਹਿਲੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਉਤਰੀ ਭਾਰਤ ਦੇ ਕਈ ਖੇਤਰਾਂ ’ਚ ਹੋਈ ਬਰਸਾਤ ਨੇ ਹਵਾ ਦੀ ਗੁਣਵੱਤਾ ਚ ਕੀਤਾ ਵੱਡਾ ਸੁਧਾਰ, ਪ੍ਰਦੂਸ਼ਣ ਘਟਿਆ

ਗਿੱਲ ਦੀ ਥਾਂ ਹੁਣ ਸੁਰਭੀ ਮਲਿਕ ਨੂੰ ਫ਼ਤਹਿਗੜ੍ਹ ਸਾਹਿਬ ਲਾਇਆ ਗਿਆ ਹੈ। ਇਸੇ ਤਰਾਂ ਮਲੇਰਕੋਟਲਾ (Malerkotla) ਦੇ ਪਹਿਲੇ ਐਸ ਐਸ ਪੀ (SSP) ਵਜੋਂ ਕੰਵਰਦੀਪ ਕੌਰ (Kanwardeep Kaur)  ਦੀ ਤਾਇਨਾਤੀ ਕੀਤੀ ਗਈ ਹੈ। ਉਨ੍ਹਾਂ ਦੀ ਥਾਂ ਹੁਣ ਕਪੂਰਥਲਾ ਦਾ ਐਸ ਐਸ ਪੀ ਹਰਕਮਲਪ੍ਰੀਤ ਸਿੰਘ ਨੂੰ ਪੀ ਏ ਪੀ ਜਲੰਧਰ ਤੋਂ ਬਦਲ ਕੇ ਲਾਇਆ ਗਿਆ ਹੈ।

ਇਹ ਵੀ ਪੜ੍ਹੋ: ਇਕ ਪਾਸੇ ਇੰਦਰਾ ਗਾਂਧੀ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਦੂਜੇ ਪਾਸੇ ਦਰਬਾਰ ਸਾਹਿਬ ਤੇ ਫ਼ੌਜ ਚੜ੍ਹ ਰਹੀ ਸੀ

ਜ਼ਿਕਰਯੋਗ ਹੈ ਕਿ ਪੰਜਾਬ ਮੰਤਰੀ ਮੰਡਲ ਵੱਲੋਂ ਬੁੱਧਵਾਰ ਨੂੰ ਇਤਿਹਾਸਕ ਕਸਬੇ ਮਲੇਰਕੋਟਲਾ (Malerkotla) ਨੂੰ ਸੂਬੇ ਦਾ 23ਵਾਂ ਜ਼ਿਲ੍ਹਾ ਬਣਾਏ ਜਾਣ ਨੂੰ ਰਸਮੀ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ( Captain Amarinder Singh) ਨੇ ਪਹਿਲਾਂ ਐਲਾਨ ਕੀਤਾ ਸੀ। ਮੰਤਰੀ ਮੰਡਲ ਵੱਲੋਂ ਸਬ ਤਹਿਸੀਲ ਅਮਰਗੜ੍ਹ, ਜੋ ਕਿ ਮਲੇਰਕੋਟਲਾ ਸਬ ਡਿਵੀਜ਼ਨ ਦਾ ਹਿੱਸਾ ਸੀ, ਨੂੰ ਸਬ ਡਿਵੀਜ਼ਨ/ਤਹਿਸੀਲ ਬਣਾਉਣ ਨੂੰ ਵੀ ਮਨਜ਼ੂਰੀ ਦੇ ਦਿੱਤੀ।

ਇਹ ਵੀ ਪੜ੍ਹੋ: ਮੂੰਹ ਤੋਂ ਪੰਜਾਬ, ਪੰਜਾਬੀਅਤ ਤੇ ਪੰਥ ਦਾ ਨਾਂ ਲੈਣ ਵਾਲਿਆਂ ਦੇ ਦਿਲਾਂ ਵਿਚ ਕੁੱਝ ਹੋਰ ਹੀ ਹੁੰਦਾ ਹੈ

ਇਸ ਦੇ ਨਾਲ ਹੀ ਮਲੇਰਕੋਟਲਾ ਜ਼ਿਲ੍ਹੇ ਵਿੱਚ ਹੁਣ ਤਿੰਨ ਸਬ ਡਿਵੀਜ਼ਨ ਮਲੇਰਕੋਟਲਾ, ਅਹਿਮਦਗੜ੍ਹ ਅਤੇ ਅਮਰਗੜ੍ਹ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ 192 ਪਿੰਡ, 62 ਪਟਵਾਰ ਸਰਕਲ ਅਤੇ 6 ਕਾਨੂੰਨਗੋ ਸਰਕਲ ਵੀ ਸ਼ਾਮਲ ਹੋਣਗੇ। ਮੁੱਖ ਮੰਤਰੀ ਨੇ ਹਾਲ ਹੀ ਵਿੱਚ 14 ਮਈ ਨੂੰ ਈਦ-ਉਲ-ਫ਼ਿਤਰ (Eid-ul-Fitr)ਦੇ ਮੌਕੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਦੇ ਹੋਏ ਸਥਾਨਕ ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕੀਤੀ ਸੀ।

ਇਸ ਤੋਂ ਇਲਾਵਾ ਲੋਕਾਂ ਦੀ ਸਹੂਲਤ ਲਈ ਲਏ ਗਏ ਇਸ ਫੈਸਲੇ ਦਾ ਮਕਸਦ ਮਲੇਰਕੋਟਲਾ ਦੇ ਸ਼ਹਿਰੀ ਵਿਕਾਸ ਨੂੰ ਯਕੀਨੀ ਬਣਾਉਣਾ, ਇਸ ਇਤਿਹਾਸਕ ਸ਼ਹਿਰ ਦੇ ਅਮੀਰ ਵਿਰਸੇ ਨੂੰ ਕਾਇਮ ਰੱਖਣਾ ਅਤੇ ਇਸ ਖੇਤਰ ਦੇ ਸਮੁੱਚੇ ਸਮਾਜਿਕ ਅਤੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਵੀ ਹੈ।