ਬਦਨੌਰ ਤੇ ਕੈਪਟਨ ਵਲੋਂ ਸਰਦਾਰ ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਸੈਂਟਰ ਲਈ ਸਿਧਾਂਤਕ ਪ੍ਰਵਾਨਗੀ
ਇਹ ਕੇਂਦਰ ਚੰਡੀਗੜ੍ਹ ਦੀ ਜ਼ਮੀਨ ’ਤੇ ਯਾਦਗਾਰ ਦੇ ਨਾਲ ਹੀ ਸਥਾਪਤ ਕੀਤਾ ਜਾਵੇਗਾ
ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨਾਲ ਮਿਲ ਕੇ ਚੰਡੀਗੜ੍ਹ ਦੇ ਸੈਕਟਰ 42 ਸਥਿਤ ਬੇਅੰਤ ਸਿੰਘ ਯਾਦਗਾਰ ਅਤੇ ਚੰਡੀਗੜ੍ਹ ਸੈਂਟਰ ਆਫ਼ ਪਰਫਾਰਮਿੰਗ ਐਂਡ ਵਿਯੂਅਲ ਆਰਟਸ ਦੇ ਮੌਜੂਦਾ ਸਥਾਨ ਉੱਪਰ ਇੰਡੀਆ ਇੰਟਰਨੈਸ਼ਨਲ ਸੈਂਟਰ (ਆਈ.ਆਈ.ਸੀ.) ਸਥਾਪਤ ਕਰਨ ਲਈ ਸਿਧਾਂਤਕ ਪ੍ਰਵਾਨਗੀ ਦੇ ਦਿਤੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੂੰ 1995 ਵਿਚ ਇਕ ਕਾਰ ਬੰਬ ਧਮਾਕੇ ਦੌਰਾਨ ਸ਼ਹੀਦ ਕਰ ਦਿਤਾ ਗਿਆ ਸੀ, ਦੇ ਪਰਿਵਾਰ ਨੂੰ ਇਸ ਪ੍ਰਸਤਾਵਿਤ ਸੈਂਟਰਾਂ ਬਾਰੇ ਕੋਈ ਵੀ ਇਤਰਾਜ਼ ਨਹੀਂ ਹੈ ਜੇ ਇਸ ਯਾਦਗਾਰ ਦੀ ਮਰਿਆਦਾ ਨੂੰ ਹਰ ਕੀਮਤ ’ਤੇ ਬਣਾਈ ਰੱਖਿਆ ਜਾਵੇ। ਇਹ ਪ੍ਰਸਤਾਵਿਤ ਸੈਂਟਰ ਦਿੱਲੀ ਦੇ ਆਈ.ਆਈ.ਸੀ. ਦੀ ਤਰਜ਼ ’ਤੇ ਵਿਕਸਿਤ ਕੀਤਾ ਜਾਵੇਗਾ।
ਇਸ ਨੂੰ ਸ. ਬੇਅੰਤ ਸਿੰਘ ਇੰਡੀਆ ਇੰਟਰਨੈਸ਼ਨਲ ਦਾ ਨਾਮ ਦਿਤਾ ਜਾਵੇਗਾ। ਇਸ ਪ੍ਰੋਜੈਕਟ ਨੂੰ ਪੰਜਾਬ ਸਰਕਾਰ ਅਤੇ ਯੂ.ਟੀ. ਪ੍ਰਸ਼ਾਸਨ ਵਲੋਂ ਬਰਾਬਰ ਹਿੱਸੇ ਦੀ ਲਾਗਤ ਨਾਲ ਉਸਾਰਿਆ ਜਾਵੇਗਾ। ਇਹ ਫ਼ੈਸਲਾ ਬੇਅੰਤ ਸਿੰਘ ਯਾਦਗਾਰ ਸੁਸਾਇਟੀ ਅਤੇ ਚੰਡੀਗੜ੍ਹ ਸੈਂਟਰ ਫਾਰ ਪ੍ਰਫ਼ਾਰਮਿੰਗ ਐਂਡ ਵਿਯੂਅਲ ਆਰਟਸ ਦੀ ਮੀਟਿੰਗ ਦੌਰਾਨ ਲਿਆ ਗਿਆ ਜਿਸ ਵਿਚ ਪੰਜਾਬ ਅਤੇ ਚੰਡੀਗੜ੍ਹ ਦੇ ਹੋਰ ਨੁਮਾਇੰਦਿਆਂ ਦੇ ਨਾਲ ਰਾਜਪਾਲ ਅਤੇ ਮੁੱਖ ਮੰਤਰੀ ਵੀ ਸ਼ਾਮਲ ਹੋਏ।
ਰਾਜਪਾਲ ਨੇ ਸੁਝਾਅ ਦਿਤਾ ਕਿ ਪ੍ਰਸਤਾਵਿਤ ਸੈਂਟਰ ਦੋਵਾਂ ਪੰਜਾਬ ਅਤੇ ਚੰਡੀਗੜ ਦੀ ਸਰਕਾਰ/ਪ੍ਰਸ਼ਾਸਨ ਤੋਂ ਆਜ਼ਾਦ ਹੋਵੇ। ਉਨ੍ਹਾਂ ਕਿਹਾ ਕਿ ਇਸ ਦੀ ਮੈਂਬਰਸ਼ਿਪ ਮੁਹਿੰਮ ਛੇਤੀ ਹੀ ਸ਼ੁਰੂ ਕੀਤੀ ਜਾਵੇਗੀ। ਚੰਡੀਗੜ੍ਹ ਇੰਡੀਆ ਇੰਟਰਨੈਸ਼ਨਲ ਸੈਂਟਰ, ਬੇਅੰਤ ਸਿੰਘ ਯਾਦਗਾਰ ਦੇ ਨਾਲ ਹੀ ਵਿਕਸਿਤ ਕਰਨ ਦਾ ਪ੍ਰਸਤਾਵ ਹੈ ਜਿਸ ਵਿਚ ਮੀਡੀਆ ਸੈਂਟਰ ਹੋਵੇਗਾ ਜਿਸ ਦਾ ਢਾਂਚਾ ਅਤੇ ਮੌਜੂਦਾ ਲਾਈਬ੍ਰੇਰੀ ਅਤੇ ਕਾਨਫਰੰਸ ਹਾਲ ਤਿਆਰ ਹੈ।
ਮੀਡੀਆ ਸੈਂਟਰ ਦੀ ਇਮਾਰਤ ਦਾ ਮੁੜ ਨਾਮਕਰਨ ਕੀਤਾ ਜਾਵੇਗਾ ਜਿਸ ਵਿਚ ਇਕ ਰੈਸਟੋਰੈਂਟ ਅਤੇ ਕੈਫੇਟੇਰੀਆ ਤੋਂ ਇਲਾਵਾ ਇਕ ਕਨਵੈਂਸ਼ਨ ਸੈਂਟਰ ਹੋਵੇਗਾ। ਇਹ ਪ੍ਰਸਤਾਵਿਤ ਮੈਮੋਰੀਅਲ-ਕਮ-ਇੰਟਰਨੈਸ਼ਨਲ ਸੈਂਟਰ ਦਾ ਹਿੱਸਾ ਹੋਣਗੇ। ਇਹ ਯਾਦਗਾਰ ਸਥਾਪਤ ਕਰਨ ਦਾ ਫ਼ੈਸਲਾ ਬੇਅੰਤ ਸਿੰਘ ਦੀ ਹੱਤਿਆ ਤੋਂ ਕੁਝ ਮਹੀਨੇ ਬਾਅਦ ਹੀ 1996 ਵਿਚ ਲਿਆ ਗਿਆ ਸੀ। ਇਸ ਨੂੰ ਸਵਰਗੀ ਬੇਅੰਤ ਸਿੰਘ ਦੀ ਯਾਦ ਵਿਚ ਵਿਕਸਿਤ ਕਰਨ ਦਾ ਫ਼ੈਸਲਾ ਕੀਤਾ ਸੀ।
ਜਦਕਿ ਲੀ ਕੋਰਬੁਜ਼ਰ ਦੀ ਨੀਤੀ ਦੇ ਅਨੁਸਾਰ ਚੰਡੀਗੜ੍ਹ ਦੇ ਜਨਤਕ ਖੇਤਰ ਵਿਚ ਕਿਸੇ ਮਹੱਤਵਪੂਰਨ ਸ਼ਖਸੀਅਤ ਦਾ ਕੋਈ ਵੀ ਬੁੱਤ ਸਥਾਪਤ ਨਾ ਕਰਨਾ ਸੀ ਪਰ ਇਸ ਦੇ ਬਾਵਜੂਦ ਸਰਦਾਰ ਬੇਅੰਤ ਸਿੰਘ ਯਾਦਗਾਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸੇ ਦੌਰਾਨ ਹੀ ਚੰਡੀਗੜ੍ਹ ਸੈਂਟਰ ਫਾਰ ਪਰਫਾਰਮਿੰਗ ਐਂਡ ਵੀਯੂਅਲ ਆਰਟਸ ਬਣਾਉਣ ਦੀ ਯੋਜਨਾ ਬਣਾਈ ਗਈ ਕਿਉਂਕਿ ਚੰਡੀਗੜ੍ਹ ਸ਼ਹਿਰ ਵਿਚ ਅਜਿਹੀ ਸੱਭਿਆਚਾਰਕ ਹੱਬ ਦੇ ਵਾਸਤੇ ਇਸ ਦੀ ਜ਼ਰੂਰਤ ਸੀ।
ਬੇਅੰਤ ਸਿੰਘ ਮੈਮੋਰੀਅਲ ਅਤੇ ਚੰਡੀਗੜ੍ਹ ਸੈਂਟਰ ਫਾਰ ਪਰਫਾਰਮਿੰਗ ਐਂਡ ਵਿਯੂਅਲ ਆਰਟਸ ਦੀ ਮੀਟਿੰਗ 12.10.1996 ਨੂੰ ਉਸ ਸਮੇਂ ਦੇ ਚੰਡੀਗੜ੍ਹ ਪ੍ਰਸ਼ਾਸਕ ਦੇ ਸਲਾਹਕਾਰ ਦੀ ਪ੍ਰਧਾਨਗੀ ਹੇਠ ਹੋਈ ਸੀ। ਇਸ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ ਸੀ ਕਿ ਦੋ ਸੁਸਾਇਟੀਆਂ (ਇਕ ਬੇਅੰਤ ਸਿੰਘ ਮੈਮੋਰੀਅਲ ਅਤੇ ਦੂਜੀ ਚੰਡੀਗੜ੍ਹ ਸੈਂਟਰ ਫਾਰ ਪਰਫਾਰਮਿੰਗ ਐਂਡ ਵਿਯੂਅਲ ਆਰਟਸ) ਦੀ ਥਾਂ ਇਕ ਹੀ ਸੁਸਾਇਟੀ ਬਣਾਈ ਜਾਵੇ ਕਿਉਂਕਿ ਸਰਦਾਰ ਬੇਅੰਤ ਸਿੰਘ ਪਰਫਾਰਮਿੰਗ ਐਂਡ ਵਿਯੂਅਲ ਆਰਟਸ ਦੇ ਮਹਾਨ ਸਰਪ੍ਰਸਤ ਸਨ।
ਇਸ ਦੇ ਅਨੁਸਾਰ ਇਕ ਸੁਸਾਇਟੀ ਸਰਦਾਰ ਬੇਅੰਤ ਸਿੰਘ ਮੈਮੋਰੀਅਲ ਐਂਡ ਚੰਡੀਗੜ੍ਹ ਸੈਂਟਰ ਫਾਰ ਪਰਫਾਰਮਿੰਗ ਐਂਡ ਵਿਯੂਅਲ ਆਰਟਸ ਸੁਸਾਇਟੀ 26.11.1996 ਨੂੰ ਰਜਿਸਟਰਡ ਕਰਵਾਈ ਗਈ। ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦੌਰਾਨ 18.55 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਗਈ ਹੈ। ਪੰਜਾਬ ਸਰਕਾਰ ਦਾ ਕੁਲ ਯੋਗਦਾਨ ਤਕਰੀਬਨ ਅੱਠ ਕਰੋੜ ਰੁਪਏ ਹੈ ਜਦਕਿ ਚੰਡੀਗੜ੍ਹ ਪ੍ਰਸ਼ਾਸਨ ਨੇ 12.69 ਕਰੋੜ ਦਾ ਯੋਗਦਾਨ ਪਾਇਆ ਹੈ।
ਮੀਟਿੰਗ ਵਿਚ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪਰਿਵਾਰ ਦੇ ਮੈਂਬਰ ਐਮ.ਪੀ. ਲੁਧਿਆਣਾ ਰਵਨੀਤ ਬਿੱਟੂ, ਵਿਧਾਇਕ ਖੰਨਾ ਗੁਰਕੀਰਤ ਸਿੰਘ ਕੋਟਲੀ ਅਤੇ ਤੇਜ ਪ੍ਰਕਾਸ਼ ਸਿੰਘ ਸ਼ਾਮਲ ਸਨ। ਉਨਾਂ ਤੋਂ ਇਲਾਵਾ ਇਸ ਮੀਟਿੰਗ ਵਿਚ ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਸਕੱਤਰ ਪੰਜਾਬ ਕਰਨ ਅਵਤਾਰ ਸਿੰਘ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਚੰਡੀਗੜ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰਿਦਾ,
ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕਿ੍ਰਪਾਲ ਸਿੰਘ, ਪ੍ਰਮੁੱਖ ਸਕੱਤਰ ਗ੍ਰਹਿ ਚੰਡੀਗੜ੍ਹ ਅਰੁਣ ਕੁਮਾਰ ਗੁਪਤਾ, ਵਿੱਤ ਸਕੱਤਰ ਚੰਡੀਗੜ੍ਹ ਪ੍ਰਸ਼ਾਸਨ ਅਜੋਏ ਸਿਨਹਾ, ਮੁੱਖ ਇੰਜੀਨੀਅਰ ਚੰਡੀਗੜ੍ਹ ਪ੍ਰਸ਼ਾਸਨ ਮੁਕੇਸ਼ ਆਨੰਦ, ਚੀਫ ਆਰਕੀਟੈਕਟ ਸ਼ਹਿਰੀ ਯੋਜਨਾਬੰਦੀ ਚੰਡੀਗੜ ਐਸ.ਕੇ ਸੇਤੀਆ, ਚੀਫ ਆਰਕੀਟੈਕਟ ਪੰਜਾਬ ਸਪਨਾ ਸ਼ਾਮਲ ਸਨ।