ਮੁੱਖ ਮੰਤਰੀ ਨੇ ਸੀ.ਬੀ.ਆਈ. ਕੋਲ ਕੇਸ ਲਟਕਾਉਣ ਲਈ ਦਿਤਾ : ਸਿੱਖ ਜਥੇਬੰਦੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਹਿਬਲ ਕਲਾਂ, ਬਰਗਾੜੀ, ਕੋਟਕਪੁਰਾ ਅਤੇ ਹੋਰ ਥਾਵਾਂ 'ਤੇ ਤਿੰਨ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਕ ਗ੍ਰੰਥਾਂ ਦੀ ਕੀਤੀ ਬੇਅਦਬੀ...............

Addressing the Press Conference Dr. Gurdarshan Singh Dhillon

ਚੰਡੀਗੜ੍ਹ  : ਬਹਿਬਲ ਕਲਾਂ, ਬਰਗਾੜੀ, ਕੋਟਕਪੁਰਾ ਅਤੇ ਹੋਰ ਥਾਵਾਂ 'ਤੇ ਤਿੰਨ ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਤੇ ਹੋਰ ਧਾਰਮਕ ਗ੍ਰੰਥਾਂ ਦੀ ਕੀਤੀ ਬੇਅਦਬੀ ਅਤੇ ਪੁਲਿਸ ਵਲੋਂ ਮਾਰੇ ਗਏ ਨਿਹੱਥੇ ਸਿੱਖਾਂ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰੀਪੋਰਟ 'ਤੇ ਸਖ਼ਤ ਐਕਸ਼ਨ ਨਾ ਲੈਣ ਅਤੇ ਮਾਮਲੇ ਨੂੰ ਸੀ.ਬੀ.ਆਈ. ਕੋਲ ਪਹੁੰਚਾਉਣ ਦੀ ਗੱਲ 'ਤੇ ਮੁੱਖ ਮੰਤਰੀ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਸਿੱਖ ਬੁੱਧੀਜੀਵੀਆਂ, ਵਿਦਵਾਨਾਂ, ਜਥੇਬੰਦੀਆਂ ਦੇ ਨੁਮਾਇੰਦਿਆਂ, ਇਤਿਹਾਸਕਾਰਾਂ ਤੇ ਸਿੱਖੀ ਨਾਲ ਜੁੜੇ ਪ੍ਰੋਫ਼ੈਸਰਾਂ ਤੇ ਪੱਤਰਕਾਰਾਂ ਨੇ ਅੱਜ ਸੈਕਟਰ-28 ਦੇ ਗੁਰੂ ਗ੍ਰੰਥ ਸਾਹਿਬ  ਭਵਨ 'ਚ ਇਸ ਮੁੱਦੇ 'ਤੇ ਡੁੰਘੀ ਵਿਚਾਰ-ਚਰਚਾ ਕੀਤੀ ਅਤੇ ਮੰਗ ਕੀਤੀ

ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਛੇਤੀ ਹੀ ਸਾਬਕਾ ਮੁੱਖ ਮੰਤਰੀ ਯਾਨੀ ਬਾਦਲਾਂ ਸਮੇਤ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਿਰੁਧ ਕਾਰਵਾਈ ਕਰਨੀ ਚਾਹੀਦੀ ਹੈ, ਜਿਨ੍ਹਾਂ 250 ਕਿਲੋਮੀਟਰ ਦੂਰ ਬੈਠ ਕੇ ਗੋਲੀ ਚਲਾਉਣ ਦਾ ਹੁਕਮ ਦਿਤਾ। ਬਾਅਦ 'ਚ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਇਤਿਹਾਸ ਦੇ ਪੰਜਾਬ ਯੂਨੀਵਰਸਟੀ 'ਚ ਮੁਖੀ ਰਹੇ ਡਾ. ਗੁਰਦਰਸ਼ਨ ਸਿੰਘ ਢਿਲੋਂ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਚੋਣਾਂ ਵੇਲੇ ਕੀਤੇ ਵਾਅਦੇ ਤੋਂ ਕਾਂਗਰਸੀ ਮੁੱਖ ਮੰਤਰੀ ਮੁਕਰ ਗਏ ਹਨ ਅਤੇ ਮੁੜ ਕੇ ਕੇਂਦਰ ਦੀ ਭਾਜਪਾ ਸਰਕਾਰ ਹੇਠ ਸੀ.ਬੀ.ਆਈ. ਕੋਲ ਕੇਸ ਦੇ ਕੇ ਸਿੱਖਾਂ ਨੂੰ ਨਾਰਾਜ਼ ਕਰ ਲਿਆ ਹੈ

ਅਤੇ ਜ਼ਿੰਮੇਵਾਰੀ ਤੋਂ ਭੱਜ ਗਏ ਹਨ। ਸ. ਢਿਲੋਂ ਨੇ ਕਿਹਾ ਕਿ ਰੀਪੋਰਟ 'ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਸ ਵੇਲੇ ਦੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੇ ਫ਼ਰੀਦਕੋਟ ਜ਼ਿਲ੍ਹੇ ਦੀ ਪੁਲਿਸ ਨੂੰ ਗੋਲੀ ਚਲਾਉਣ ਦੇ ਹੁਕਮ ਦਿਤੇ। ਮੁੱਖ ਮੰਤਰੀ ਵਲੋਂ ਐਕਸ਼ਨ ਨੂੰ ਲਮਲੇਟ ਕਰਨਾ ਸਿੱਖ ਕੌਮ ਲਈ ਦੁਖਦਾਈ ਕਰਾਰ ਦਿੰਦੇ ਹੋਏ ਸਾਬਕਾ ਆਈ.ਏ.ਐਸ. ਗੁਰਤੇਜ ਸਿੰਘ, ਕੇਂਦਰੀ ਗੁਰੂ ਸਿੰਘ ਸਭਾ ਦੇ ਬੁਲਾਰੇ ਗੁਰਪ੍ਰੀਤ ਸਿੰਘ, ਖ਼ਾਲਸਾ ਪੰਚਾਇਤ ਦੇ ਰਾਜਿੰਦਰ ਸਿੰਘ ਖ਼ਾਲਸਾ,

ਪੱਤਰਕਾਰ ਜਸਪਾਲ ਸਿੰਘ, ਪ੍ਰੋ. ਕੁਲਬੀਰ ਸਿੰਘ, ਖੁਸ਼ਹਾਲ ਸਿੰਘ ਨੇ ਕਿਹਾ ਕਿ ਦੇਸ਼-ਵਿਦੇਸ਼ ਦੇ ਸਿੱਖਾਂ ਨੂੰ ਹੁਣ ਇਉਂ ਲੱਗ ਰਿਹਾ ਹੈ ਕਿ ਨਵੰਬਰ 84 ਦੇ ਕਤਲੇਆਮ ਵਾਂਗ ਬੇਅਦਬੀ ਦੀਆਂ ਘਟਨਾਵਾਂ 'ਚ ਵੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲੇਗਾ, ਕਿਉਂਕਿ ਕਾਂਗਰਸ ਸਰਕਾਰ ਨੇ ਵੀ ਬੇਅਦਬੀ ਕੇਸ ਦਾ ਕੁੱਝ ਹਿੱਸਾ ਸੀ.ਬੀ.ਆਈ. ਦੇ ਹਵਾਲੇ ਕਰ ਦਿਤਾ।