ਚੰਡੀਗੜ੍ਹ : ਪੰਜਾਬ, ਜੋ ਕਦੀ ਪੰਜ ਦਰਿਆਵਾਂ ਅਤੇ ਪਾਣੀ ਦੇ ਕੁਦਰਤੀ ਸੋਮਿਆਂ ਦਾ ਘਰ ਸੀ, ਹੁਣ ਖੁਸ਼ਕ ਮਾਰੂਥਲ ਬਣਨ ਵੱਲ ਵੱਧ ਰਿਹਾ ਹੈ। ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਖ਼ਤਮ ਹੋਣ ਦੀ ਕਗਾਰ 'ਤੇ ਹੈ। ਅਮਰੀਕੀ ਪੁਲਾੜ ਸੰਸਥਾ 'ਨਾਸਾ' ਨੇ ਪੰਜਾਬ ਵਿਚ ਪਾਣੀ ਦੇ ਡਿਗ ਰਹੇ ਪੱਧਰ ਨੂੰ ਵੇਖਦਿਆਂ ਪੇਸ਼ੀਨਗੋਈ ਕੀਤੀ ਸੀ ਕਿ ਆਉਣ ਵਾਲੇ 20-25 ਸਾਲਾਂ ਵਿਚ ਪੰਜਾਬ ਮਾਰੂਥਲ ਵਿਚ ਤਬਦੀਲ ਹੋ ਜਾਵੇਗਾ। ਅਜਿਹਾ ਹੀ ਪ੍ਰਗਾਟਾਵਾ ਕੇਂਦਰ ਸਰਕਾਰ ਦੀਆਂ ਰਿਪੋਰਟਾਂ 'ਚ ਵੀ ਹੋਇਆ ਹੈ।
ਰਿਪੋਰਟ ਮੁਤਾਬਕ ਪੰਜਾਬ ਦੇ 138 ਵਿਚੋਂ 116 ਬਲਾਕ ਡਾਰਕ ਜ਼ੋਨ 'ਚ ਪਹੁੰਚ ਚੁੱਕੇ ਹਨ। ਧਰਤੀ ਹੇਠਲੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਘੱਟ ਰਿਹਾ ਹੈ, ਜੋ ਤੀਜੀ ਤਹਿ ਤੱਕ ਪੁੱਜ ਚੁੱਕਾ ਹੈ। ਇਸ ਦਾ ਸੱਭ ਤੋਂ ਵੱਧ ਅਸਰ ਸੰਗਰੂਰ ਜ਼ਿਲ੍ਹੇ 'ਤੇ ਪਿਆ ਹੈ, ਜਿਥੇ ਸਾਰੇ 9 ਬਲਾਕ ਡਾਰਕ ਜ਼ੋਨ ਵਿਚ ਹਨ। ਜ਼ਿਲ੍ਹਾ ਬਰਨਾਲਾ ਦੇ ਤਿੰਨ ਬਲਾਕਾਂ ਵਿਚੋਂ ਬਰਨਾਲਾ ਅਤੇ ਮਹਿਲਕਲਾਂ ਪਹਿਲਾਂ ਹੀ ਡਾਰਕ ਜ਼ੋਨ 'ਚ ਹਨ, ਜਦੋਂਕਿ ਤੀਜਾ ਬਲਾਕ ਸ਼ਹਿਣਾ ਵੀ ਡਾਰਕ ਜ਼ੋਨ ਦੇ ਕਰੀਬ ਪੁੱਜ ਚੁੱਕਿਆ ਹੈ। ਪੰਜਾਬ ਦੇ ਤਿੰਨ ਜ਼ਿਲ੍ਹਿਆਂ ਫ਼ਰੀਦਕੋਟ, ਫ਼ਿਰੋਜ਼ਪੁਰ ਤੇ ਗੁਰਦਾਸਪੁਰ ਨੂੰ ਛੱਡ ਕੇ ਬਾਕੀ ਸਾਰਾ ਪੰਜਾਬ ਡਾਰਕ ਜ਼ੋਨ 'ਚ ਆ ਚੁੱਕਿਆ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਦੇ ਕੁੱਲ ਰਕਬੇ ਵਿਚੋਂ ਲਗਭਗ 42 ਲੱਖ 2 ਹਜ਼ਾਰ ਹੈਕਟੇਅਰ ਜ਼ਮੀਨ ਖੇਤੀਯੋਗ ਹੈ ਜਿਸ ਵਿਚੋਂ 41 ਲੱਖ 38 ਹਜ਼ਾਰ ਹੈਕਟੇਅਰ ਜ਼ਮੀਨ 'ਚ ਖੇਤੀ ਹੁੰਦੀ ਹੈ। ਕਿਸੇ ਸਮੇਂ ਪੰਜਾਬ 'ਚ ਖੇਤੀ 100 ਫ਼ੀ ਸਦੀ ਨਹਿਰੀ ਪਾਣੀ ਨਾਲ ਹੁੰਦੀ ਸੀ ਪਰ ਹੁਣ 78 ਫ਼ੀ ਸਦੀ ਖੇਤੀ ਟਿਊਬਵੈੱਲਾਂ 'ਤੇ ਨਿਰਭਰ ਹੋ ਗਈ ਹੈ। ਪੰਜਾਬ 'ਚ 40 ਫ਼ੀ ਸਦੀ ਨਹਿਰੀ ਪਾਣੀ ਖੇਤੀ ਲਈ ਨਹੀਂ ਵਰਤਿਆ ਜਾ ਰਿਹਾ, ਜਿਸ ਦਾ ਮੁੱਖ ਕਾਰਨ ਨਹਿਰੀ ਖਾਲ, ਰਜਵਾਹੇ ਤੇ ਨਹਿਰਾਂ ਦੀ ਹਾਲਤ ਤਰਸਯੋਗ ਹੋਣਾ ਹੈ ਜਿਸ ਕਰ ਕੇ ਖੇਤਾਂ ਵਿਚ ਨਹਿਰੀ ਪਾਣੀ ਲੱਗਣਾ ਬੰਦ ਹੋ ਗਿਆ ਹੈ।
ਰਾਜਸਥਾਨ ਦੇ ਜ਼ਿਲ੍ਹਾ ਗੰਗਾਨਗਰ 'ਚ ਪਹਿਲਾਂ ਧਰਤੀ ਹੇਠਲਾ ਪਾਣੀ ਕਰੀਬ 400-450 ਫੁੱਟ ਤੱਕ ਸੀ ਜੋ ਹੁਣ ਸਿਰਫ਼ 30-32 ਫੁੱਟ ਹੀ ਰਹਿ ਗਿਆ ਹੈ ਕਿਉਂਕਿ ਉਥੇ ਖੇਤੀ ਦੀ ਸਿੰਜਾਈ ਨਹਿਰੀ ਪਾਣੀ ਰਾਹੀਂ ਕੀਤੀ ਜਾਂਦੀ ਹੈ, ਟਿਊਬਵੈਲਾਂ ਰਾਹੀਂ ਨਹੀਂ। ਪੰਜਾਬ ਦੇ ਕਿਸਾਨ ਧਰਤੀ ਦਾ ਸੀਨਾ ਪਾੜ ਕੇ ਪਾਣੀ ਕੱਢਣ ਲਈ ਮਜਬੂਰ ਹਨ।