ਰਾਘਵ ਚੱਢਾ ਨੇ ਰਾਜ ਸਭਾ 'ਚ ਚੁੱਕਿਆ ਸਰਾਵਾਂ 'ਤੇ GST ਲਗਾਉਣ ਦਾ ਮੁੱਦਾ, ਕਿਹਾ- ਪ੍ਰਮਾਤਮਾ ਕੇਂਦਰ ਨੂੰ ਬੁੱਧੀ ਬਖ਼ਸ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਹਾ- ਭਾਜਪਾ ਨੇ ਔਰੰਗਜ਼ੇਬ ਦੇ ਜਜ਼ੀਆ ਟੈਕਸ ਨੂੰ ਵਾਪਸ ਲਿਆਉਣ ਦਾ ਕੰਮ ਕੀਤਾ

Raghav Chadha

 

ਨਵੀਂ ਦਿੱਲੀ: ਸੰਸਦ ਮੈਂਬਰ ਰਾਘਵ ਚੱਢਾ ਨੇ ਰਾਜ ਸਭਾ 'ਚ ਸਰਾਵਾਂ 'ਤੇ 12% ਜੀਐਸਟੀ ਲਗਾਉਣ ਦਾ ਮੁੱਦਾ ਚੁੱਕਿਆ ਹੈ। ਉਹਨਾਂ ਕਿਹਾ, “ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਵਿੱਤਰ ਸਰਾਵਾਂ ’ਤੇ ਜੀਐਸਟੀ ਲਗਾ ਕੇ ਭਾਜਪਾ ਸਰਕਾਰ ਨੇ ਔਰੰਗਜ਼ੇਬ ਦੇ ਜਜ਼ੀਆ ਟੈਕਸ ਦੀ ਬਰਾਬਰੀ ਕੀਤੀ ਹੈ। ਸ਼ਰਧਾ ਉੱਤੇ ਵੀ ਟੈਕਸ ਲਗੇਗਾ, ਇਹ ਕਦੀ ਵੀ ਕਿਸੇ ਨੇ ਨਹੀਂ ਸੋਚਿਆ ਸੀ। ਪ੍ਰਮਾਤਮਾ ਕੇਂਦਰ ਸਰਕਾਰ ਨੂੰ ਬੁੱਧੀ ਬਖਸ਼ੇ ਅਤੇ ਸਾਨੂੰ ਇਸ ਜ਼ੁਲਮ ਖਿਲਾਫ਼ ਆਵਾਜ਼ ਬੁਲੰਦ ਕਰਨ ਦਾ ਬਲ ਬਖਸ਼ੇ।

Raghav Chadha

ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਘਵ ਚੱਢਾ ਨੇ ਕਿਹਾ ਕਿ ਪੁਰਾਣੀਆਂ ਸਰਕਾਰਾਂ ਨੇ ਰੁਪਏ ਨੂੰ ਸੀਨੀਅਰ ਸਿਟੀਜ਼ਨ ਬਣਾਇਆ ਸੀ, ਭਾਜਪਾ ਸਰਕਾਰ ਨੇ ਇਸ ਨੂੰ 80 ਪਾਰ ਕਰਕੇ ਮਾਰਗਦਰਸ਼ਕ ਮੰਡਲ ਨੂੰ ਭੇਜ ਦਿੱਤਾ ਹੈ। ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਨੇ ਕਿਹਾ ਕਿ ਫਿਲਮ ''ਪਿਪਲੀ ਲਾਈਵ'' ਦਾ ਇਕ ਗੀਤ ਅੱਜ ਸਾਰਥਕ ਸਾਬਤ ਹੋ ਰਿਹਾ ਹੈ।

 

ਉਹਨਾਂ ਕਿਹਾ ਕਿ ਦੇਸ਼ ਦੇ ਕਿਸਾਨ ਮਹਿੰਗਾਈ ਦੀ ਸਭ ਤੋਂ ਵੱਧ ਮਾਰ ਝੱਲ ਰਹੇ ਹਨ ਕਿਉਂਕਿ ਉਹਨਾਂ ਦੇ ਉਤਪਾਦਨ ਖਰਚੇ ਵਿਚ ਵਾਧਾ ਹੋਇਆ ਹੈ ਜਦਕਿ ਉਹਨਾਂ ਦੀ ਆਮਦਨ ਉਸ ਅਨੁਪਾਤ ਵਿਚ ਨਹੀਂ ਵਧ ਰਹੀ। ਉਹਨਾਂ ਕਿਹਾ ਕਿ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਅੱਜ ਪੇਂਡੂ ਮਹਿੰਗਾਈ ਸ਼ਹਿਰੀ ਮਹਿੰਗਾਈ ਨਾਲੋਂ ਵੱਧ ਹੈ। ਸ਼ਹਿਰਾਂ ਨਾਲੋਂ ਪਿੰਡਾਂ ਵਿਚ ਰਹਿਣਾ ਮਹਿੰਗਾ ਹੋ ਰਿਹਾ ਹੈ।

Raghav Chadha

ਜੀਐਸਟੀ ਨੂੰ "ਗਰੀਬ, ਸ਼ੋਸ਼ਣ ਟੈਕਸ" ਕਰਾਰ ਦਿੰਦਿਆਂ ਰਾਘਵ ਚੱਢਾ ਨੇ ਕਿਹਾ ਕਿ ਮਹਿੰਗਾਈ ਵਧਣ ਨਾਲ ਸਰਕਾਰ ਦਾ ਟੈਕਸ ਇਕੱਠਾ ਵਧਦਾ ਹੈ, ਇਸ ਲਈ ਸਰਕਾਰ ਦਾ ਖਜ਼ਾਨਾ ਭਰਨ ਕਾਰਨ ਮਹਿੰਗਾਈ ਘਟਾਉਣ ਦਾ ਕੋਈ ਇਰਾਦਾ ਨਹੀਂ ਹੈ।