ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ 'ਤੇ ਦੋ-ਫਾੜ ਹੋਏ ਭਾਜਪਾ ਆਗੂ? 

ਸਪੋਕਸਮੈਨ ਸਮਾਚਾਰ ਸੇਵਾ  | ਪ੍ਰਮੋਦ ਕੌਸ਼ਲ

ਖ਼ਬਰਾਂ, ਪੰਜਾਬ

ਯੋਗੀ ਸਮੇਤ ਪੰਜਾਬ ਭਾਜਪਾ ਨੇ ਕੀਤਾ ਵਿਰੋਧ ਤਾਂ ਸੋਮ ਪ੍ਰਕਾਸ਼ ਨੇ ਕੀਤਾ ਸਵਾਗਤ

Som Prakash and Yogi adityanath

ਲੁਧਿਆਣਾ: ਈਦ ਮੌਕੇ ਮਲੇਰਕੋਟਲਾ ਨੂੰ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਾਉਣ ਦੇ ਐਲਾਨ ਤੋਂ ਬਾਅਦ ਇਸ ਨੂੰ ਧਰਮ ਦੇ ਆਧਾਰ ’ਤੇ ਜ਼ਿਲ੍ਹਾ ਬਣਾਏ ਜਾਣ ਦੀ ਗੱਲ ਕਹਿੰਦੇ ਹੋਏ ਯੂ.ਪੀ ਦੇ ਮੁੱਖ ਮੰਤਰੀ ਯੋਗੀ ਤੋਂ ਇਲਾਵਾ ਪੰਜਾਬ ਭਾਜਪਾ ਦੇ ਕਈ ਆਗੂ ਵੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ’ਤੇ ਨਿਸ਼ਾਨੇ ਲਾ ਰਹੇ ਹਨ ਪਰ ਇਸ ਮਸਲੇ ਤੇ ਭਾਜਪਾ ਦੇ ਆਗੂ ਹੀ ਦੋ-ਫਾੜ ਹੁੰਦੇ ਹੋਏ ਦਿਖਾਈ ਦੇ ਰਹੇ ਹਨ।

ਇਕ ਪਾਸੇ ਜਿਥੇ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਕ ਟਵੀਟ ਰਾਹੀਂ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ “ਮਤ ਔਰ ਮਜ਼ਹਬ ਕੇ ਆਧਾਰ ਪਰ ਕਿਸੀ ਪ੍ਰਕਾਰ ਕਾ ਵਿਭੇਦ ਭਾਰਤ ਕੇ ਸੰਵਿਧਾਨ ਕੀ ਮੂਲ ਭਾਵਨਾ ਕੇ ਵਿਪਰੀਤ ਹੈ।  ਇਸ ਸਮੇਂ, ਮਲੇਰਕੋਟਲਾ (ਪੰਜਾਬ) ਕਾ ਗਠਨ ਕੀਆ ਜਾਨਾ ਕਾਂਗਰਸ ਕੀ ਵਿਭਾਜਨਕਾਰੀ ਨੀਤੀ ਕਾ ਪਰਿਚਾਯਕ ਹੈ” ਯਾਨਿ ਕਿ ਮਤ ਅਤੇ ਮਜ਼ਹਬ ਦੇ ਆਧਾਰ ਦੇ ਕਿਸੇ ਵੀ ਕਿਸਮ ਦਾ ਭੇਦਭਾਵ ਭਾਰਤ ਦੇ ਸੰਵਿਧਾਨ ਦੀ ਮੂਲ ਭਾਵਨਾ ਦੇ ਉਲਟ ਹੈ ਅਤੇ ਇਸ ਸਮੇਂ ਮਲੇਰਕੋਟਲਾ (ਪੰਜਾਬ) ਦਾ ਗਠਨ ਕੀਤਾ ਜਾਣਾ ਕਾਂਗਰਸ ਦੀ ਵੰਡ ਦੀ ਨੀਤੀ ਦਾ ਪ੍ਰਮਾਣ ਹੈ। 

ਹਾਲਾਂਕਿ ਪੰਜਾਬ ਸਰਕਾਰ ਨੇ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਇਆ ਹੈ ਜਦਕਿ ਮਲੇਰਕੋਟਲਾ ਸ਼ਹਿਰ ਪਹਿਲਾਂ ਹੀ ਮੌਜੂਦ ਹੈ ਪਰ ਇਸ ਟਵੀਟ ਰਾਹੀਂ ਯੋਗੀ ਨੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਵਿੱਚ ਮਲੇਰਕੋਟਲਾ ਦਾ ਹੀ ਗਠਨ ਕਰ ਦਿਤਾ ਗਿਆ ਹੈ, ਕਿਉਂਕਿ ਉਨ੍ਹਾਂ ਅਪਣੇ ਟਵੀਟ ਵਿੱਚ ਮਲੇਰਕੋਟਲਾ ਦੇ ਗਠਨ ਦਾ ਜ਼ਿਕਰ ਕੀਤਾ ਹੈ ਨਾ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਬਾਬਤ ਕੋਈ ਟਿਪਣੀ ਕੀਤੀ ਹੈ।

ਯੋਗੀ ਦਾ ਸੰਦਰਭ ਸ਼ਾਇਦ ਜ਼ਿਲ੍ਹੇ ਨੂੰ ਲੈ ਕੇ ਹੀ ਸੀ ਜਿਸ ਤੋਂ ਬਾਅਦ ਯੂ.ਪੀ ਦੇ ਮੁੱਖ ਮੰਤਰੀ ਯੋਗੀ ਤੋਂ ਇਲਾਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ, ਪੰਜਾਬ ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ, ਪੰਜਾਬ  ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਕਈ ਭਾਜਪਾ ਆਗੂ ਇਸਨੂੰ ਧਰਮ ਦੇ ਆਧਾਰ ਤੇ ਵੰਡਣ ਵਾਲਾ ਫੈਸਲਾ ਦੱਸਦੇ ਹੋਏ ਇਸਨੂੰ ਕਾਂਗਰਸ ਦੀ ਵੰਡੀਆਂ ਪਾਉਣ ਦੀ ਸਿਆਸਤ ਦਾ ਹਿੱਸਾ ਦੱਸ ਰਹੇ ਹਨ ਪਰ ਇਸੇ ਦਰਮਿਆਨ ਭਾਜਪਾ ਦੇ ਲੋਕਸਭਾ ਹੁਸ਼ਿਆਰਪੁਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਮਲੇਰਕੋਟਲਾ ਦੇ ਲੋਕਾਂ ਨੂੰ ਜ਼ਿਲ੍ਹਾ ਬਣਾਏ ਜਾਣ ਦੇ ਇਸ ਫੈਸਲੇ ਲਈ ਵਧਾਈ ਦਿੱਤੀ।

ਸੋਮ ਪ੍ਰਕਾਸ਼ ਨੇ ਸੋਸ਼ਲ ਮੀਡੀਆਂ ਰਾਹੀਂ ਲਿਖਿਆ, “ ਮੈਂ ਮਲੇਰਕੋਟਲਾ ਦੇ ਲੋਕਾਂ ਨੰ ਵਧਾਈ ਦਿੰਦਾ ਹਾਂ ਅਤੇ ਮਲੇਰਕੋਟਲਾ ਨੂੰ ਜ਼ਿਲ੍ਹਾ ਐਲਾਨਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਧੰਨਵਾਦ ਕਰਦਾ ਹਾਂ। ਇਹ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਸੱਚੀ ਸ਼ਰਧਾਂਜਲੀ ਹੈ ਜਿਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਫਾਂਸੀ ਦੇਣ ਦਾ ਵਿਰੋਧ ਕੀਤਾ ਸੀ। ਮਲੇਰਕੋਟਲਾ ਫਿਰਕੂ ਸਦਭਾਵਨਾ ਦਾ ਪ੍ਰਤੀਕ ਹੈ। ਮੈਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਹਾਂ ਕਿ ਫਗਵਾੜਾ ਨੂੰ ਵੀ ਜ਼ਿਲ੍ਹਾ ਐਲਾਨਿਆ ਜਾਵੇ। ਇਹ ਫਗਵਾੜਾ ਦੇ ਲੋਕਾਂ ਅਤੇ ਸਾਰੇ ਧਿਰਾਂ ਦੀ ਲੰਮੇ ਸਮੇਂ ਤੋਂ ਮੰਗ ਹੈ।”

ਜ਼ਿਕਰਯੋਗ ਹੈ ਕਿ ਯੋਗੀ ਦੇ ਟਵੀਟ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਯੋਗੀ ਅਦਿੱਤਿਆਨਾਥ ਵੱਲੋਂ ਪੰਜਾਬ ਵਿੱਚ ਮਲੇਰਕੋਟਲਾ ਨੂੰ 23ਵਾਂ ਜ਼ਿਲਾ ਐਲਾਨਣ ਉਤੇ ਕੀਤੇ ਭੜਕਾਊ ਟਵੀਟ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਇਸ ਨੂੰ ਭਾਜਪਾ ਦੀ ਵੰਡ-ਪਾਊ ਨੀਤੀ ਦੇ ਹਿੱਸੇ ਵਜੋਂ ਸ਼ਾਂਤਮਈ ਸੂਬੇ ਵਿੱਚ ਫਿਰਕੂ ਬਿਖੇੜਾ ਖੜਾ ਕਰਨ ਦੀ ਸ਼ਰਮਨਾਕ ਕੋਸ਼ਿਸ਼ ਕਰਾਰ ਦਿੱਤਾ ਜਦਕਿ ਸ੍ਰੋਮਣੀ ਅਕਾਲੀ ਦਲ ਨੇ ਵੀ ਯੋਗੀ ਦੇ ਇਸ ਟਵੀਟ ਦੀ ਨਿਖੇਧੀ ਕੀਤੀ ਸੀ। ਹਾਲਾਂਕਿ ਭਾਜਪਾ ਦੇ ਕਈ ਆਗੂ ਯੋਗੀ ਦੇ ਬਿਆਨ ਦੇ ਹੱਕ ਵਿੱਚ ਨਿੱਤਰੇ ਅਤੇ ਇਸ ਫੈਸਲੇ ਤੇ ਕਿੰਤੂ ਸ਼ੁਰੂ ਕੀਤਾ ਪਰ ਭਾਜਪਾ ਦੇ ਕੇਂਦਰੀ ਰਾਜ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਦੇ ਅੰਦਰ ਚੱਲ ਕੀ ਰਿਹਾ ਹੈ, ਉਸਦਾ ਅੰਦਾਜ਼ਾ ਲਾਉਣਾ ਸ਼ਾਇਦ ਔਖਾ ਨਹੀਂ ਹੋਵੇਗਾ।