ਟਿਕ-ਟਾਕ ਸਟਾਰ ਨੂਰ ਤੇ ਉਸ ਦੇ ਪਿਤਾ ਨੂੰ ਹੋਇਆ ਕੋਰੋਨਾ ਵਾਇਰਸ
ਪੰਜਾਬ ਦੀ ਮਸ਼ਹੂਰ ਟਿਕ-ਟਾਕ ਸਟਾਰ ਨੂਰ ਅਤੇ ਉਸ ਦੇ ਪਿਤਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ।
ਚੰਡੀਗੜ੍ਹ: ਪੰਜਾਬ ਦੀ ਮਸ਼ਹੂਰ ਟਿਕ-ਟਾਕ ਸਟਾਰ ਨੂਰ ਅਤੇ ਉਸ ਦੇ ਪਿਤਾ ਦੀ ਕੋਰੋਨਾ ਵਾਇਰਸ ਰਿਪੋਰਟ ਪਾਜ਼ੇਟਿਵ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਨੂਰ ਨੇ 3 ਅਗਸਤ ਦਿਨ ਸੋਮਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰੱਖਣੀ ਬੰਨ੍ਹਣ ਜਾਣਾ ਸੀ, ਜਿਸ ਤੋਂ ਪਹਿਲਾਂ ਉਸ ਦਾ ਕੋਰੋਨਾ ਵਾਇਰਸ ਟੈਸਟ ਹੋਇਆ ਸੀ। ਜਿਸ ਵਿਚ ਉਸ ਨੂੰ ਅਤੇ ਉਸ ਦੇ ਪਿਤਾ ਨੂੰ ਕੋਰੋਨਾ ਵਾਇਰਸ ਪਾਜ਼ੇਟਿਵ ਪਾਇਆ ਗਿਆ ਹੈ।
ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀ ਨੂਰ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਖ਼ਬਰ ਦੀ ਪੁਸ਼ਟੀ ਮੋਗਾ ਸਿਵਲ ਸਰਜਨ ਅਮਰਪ੍ਰੀਤ ਕੌਰ ਬਾਜਵਾ ਨੇ ਕੀਤੀ ਹੈ। ਦੱਸ ਦਈਏ ਕਿ ਮੋਗਾ ਜ਼ਿਲੇ ਦੇ ਪਿੰਡ ਭਿੰਡਰ ਕਲਾਂ ਦੀ ਰਹਿਣ ਵਾਲੀ ਨੂਰਪ੍ਰੀਤ ਕੌਰ ਲੌਕਡਾਊਨ ਦੌਰਾਨ ਅਪਣੀਆਂ ਟਿਕ-ਟਾਕ ਵੀਡੀਓਜ਼ ਨੂੰ ਲੈ ਕੇ ਕਾਫੀ ਚਰਚਾ ਵਿਚ ਆਈ ਸੀ।
ਇਸ ਦੌਰਾਨ ਨੂਰਪ੍ਰੀਤ ਕੌਰ ਨੇ ਅਪਣੀਆਂ ਵੀਡੀਓਜ਼ ਜ਼ਰੀਏ ਲੋਕਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਨ ਲਈ ਸਾਵਧਾਨੀਆਂ ਵਰਤਣ ਲਈ ਵੀ ਅਪੀਲ ਕੀਤੀ। ਟਿਕ-ਟਾਕ ਸਟਾਰ ਨੂਰ ਨੇ ਟਿਕਟਾਕ 'ਤੇ ਕਈ ਤਰ੍ਹਾਂ ਦੇ ਵੀਡੀਓ ਬਣਾਏ ਸਨ, ਜਿਸ ਦੇ ਜ਼ਰੀਏ ਉਸ ਨੇ ਲੋਕਾਂ ਨੂੰ ਕਰਫਿਊ ਜਾਂ ਲੌਕਡਾਊਨ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਸੀ।
ਪੰਜਾਬ ਵਿਚ ਕੋਰੋਨਾ ਵਾਇਰਸ
ਅਗੱਸਤ ਮਹੀਨੇ ਦੇ ਸ਼ੁਰੂ ਵਿਚ ਹੀ ਪੰਜਾਬ ਵਿਚ ਕੋਰੋਨਾ ਦੀ ਰਫ਼ਤਾਰ ਵਿਚ ਤੇਜ਼ੀ ਆਈ ਹੈ। ਮਹੀਨੇ ਦੇ ਦੂਜੇ ਦਿਨ ਐਤਵਾਰ ਨੂੰ ਵੀ 800 ਨਵੇਂ ਪਾਜ਼ੇਟਿਵ ਮਾਮਲੇ ਆਏ ਅਤੇ 18 ਮੌਤਾਂ ਹੋਈਆਂ ਹਨ।
ਅਗੱਸਤ ਦੇ ਪਹਿਲੇ ਹੀ ਦਿਨ ਅੰਕੜਿਆਂ ਵਿਚ ਉਛਾਲ ਆਇਆ ਸੀ ਅਤੇ 1000 ਪਾਜ਼ੇਟਿਵ ਮਾਮਲੇ ਆਏ ਸਨ ਤੇ 16 ਮੌਤਾਂ ਹੋਈਆਂ ਸਨ।
ਇਸ ਤਰ੍ਹਾਂ ਅਗੱਸਤ ਮਹੀਨੇ ਦੇ ਪਹਿਲੇ 48 ਘੰਟਿਆਂ ਦੌਰਾਨ ਹੀ 1800 ਪਾਜ਼ੇਟਿਵ ਮਾਮਲੇ ਆ ਗਏ ਅਤੇ 34 ਮੌਤਾਂ ਹੋ ਗਈਆਂ ਹਨ। ਇਸ ਤਰ੍ਹਾਂ ਹੁਣ ਸੂਬੇ ਵਿਚ ਪਾਜ਼ੇਟਿਵ ਕੇਸਾਂ ਦਾ ਕੁਲ ਅੰਕੜਾ 17,850 ਤੋਂ ਪਾਰ ਹੋ ਚੁੱਕਾ ਹੈ। ਇਨ੍ਹਾਂ ਵਿਚੋਂ 1466 ਮਰੀਜ਼ ਅੱਜ ਤਕ ਠੀਕ ਵੀ ਹੋਏ ਹਨ। ਇਸ ਸਮੇਂ ਇਲਾਜ ਅਧੀਨ 5964 ਮਰੀਜ਼ਾਂ ਵਿਚੋਂ 157 ਦੀ ਹਾਲਤ ਗੰਭੀਰ ਬਣੀ ਹੋਈ ਹੈ।