ਨਿਰਾਸ਼ ਹੋਏ ਕਿਸਾਨਾਂ ਲਈ ਰਾਹ ਦਸੇਰਾ ਸਾਬਤ ਹੋ ਰਿਹੈ ਸੁਖਵਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖੇਤੀਬਾੜੀ, ਸਹਾਇਕ ਧੰਦੇ

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਲਾਕ ਮਾਜਰੀ ਦੇ ਪਿੰਡ ਸ਼ਾਹਪੁਰ ਦਾ ਕਿਸਾਨ ਸੁਖਵਿੰਦਰ ਸਿੰਘ ਕੰਟਰੈਕਟ ਫ਼ਾਰਮਿੰਗ ਅਤੇ ਖੇਤੀ ਵਿਭਿੰਨਤਾ ਅਪਣਾ ਕੇ............

Sukhwinder Singh

ਐਸ.ਏ.ਐਸ. ਨਗਰ : ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਬਲਾਕ ਮਾਜਰੀ ਦੇ ਪਿੰਡ ਸ਼ਾਹਪੁਰ ਦਾ ਕਿਸਾਨ ਸੁਖਵਿੰਦਰ ਸਿੰਘ ਕੰਟਰੈਕਟ ਫ਼ਾਰਮਿੰਗ ਅਤੇ ਖੇਤੀ ਵਿਭਿੰਨਤਾ ਅਪਣਾ ਕੇ ਜਿਥੇ ਖ਼ੁਦ ਇਕ ਸਫ਼ਲ ਕਿਸਾਨ ਬਣਿਆ ਹੈ, ਉਥੇ ਉਹ ਰਵਾਇਤੀ ਫ਼ਸਲਾਂ ਦੀ ਕਾਸ਼ਤ ਕਰ ਕੇ ਨਿਰਾਸ਼ਾ ਦੇ ਆਲਮ ਵਿਚ ਡੁੱਬੇ ਕਿਸਾਨਾਂ ਲਈ ਰਾਹ ਦਸੇਰਾ ਵੀ ਸਾਬਤ ਹੋ ਰਿਹਾ ਹੈ। ਖੇਤੀਬਾੜੀ ਦੇ ਖੇਤਰ ਵਿਚ ਮੱਲਾਂ ਮਾਰਨ ਵਾਲਾ ਇਹ ਕਿਸਾਨ ਸਮਾਜ ਸੁਧਾਰ ਦੇ ਕੰਮਾਂ ਵਿਚ ਵੀ ਵਧ-ਚੜ੍ਹ•ਕੇ ਹਿੱਸਾ ਪਾ ਰਿਹਾ ਹੈ। ਇਹ ਅਗਾਂਹਵਧੂ ਕਿਸਾਨ ਗਿਆਰਾਂ ਏਕੜ ਜ਼ਮੀਨ ਵਿਚ ਵੱਖ-ਵੱਖ ਸਬਜ਼ੀਆਂ ਦੀ ਪਨੀਰੀ ਦੀ ਕਾਸ਼ਤ ਕਰ ਕੇ ਚੰਗਾ ਮੁਨਾਫ਼ਾ ਹੀ ਨਹੀਂ

ਕਮਾ ਰਿਹਾ ਸਗੋਂ ਖੇਤੀ ਵਿਭਿੰਨਤਾ ਨੂੰ ਵੀ ਉਤਸ਼ਾਹਤ ਕਰ ਰਿਹਾ ਹੈ। ਉਸ ਨੇ ਸਾਲ 2004-05 ਵਿਚ ਕੰਟਰੈਕਟ ਫ਼ਾਰਮਿੰਗ ਸ਼ੁਰੂ ਕੀਤੀ। ਜਿਸ ਤਹਿਤ ਇਸ ਕਿਸਾਨ ਵਲੋਂ ਬਰੌਕਲੀ, ਸਿਮਲਾ ਮਿਰਚ, ਪਿਆਜ ਅਤੇ ਬੰਦ ਗੋਭੀ ਦੀ ਪਨੀਰੀ ਤਿਆਰ ਕੀਤੀ ਜਾਂਦੀ ਹੈ ਅਤੇ ਬਹੁਕੌਮੀ ਕੰਪਨੀਆਂ ਨਾਲ ਤਾਲਮੇਲ ਕਰ ਕੇ ਸਬਜ਼ੀਆਂ ਦੀ ਪਨੀਰੀ ਦੇ ਮੰਡੀਕਰਨ ਦਾ ਸੁਚੱਜਾ ਪ੍ਰਬੰਧ ਕੀਤਾ ਹੋਇਆ ਹੈ। ਪੈਗਰੋਨ ਫੂਡ ਅਤੇ ਪੈਗਰੋ ਫਰੋਜਨ ਨਾਮ ਦੀ ਕੰਪਨੀ ਕਿਸਾਨ ਨੂੰ ਬੀਜ ਮੁਹੱਈਆ ਕਰਵਾਉਂਦੀ ਹੈ। ਜਦੋਂ ਸਬਜ਼ੀ ਦੀ ਪਨੀਰੀ ਤਿਆਰ ਹੋ ਜਾਂਦੀ ਹੈ ਤਾਂ ਇਹ ਪਨੀਰੀ ਕਿਸਾਨ ਵਲੋਂ ਸਿੱਧੀ ਕੰਪਨੀ ਨੂੰ ਵੇਚੀ ਜਾਂਦੀ ਹੈ। 

ਸੁਖਵਿੰਦਰ 9 ਏਕੜ ਜਮੀਨ ਵਿਚ ਸਬਜੀਆਂ ਦੀ ਪਨੀਰੀ ਰੋਟੇਸ਼ਨ ਨਾਲ ਬੀਜਦਾ ਹੈ ਅਤੇ ਬਾਕੀ ਜਮੀਨ ਵਿਚ ਘਰ ਲਈ ਕਣਕ ਅਤੇ ਮੱਕੀ ਦੀ ਕਾਸ਼ਤ ਵੀ ਕੀਤੀ ਜਾਂਦੀ ਹੈ। ਸਾਰੇ ਖੇਤਾਂ ਵਿਚ ਤੁਪਕਾ ਸਿੰਚਾਈ ਪ੍ਰਣਾਲੀ ਲਗਾਈ ਹੋਈ ਹੈ ਜੋ ਕਿ ਸਿੰਚਾਈ ਵਿਭਾਗ ਤੋਂ 80 ਫ਼ੀ ਸਦੀ ਸਬਸਿਡੀ 'ਤੇ ਲਗਵਾਈ ਗਈ ਸੀ। ਉਸ ਦਾ ਕਹਿਣਾ ਹੈ ਕਿ ਉਸ ਦੀ ਕਾਮਯਾਬੀ ਵਿਚ ਖੇਤੀਬਾੜੀ ਵਿਭਾਗ ਦਾ ਬਹੁਤ ਵੱਡਾ ਯੋਗਦਾਨ ਹੈ ।

ਇਸ ਸਮੇਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਦਸਿਆ ਕਿ ਖੇਤੀਬਾੜੀ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਖੇਤੀਬਾੜੀ ਸਬੰਧੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਲੈਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ ਨਗਰ ਦੀ ਚੌਥੀ ਮੰਜ਼ਿਲ ਸਥਿਤ ਵਿਭਾਗ ਦੇ ਦਫ਼ਤਰ ਵਿਖੇ ਸੰਪਰਕ ਕੀਤਾ  ਜਾ ਸਕਦਾ ਹੈ।