ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡਾਂ 'ਚ ਹੜ੍ਹ ਵਰਗੇ ਹਲਾਤ
ਦਰਿਆ ਸਤਲੁਜ ਦੇ ਬੰਨ ਤੋਂ ਲੰਘ ਰਹੇ ਪਾਣੀ ਦਾ ਜਾਇਜ਼ਾ ਲੈਣ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਗੁਰਜੀਤ ਸਿੰਘ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ
ਸ੍ਰੀ ਅਨੰਦਪੁਰ ਸਾਹਿਬ(ਭਗਵੰਤ ਸਿੰਘ ਮਟੌਰ)- ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਅੱਜ ਸਤਲੁਜ ਦਰਿਆ 'ਚ ਭਾਰੀ ਮਾਤਰਾ 'ਚ ਆਏ ਬਰਸਾਤੀ ਪਾਣੀ ਨੇ ਹੇਠਲੇ ਇਲਾਕਿਆਂ ਅੰਦਰ ਤਬਾਹੀ ਮਚਾ ਦਿੱਤੀ ਹੈ। ਸਬ ਡਵੀਜ਼ਨ ਸ੍ਰੀ ਅਨੰਦਪੁਰ ਸਾਹਿਬ ਦੇ ਨੇੜਲੇ ਪਿੰਡ ਲੋਦੀਪੁਰ ਵਿਖੇ ਦਰਿਆ ਸਤਲੁਜ ਨਾਲ ਮਿਲੇ ਸਵਾ ਨਦੀ ਦੇ ਪਾਣੀ ਨੇ ਪਿੰਡ ਦੀ ਦੌਲਾ ਬਸਤੀ ਕੋਲ ਲਗਾਏ ਕਰੇਟਵਾਲ ਦੇ ਉਪਰ ਦੀ ਲੰਘੇ ਪਾਣੀ ਨੇ ਸਬ ਡਵੀਜ਼ਨ ਦੇ ਪਿੰਡ ਹਰੀਵਾਲ, ਬੱਲੋਵਾਲ, ਮਹਿੰਦਲੀ ਕਲਾਂ, ਗੱਜਪੁਰ, ਲੋਦੀਪੁਰ, ਬੁਰਜ, ਚੰਦਪੁਰ ਬੇਲਾ, ਨਿੱਕੂਵਾਲ, ਮਟੌਰ ਆਦਿ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ।
ਜਿਸ ਨਾਲ ਉਕਤ ਪਿੰਡਾਂ ਦੇ ਵਸਨੀਕਾਂ 'ਚ ਹਫੜਾ ਦਫੜੀ ਮੱਚ ਗਈ। ਵੱਡੀ ਮਾਤਰਾ 'ਚ ਆ ਰਹੇ ਪਾਣੀ ਨੇ ਉਕਤ ਪਿੰਡਾਂ 'ਚ ਝੋਨੇ, ਮੱਕੀ ਅਤੇ ਪਸ਼ੂਆਂ ਦੇ ਚਾਰੇ ਆਦਿ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਹੈ। ਦਸਣਯੋਗ ਹੈ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਵਰਖਾ ਕਾਰਨ ਅੱਜ ਸਵਾ ਨਦੀ 'ਚ ਕਰੀਬ 50,000 ਕਿਊਸਿਕ ਬਰਸਾਤੀ ਪਾਣੀ ਆਉਣ ਨਾਲ ਦਰਿਆ ਸਤਲੁਜ ਦੇ ਨੇੜਲੇ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਭਾਰੀ ਮਾਤਰਾਂ 'ਚ ਆਏ ਪਾਣੀ ਦੀ ਸੂਚਨਾ ਮਿਲਦੇ ਸਾਰ ਸਥਾਨਕ ਪ੍ਰਸ਼ਾਸ਼ਨ ਵੀ ਹਰਕਤ ਵਿਚ ਆ ਗਿਆ।
ਦਰਿਆ ਸਤਲੁਜ ਦੇ ਬੰਨ ਤੋਂ ਲੰਘ ਰਹੇ ਪਾਣੀ ਦਾ ਜਾਇਜ਼ਾ ਲੈਣ ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ ਗੁਰਜੀਤ ਸਿੰਘ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਉਹਨਾਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਅਤੇ ਸਖ਼ਤ ਕਦਮ ਚੁੱਕਣ ਦਾ ਭਰੋਸਾ ਦਿੱਤਾ। ਪਿੰਡ ਵਾਸੀਆ ਵਿਚ ਹਰਦੀਪ ਸਿੰਘ ਬਵਲੀ, ਅਵਤਾਰ ਸਿੰਘ, ਭਜਨ ਸਿੰਘ, ਜੋਗਾ ਸਿੰਘ, ਸੁਖਦੇਵ ਸਿੰਘ ਆਦਿ ਨੇ ਕਿਹਾ ਕਿ ਜਿਲਾ ਪ੍ਰਸਾਸ਼ਨ ਵਲੋ ਪਿੰਡ ਲੋਦੀਪੁਰ ਲਾਗੇ ਬਣਾਏ ਬੰਨ ਦੀ ਸਾਂਭ ਸੰਭਾਲ ਲਈ ਢੁਕਵੇ ਕਦਮ ਚੁੱਕੇ ਜਾਣੇ ਚਾਹੀਦੇ ਸਨ ਪਰ ਗਰਮੀਆਂ ਦੇ ਮੌਸਮ ਵਿਚ ਇਸ ਦੀ ਮੁਰੰਮਤ ਲਈ ਕੁਝ ਨਹੀ ਕੀਤਾ ਗਿਆ, ਜਿਸ ਕਾਰਨ ਅੱਧੀ ਦਰਜਨ ਦੇ ਕਰੀਬ ਪਿੰਡ ਹੜਾ ਦੀ ਲਪੇਟ ਵਿਚ ਆ ਗਏ ਹਨ। ਉਹਨਾਂ ਨਾਲ ਹੀ ਮੰਗ ਕੀਤੀ ਕਿ ਲੋਦੀਪੁਰ ਬੰਨ ਦੀ ਸਮੱਸਿਆ ਦਾ ਪੱਕਾ ਹੱਲ ਕੱਢਿਆ ਜਾਵੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।