ਫਰੈਂਕਫਰਟ ਦੇ ਕਲੋਨ ਸ਼ਹਿਰ ’ਚ ਆਯੋਜਿਤ ਕੀਤਾ ਗਿਆ ਇੰਡੀਨ ਫੈਸਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

30 ਤੋਂ ਵੱਧ ਸੱਭਿਆਚਾਰਕ ਪੇਸ਼ਕਾਰੀਆਂ ਕੀਤੀ ਗਈਆਂ ਪ੍ਰਸਤੁਤ

Indien Fest organised in Cologne, Frankfurt

ਚੰਡੀਗੜ੍ਹ: ਆਪਸੀ ਸੱਭਿਆਚਾਰਕ ਸਾਂਝ ਵਧਾਉਣ ਹਿੱਤ ਸੱਭਿਆਚਾਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਦਿਆਂ ਭਾਰਤ ਦੇ ਕੰਸੁਲੇਟ ਜਨਰਲ ਵਲੋਂ ਫਰੈਂਕਫਰਟ ਦੇ ਇਤਿਹਾਸਕ ਸ਼ਹਿਰ ਕਲੋਨ ਵਿਖੇ 'ਇੰਡੀਅਨ ਫੈਸਟ' ਨਾਂ ਦੇ ਇਕ ਵਿਆਪਕ ਸੱਭਿਆਚਾਰਕ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇੰਡੀਅਨ ਐਸੋਸੀਏਸ਼ਨਾਂ ਅਤੇ ਕਲੋਨ ਸ਼ਹਿਰ ਦੀਆਂ ਅਥਾਰਟੀਆਂ ਵਲੋਂ ਆਪਸੀ ਸਹਿਯੋਗ ਨਾਲ ਆਯੋਜਿਤ ਕੀਤੇ ਗਏ ਇਸ ਵਿਸ਼ਾਲ ਇੰਡੀਅਨ ਫੈਸਟ ਨੇ ਵਿਦੇਸ਼ੀ ਸੈਲਾਨੀਆਂ, ਸਥਾਨਕ ਜਰਮਨਾਂ ਅਤੇ ਉੱਤਰੀ ਰਿਨੇ ਵੈਸਫੈਲੀਆ (ਐਨ.ਡਬਲਿਊ.ਆਰ) ਖੇਤਰ ਨਾਲ ਸਬੰਧਤ ਭਾਰਤੀ ਭਾਈਚਾਰੇ ਦੇ ਲੋਕਾਂ ਦਾ ਧਿਆਨ ਖਿੱਚਿਆ।

ਇਹ ਫੈਸਟ ਕਲੋਨ ਸ਼ਹਿਰ ਦੇ ਵਿੱਚੋਂ-ਵਿਚ ਸਥਿਤ ਪਲਾਟਜ਼ ਦੇ ਨਿਊਮਾਰਕਟਜ਼ ਵਿਚ ਆਯੋਜਿਤ ਕੀਤਾ ਗਿਆ, ਜਿੱਥੇ ਕਿ ਸੈਲਾਨੀਆਂ ਦੀ ਆਮਦ ਦੇ ਨਾਲ-ਨਾਲ ਭਾਰਤੀ ਸੰਗੀਤ ਅਤੇ ਫੂਡ ਸਟਾਲਾਂ ਵੀ ਖਿੱਚ ਦਾ ਕੇਂਦਰ ਰਹੀਆਂ। ਕਲੋਨ ਸ਼ਹਿਰ ਦੀ ਡਿਪਟੀ ਮੇਅਰ ਮਿਸ ਇਲਫੀ ਸਕੋ-ਐਂਟਵਰਪਸ ਨੇ ਮੁੱਖ ਮਹਿਮਾਨ ਵਜੋਂ ਇਸ ਫੈਸਟ ਦਾ ਰਸਮੀ ਉਦਘਾਟਨ ਕੀਤਾ। ਉਨ੍ਹਾਂ ਕਲੋਨ ਸ਼ਹਿਰ ’ਚ ਵਸਦੇ ਭਾਰਤੀ ਭਾਈਚਾਰੇ ਪ੍ਰਤੀ ਪ੍ਰਸੰਨਤਾ ਪ੍ਰਗਟਾਈ ਅਤੇ ਇਨ੍ਹਾਂ ਲੋਕਾਂ ਨੂੰ ਇਕੱਤਰ ਕਰਨ ਲਈ ਕੰਸੁਲੇਟ ਦੇ ਯਤਨਾਂ ਦੀ ਸ਼ਲਾਘਾ ਕੀਤੀ।

ਇਸ ਸਮਾਰੋਹ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਰੀਤੀ-ਰਿਵਾਜ਼ਾਂ ਨਾਲ ਸਬੰਧਤ ਨਾਚ ਅਤੇ ਸੰਗੀਤ ਦੀਆਂ 30 ਸੱਭਿਆਚਾਰਕ ਪੇਸ਼ਕਾਰੀਆਂ ਕੀਤੀਆਂ ਗਈਆਂ। ਬਾਲੀਵੁੱਡ ਧੁਨਾਂ ਤੇ ਕਲਾਸੀਕਲ ਨਾਚ ਦੀਆਂ ਪੇਸ਼ਕਾਰੀਆਂ ਨੇ ਵੱਡੀ ਗਿਣਤੀ ਵਿਚ ਲੋਕਾਂ ਨੂੰ ਝੂਮਣ ਲਾ ਦਿਤਾ। ਐਨ.ਆਰ.ਡਬਲਿਊ ਖੇਤਰ ਨਾਲ ਸਬੰਧਤ ਕਈ ਭਾਰਤੀ ਐਸੋਸੀਏਸ਼ਨਾਂ ਵਲੋਂ ਫੂਡ ਸਟਾਲਾਂ ਲਗਾਈਆਂ ਗਈਆਂ ਜਿੱਥੇ 250 ਤੋਂ ਵੱਧ ਕਿਸਮਾਂ ਦੇ ਸੁਆਦਲੇ ਭੋਜਨ ਪਦਾਰਥ ਉਪਲਬਧ ਸਨ। ਸੈਲਾਨੀਆਂ ਨੇ ਭਾਰਤ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਸੁਆਦਲੇ ਖਾਣਿਆਂ ਦਾ ਲੁਤਫ਼ ਉਠਾਇਆ।

ਇਸ ਦੌਰਾਨ ਪਹੁੰਚਣ ਵਾਲਿਆਂ ਦਾ ਭਾਰਤੀ ਰਸਮਾਂ ਮੁਤਾਬਕ ਤਿਲਕ ਲਗਾਕੇ ਅਤੇ ਸਥਾਨਕ ਮਿਠਾਈ ਖਵਾ ਕੇ ਸਵਾਗਤ ਕੀਤਾ ਗਿਆ। ਸਾੜੀ ਬੰਨਣ ਸਬੰਧੀ ਸੈਸ਼ਨ, ਮਹਿੰਦੀ ਦੀਆਂ ਸਟਾਲਾਂ ਅਤੇ ਤਾਜ ਮਹਿਲ ਪਰਦੇ ਵਾਲੇ ਫੋਟੋ ਬੂਥਾਂ ਨੇ ਸੈਲਾਨੀਆਂ ਦਾ ਦਿਲ ਟੁੰਬਿਆ। ਇਸ ਮੌਕੇ ਪ੍ਰਸਿੱਧ ਸੰਗੀਤਕ ਤਿਕੜੀ 'ਮਹਾਰਾਜ ਟ੍ਰਾਈਓ' ਨੇ ਸਰੋਦ, ਸਿਤਾਰ ਅਤੇ ਤਬਲੇ ਦੀ ਜੁਗਲਬੰਦੀ ਰਾਹੀਂ ਭਾਰਤੀ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਦਿਤੀ। ਉੱਤਰੀ ਭਾਰਤ ਦੇ ਵਾਰਾਨਸੀ ਨਾਲ ਸਬੰਧਤ ਸੰਗੀਤ ਘਰਾਣੇ ਦੇ ਪਿਤਾ ਤੇ ਦੋ ਪੁੱਤਰਾਂ ਦੀ ਇਸ ਤਿਕੜੀ ਨੇ ਲਗਭੱਗ 500 ਸਾਲ ਪੁਰਾਣੇ ਸੰਗੀਤ ਨੂੰ ਲੋਕਾਂ ਦੇ ਰੂਬਰੂ ਕੀਤਾ।

ਇਸ ਸਮਾਰੋਹ ਦੌਰਾਨ ਭਾਰਤੀ ਐਸੋਸੀਏਸ਼ਨਾਂ ਵਲੋਂ ਭਾਰਤ ਦੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਹੈਂਡੀਕ੍ਰਾਫਟਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ। ਕਲੋਨ ਸ਼ਹਿਰ ਵਿਚ ਵੱਡੇ ਪੱਧਰ 'ਤੇ ਪਹਿਲੀ ਵਾਰ ਆਯੋਜਿਤ ਕੀਤੇ 'ਇੰਡੀਅਨ ਫੈਸਟ' ਵਿਚ ਭਾਰਤ ਐਸੋਸੀਏਸ਼ਨਾਂ ਵਲੋਂ ਆਲੌਕਿਕ ਤਰੀਕੇ ਨਾਲ ਅਪਣੀ ਸੱਭਿਆਚਾਰਕ ਵਿਭਿੰਨਤਾਵਾਂ ਜ਼ਰੀਏ ਏਕਤਾ ਵਿਚ ਅਨੇਕਤਾ ਨੂੰ ਚਿਤਰਿਆ ਗਿਆ।