ਸ੍ਰੀ ਦਰਬਾਰ ਸਾਹਿਬ ਦੀਆਂ ਸਰਾਵਾਂ 'ਤੇ GST ਲਗਾਉਣ ਦਾ ਮਾਮਲਾ : ਕੇਂਦਰ ਸਰਕਾਰ ਵਿਰੁੱਧ 'ਆਪ' ਦਾ ਰੋਸ ਪ੍ਰਦਰਸ਼ਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ-  ਧਾਰਮਿਕ ਸਥਾਨਾਂ ਦੀਆਂ ਸਰਾਵਾਂ 'ਤੇ GST ਲਗਾ ਕੇ ਰਾਜਨੀਤੀ ਨੂੰ ਧਰਮ ਨਾਲ ਜੋੜਨ ਦੀ ਕੀਤੀ ਕੋਸ਼ਿਸ਼

AAP Protest

ਆਮ ਆਦਮੀ ਪਾਰਟੀ ਨੇ ਅੰਮ੍ਰਿਤਸਰ ਦੇ ਸਥਾਨਕ ਭੰਡਾਰੀ ਪੁਲ ਦੇ ਉੱਪਰ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਕੀਤਾ ਰੋਸ ਪ੍ਰਦਰਸ਼ਨ 
ਅੰਮ੍ਰਿਤਸਰ : ਆਮ ਆਦਮੀ ਪਾਰਟੀ ਵੱਲੋਂ ਅੱਜ ਅੰਮ੍ਰਿਤਸਰ ਦੇ ਸਥਾਨਕ ਭੰਡਾਰੀ ਪੁਲ ਦੇ ਉੱਪਰ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ 'ਤੇ ਸੈਂਕੜੇ ਦੀ ਗਿਣਤੀ ਵਿੱਚ ਜਮ੍ਹਾਂ ਹੋਏ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਸੀਨੀਅਰ ਆਗੂਆਂ ਨੇ ਕੇਂਦਰ ਸਰਕਾਰ ਦੇ ਉਸ ਫ਼ੈਸਲੇ ਦਾ ਵਿਰੋਧ ਕੀਤਾ ਜਿਸ ਵਿੱਚ ਉਨ੍ਹਾਂ ਨੇ ਧਾਰਮਿਕ ਸਥਾਨਾਂ ਦੀਆਂ ਸਰਾਵਾਂ ਦੇ ਉੱਪਰ ਜੀਐੱਸਟੀ ਲਗਾ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੀਆਂ ਸਰਾਵਾਂ ਉਤੇ ਕੇਂਦਰ ਸਰਕਾਰ ਨੇ ਜੀਐੱਸਟੀ ਲਗਾ ਕੇ ਰਾਜਨੀਤੀ ਨੂੰ ਧਰਮ ਨਾਲ ਜੁੜਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਬਰਦਾਸ਼ਤ ਤੋਂ ਬਾਹਰ ਹੈ। ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਨੇ ਕਿਹਾ ਕਿ ਦੂਰੋਂ ਦੁਰਾਡਿਉਂ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਵਿੱਚ ਹਰ ਰੋਜ਼ ਸ਼ਰਧਾਲੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਦੁਰਗਿਆਣਾ ਤੀਰਥ ਨਤਮਸਤਕ ਹੋਣ ਲਈ ਆਉਂਦੇ ਹਨ

ਅਤੇ ਰਾਤ ਬਿਤਾਉਣ ਲਈ ਇਨ੍ਹਾਂ ਸਰਾਵਾਂ ਦਾ ਆਸਰਾ ਲੈਂਦੇ ਹਨ,ਪਰ ਕੇਂਦਰ ਸਰਕਾਰ ਨੇ ਇਨ੍ਹਾਂ ਸਰਾਵਾਂ ਦੇ ਉੱਪਰ ਜੀਐੱਸਟੀ ਲਗਾ ਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਹੈ।

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਆਪਣੇ ਇਸ ਫ਼ੈਸਲੇ ਨੂੰ ਵਾਪਸ ਲਵੇ ਨਹੀਂ ਤਾਂ ਕੇਂਦਰ ਸਰਕਾਰ ਦੇ ਖ਼ਿਲਾਫ਼ ਇਹ ਪ੍ਰਦਰਸ਼ਨ ਹੋਰ ਵੀ ਤੇਜ਼ ਕਰ ਦਿੱਤੇ ਜਾਣਗੇ।