ਖ਼ਾਲਸਾ ਏਡ ਦੇ ਦਫ਼ਤਰ 'ਤੇ NIA ਰੇਡ ਨੂੰ ਲੈ ਕੇ ਬੋਲੇ ਰਾਜਾ ਵੜਿੰਗ, ‘ਸੇਵਾ ਕਰਨ ਵਾਲਿਆਂ ਨੂੰ ਪਰੇਸ਼ਾਨ ਨਾ ਕਰੋ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਨਿਸ਼ਕਾਮ ਸੇਵਾ ਕਰਨ ਵਾਲੀ ਸੰਸਥਾ ’ਤੇ ਐਨ.ਆਈ.ਏ. ਦੀ ਰੇਡ ਬਹੁਤ ਹੀ ਮੰਦਭਾਗੀ

Raja Warring on NIA Raid at Khalsa Aid premises

 

ਪੰਜਾਬ ਨਾਲ ਵਿਤਕਰਾ ਕਰਨ ਵਾਲੀਆਂ ਬੇਤੁਕੀਆਂ ਕਰਵਾਈਆਂ ਛੱਡ ਕੇ ਮਨੀਪੁਰ ਅਤੇ ਹਰਿਆਣਾ ਵਿਚ ਸ਼ਾਂਤੀ ਬਹਾਲ ਕਰਨ ਦਾ ਕੰਮ ਕਰੇ ਸਰਕਾਰ

ਚੰਡੀਗੜ੍ਹ: ਖ਼ਾਲਸਾ ਏਡ ਦੇ ਦਫ਼ਤਰ 'ਤੇ ਬੀਤੇ ਦਿਨੀਂ ਹੋਈ ਐਨ.ਆਈ.ਏ. ਦੀ ਛਾਪੇਮਾਰੀ ਦੀ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੇਲੋੜੇ ਛਾਪਿਆਂ ਨਾਲ ਸਮਾਜ ਸੇਵੀ ਸੰਸਥਾ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅੰਬੀਆ ਕਤਲ ਕਾਂਡ 'ਚ ਗ੍ਰਿਫ਼ਤਾਰ ਮੁਲਜ਼ਮ 'ਤੇ ਜੇਲ 'ਚ ਹਮਲਾ: ਅਦਾਲਤ ਨੇ ਕਪੂਰਥਲਾ ਜੇਲ ਤੋਂ ਮੰਗੀ ਸੀਸੀਟੀਵੀ ਰਿਕਾਰਡਿੰਗ 

ਉਨ੍ਹਾਂ ਕਿਹਾ, “ਖ਼ਾਲਸਾ ਏਡ ਵਰਗੀ ਵੱਕਾਰੀ ਸੰਸਥਾ ਜੋ ਹਰ ਤਰ੍ਹਾਂ ਦੀ ਮੁਸੀਬਤ ਵਿਚ ਬਿਨਾਂ ਕਿਸੇ ਦਾ ਧਰਮ ਜਾਂ ਕੁੱਝ ਹੋਰ ਵੇਖੇ ਲੋੜਵੰਦਾਂ ਦੀ ਮਦਦ ਕਰਦੀ ਹੈ। ਇਥੋਂ ਤਕ ਕਿ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਿਥੇ ਵੀ ਮਾਨਵਤਾ ਨੂੰ ਲੋੜ ਹੁੰਦੀ ਹੈ, ਉਥੇ ਖਾਲਸਾ ਏਡ ਵਲੰਟੀਅਰ ਜ਼ਰੂਰ ਪਹੁੰਚਦੇ ਹਨ। ਅਜਿਹੀ ਨਿਸ਼ਕਾਮ ਸੇਵਾ ਕਰਨ ਵਾਲੀ ਸੰਸਥਾ ’ਤੇ ਐਨ.ਆਈ.ਏ. ਦੀ ਰੇਡ ਬਹੁਤ ਹੀ ਮੰਦਭਾਗੀ ਘਟਨਾ ਹੈ”।

ਇਹ ਵੀ ਪੜ੍ਹੋ: ਦੁਬਈ ’ਚ ਭਾਰਤੀ ਪ੍ਰਵਾਸੀ ਦੀ ਲੱਗੀ 45 ਕਰੋੜ ਰੁਪਏ ਦੀ ਲਾਟਰੀ 

ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਰਾਜਾ ਵੜਿੰਗ ਨੇ ਅੱਗੇ ਕਿਹਾ, “ਮੈਂ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੂੰ ਇਹ ਬੇਨਤੀ ਕਰਦਾ ਹਾਂ ਕਿ ਪੰਜਾਬ ’ਤੇ ਠੰਢੀ ਨਿਗਾਹ ਰੱਖੋ ਅਤੇ ਸੇਵਾ ਕਰਨ ਵਾਲਿਆਂ ਨੂੰ ਤੰਗ-ਪਰੇਸ਼ਾਨ ਨਾ ਕਰੋ”। ਉਨ੍ਹਾਂ ਕਿਹਾ ਕਿ ਦੇਸ਼ ਵਿਚ ਹੋਰ ਬਹੁਤ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਹਨ, ਜਿਨ੍ਹਾਂ ਵਿਚ ਲੁੱਟਾਂ-ਖੋਹਾਂ, ਦੰਗੇ ਤੇ ਹੋਰ ਕਤਲੋਗ਼ਾਰਤ ਸ਼ਾਮਲ ਹੈ, ਇਨ੍ਹਾਂ ਵੱਲ ਤੁਰਤ ਧਿਆਨ ਦੇਣ ਦੀ ਲੋੜ ਹੈ। ਸਰਕਾਰ ਨੂੰ ਅਜਿਹੀਆਂ ਪੰਜਾਬ ਨਾਲ ਵਿਤਕਰਾ ਕਰਨ ਵਾਲੀਆਂ ਬੇਤੁਕੀਆਂ ਕਰਵਾਈਆਂ ਛੱਡ ਕੇ ਮਨੀਪੁਰ ਅਤੇ ਹਰਿਆਣਾ ਵਿਚ ਸ਼ਾਂਤੀ ਬਹਾਲ ਕਰਨ ਦਾ ਕੰਮ ਕਰਨਾ ਚਾਹੀਦਾ ਹੈ।