ਪੁਲਿਸ ਅਧਿਕਾਰੀਆਂ ਦੀ ਨਸ਼ਾ ਕਾਰੋਬਾਰੀਆਂ ਨਾਲ ਮਿਲੀਭੁਗਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ: ਡਾਬਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਧਾਇਕ ਸੁਰਿੰਦਰ ਕੁਮਾਰ ਡਾਵਰ ਨੇ ਨਸ਼ਿਆਂ ਵਿਰੁਧ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰਦਿਆਂ ਹਲਕਾ ਲੁਧਿਆਣਾ ਕੇਂਦਰੀ ਨੂੰ.......

Surinder Kumar Dawar With Police Officers

ਲੁਧਿਆਣਾ : ਵਿਧਾਇਕ  ਸੁਰਿੰਦਰ ਕੁਮਾਰ ਡਾਵਰ ਨੇ ਨਸ਼ਿਆਂ ਵਿਰੁਧ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰਦਿਆਂ ਹਲਕਾ ਲੁਧਿਆਣਾ ਕੇਂਦਰੀ ਨੂੰ ਹਰ ਤਰ੍ਹਾਂ ਦੇ ਨਸ਼ੇ ਤੋਂ ਮੁਕਤ ਕਰਾਉਣ ਦਾ ਤਹਈਆ ਕੀਤਾ ਹੈ। ਅਪਣੇ ਹਲਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਖ਼ਤ ਕਦਮ ਉਠਾਉਂਦਿਆਂ ਉਨ੍ਹਾਂ ਉਸ ਕਿਸੇ ਵੀ ਵਿਅਕਤੀ ਦੀ ਕੋਈ ਸਿਫ਼ਾਰਸ਼ ਨਾ ਕਰਨ ਦਾ ਵੀ ਐਲਾਨ ਕੀਤਾ ਜੋ ਕਿਸੇ ਨਾ ਕਿਸੇ ਤਰੀਕੇ ਨਾਲ ਨਸ਼ੇ ਨਾਲ ਜੁੜਿਆ ਹੋਇਆ ਹੈ। 

ਇਸ ਸਬੰਧੀ ਅੱਜ ਸਥਾਨਕ ਆਰ.ਕੇ. ਰੋਡ ਵਿਖੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ  ਡਾਵਰ ਨੇ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵਲੋਂ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਸਹੀ ਮਾਅਨਿਆਂ ਵਿਚ ਅਮਲੀ ਜਾਮਾ ਪਹਿਨਾਇਆ ਜਾਵੇ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਚੇਤਾਵਨੀ ਦਿਤੀ ਕਿ ਜੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਨਸ਼ਾ ਕਾਰੋਬਾਰੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਪੁਲਿਸ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਅਤੇ ਮੈਡੀਕਲ ਨਸ਼ੇ ਦੀ ਸਪਲਾਈ ਕਰਨ ਵਾਲੇ ਮੈਡੀਕਲ ਸਟੋਰਾਂ 'ਤੇ ਅਚਾਨਕ ਛਾਪੇਮਾਰੀ ਕਰਨ ਦੀ ਵੀ ਹਦਾਇਤ ਕੀਤੀ।  ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਜੇ ਪੁਲਿਸ ਨਸ਼ੇ ਦੇ ਨਾਮ 'ਤੇ ਸ਼ਰੀਫ਼ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰੇਗੀ ਤਾਂ ਉਹ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਾਬਰ ਨੇ ਕਿਹਾ ਕਿ ਨਸ਼ਿਆਂ ਵਿਰੁਧ ਇਹ ਲੜਾਈ ਉਹ ਹੁਣ ਜ਼ਮੀਨੀ ਪੱਧਰ 'ਤੇ ਲੜਨਗੇ। ਜੋ ਨੌਜਵਾਨ ਨਸ਼ੇ ਛਡਣਾ ਚਾਹੁੰਦੇ ਹਨ, ਉਹ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਹੋ ਕੇ ਮੁਫ਼ਤ ਇਲਾਜ ਕਰਾਉਣ।

ਉਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਇਸ ਦਿਸ਼ਾ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ੇ ਦਾ ਖਹਿੜਾ ਛੱਡ ਕੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਸਿਕੰਦ, ਲਖਵੀਰ ਸਿੰਘ ਟਿਵਾਣਾ ਅਤੇ ਐਮ.ਐਸ. ਸਿੱਧੂ (ਦੋਵੇਂ ਸਹਾਇਕ ਪੁਲਿਸ ਕਮਿਸ਼ਨਰ) ਗੁਰਬਖ਼ਸ਼ ਸਿੰਘ, ਵਿਪਨ ਅਰੋੜਾ ਅਤੇ ਗੁਰਮੁਖ ਸਿੰਘ ਮਿੱਠੂ ਕਈ ਥਾਣਾ ਮੁਖੀ, ਸਹਾਇਕ ਮੁਖੀ ਅਤੇ ਹੋਰ ਹਾਜ਼ਰ ਸਨ।