ਅਸੀਂ ਪੰਜਾਬ ਵਿਚ ਵਿਰੋਧੀ ਧਿਰ ਹਾਂ ਪਰ ਜਿਥੇ ਲੋਕਤੰਤਰ ਨੂੰ ਬਚਾਉਣ ਦੀ ਗੱਲ ਹੋਵੇਗੀ, ਦੇਸ਼ ਪਹਿਲਾਂ ਹੋਵੇਗਾ: ਰਾਜਾ ਵੜਿੰਗ
ਕਿਹਾ, ਇਹ ਲੜਾਈ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ਵਿਰੁਧ ਹੈ
ਚੰਡੀਗੜ੍ਹ: ਪੰਜਾਬ ਵਿਚ ਆਏ ਹੜ੍ਹ ਦੇ ਚਲਦਿਆਂ ਪੰਜਾਬ ਕਾਂਗਰਸ ਵਲੋਂ ਅਹਿਮ ਮੀਟਿੰਗ ਕੀਤੀ ਗਈ। ਬੈਠਕ ਮਗਰੋਂ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਸਿਆ ਕਿ ਮੀਟਿੰਗ ਦੌਰਾਨ ਚਰਚਾ ਕੀਤੀ ਗਈ ਕਿ ਹੜ੍ਹ ਪੀੜਤਾਂ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੀੜਤ ਲੋਕਾਂ ਦੀ ਆਵਾਜ਼ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੁਦਰਤੀ ਆਫ਼ਤ ਦੌਰਾਨ ਪੰਜਾਬ ਸਰਕਾਰ ਦੀ ਅਣਗਹਿਲੀ ਵੀ ਸਾਹਮਣੇ ਆਈ ਹੈ, ਕਿਉਂਕਿ ਜਿਸ ਤਰ੍ਹਾਂ ਬਾਰਸ਼ ਅਤੇ ਹੜ੍ਹਾਂ ਨਾਲ ਨਜਿੱਠਣ ਲਈ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ, ਉਹ ਨਹੀਂ ਕੀਤੇ ਗਏ। ਰਾਜਾ ਵੜਿੰਗ ਨੇ ਕਿਹਾ ਕਿ ਮਾਨਸਾ ਦੇ ਪਿੰਡਾਂ ਵਿਚ ਜੋ ਨੁਕਸਾਨ ਹੋਇਆ ਹੈ, ਉਸ ਦੀ ਵਜ੍ਹਾ ਪੰਜਾਬ ਸਰਕਾਰ ਦੀ ਨਾਲਾਇਕੀ ਹੈ।
ਇਹ ਵੀ ਪੜ੍ਹੋ: ਸਹਾਰਾ ’ਚ ਫਸਿਆ 10 ਕਰੋੜ ਲੋਕਾਂ ਦਾ ਪੈਸਾ ਮਿਲੇਗਾ ਵਾਪਸ
ਹੜ੍ਹ ਪੀੜਤਾਂ ਦੀ ਮਦਦ ਲਈ ਐਮਰਜੈਂਸੀ ਬਜਟ ਇਜਲਾਸ ਸੱਦਣ ਭਗਵੰਤ ਮਾਨ: ਰਾਜਾ ਵੜਿੰਗ
ਇਸ ਦੇ ਨਾਲ ਹੀ ਪੰਜਾਬ ਕਾਂਗਰਸ ਨੇ ਪੰਜਾਬ ਸਰਕਾਰ ਤੋਂ 10 ਹਜ਼ਾਰ ਕਰੋੜ ਰੁਪਏ ਮੁਆਵਜ਼ਾ ਮੰਗਿਆ। ਇਸ ਤੋਂ ਇਲਾਵਾ ਪਸ਼ੂਆਂ, ਫ਼ਸਲਾਂ ਅਤੇ ਘਰਾਂ ਦੇ ਨੁਕਸਾਨ ਲਈ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ। ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰ ਸਰਕਾਰ 218 ਕਰੋੜ ਰੁਪਏ ਦੇਣ ਮਗਰੋਂ ਹੱਥ ਪਿਛੇ ਨਹੀਂ ਹਟਾ ਸਕਦੀ, ਉਨ੍ਹਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ। ਸੂਬਾ ਪ੍ਰਧਾਨ ਨੇ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਵਲੋਂ ਰਾਜਪਾਲ ਨਾਲ ਵੀ ਮੁਲਾਕਾਤ ਕੀਤੀ ਜਾਵੇਗੀ। ਮੁੱਖ ਮੰਤਰੀ ਨੂੰ ਨਿਸ਼ਾਨੇ ’ਤੇ ਲੈਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਕਰਨਾਟਕਾ ਵਿਚ ਵਿਅਸਤ ਹਨ, ਉਨ੍ਹਾਂ ਨੂੰ ਇਕ ਐਮਰਜੈਂਸੀ ਬਜਟ ਸੈਸ਼ਨ ਸੱਦਣਾ ਚਾਹੀਦਾ ਹੈ ਤਾਂ ਹੀ ਲੋਕਾਂ ਦੀਆਂ ਸਮੱਸਿਆਵਾਂ ਦਾ ਮੁਕੰਮਲ ਹੱਲ ਹੋ ਸਕਦਾ ਹੈ।
ਇਹ ਵੀ ਪੜ੍ਹੋ: ਪਟਿਆਲਾ ’ਚ ਮਕਾਨ ਦੀ ਛੱਤ ਡਿੱਗਣ ਕਰਨ ਦੋ ਸਕੇ ਭਰਾਵਾਂ ਦੀ ਮੌਤ
ਅਸੀਂ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਹਾਂ ਅਤੇ ਰਹਾਂਗੇ : ਰਾਜਾ ਵੜਿੰਗ
ਬੇਂਗਲੁਰੂ ਵਿਚ ਵਿਰੋਧੀ ਪਾਰਟੀਆਂ ਦੀ ਮੀਟਿੰਗ ਸਬੰਧੀ ਸਵਾਲਾਂ ਦਾ ਜਵਾਬ ਦਿੰਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਸੀਂ ਪੰਜਾਬ ਵਿਚ ਮੁੱਖ ਵਿਰੋਧੀ ਧਿਰ ਹਾਂ ਅਤੇ ਰਹਾਂਗੇ। ਜਿਥੇ ਵੀ ਲੋਕਤੰਤਰ ਨੂੰ ਬਚਾਉਣ ਦੀ ਗੱਲ ਹੋਵੇਗੀ, ਉਥੇ ਦੇਸ਼ ਪਹਿਲਾਂ ਹੋਵੇਗਾ। ਅਸੀਂ ਹਾਈਕਮਾਨ ਦੇ ਫ਼ੈਸਲੇ ਦਾ ਸਮਰਥਨ ਕਰਦੇ ਹਾਂ ਪਰ ਸੂਬੇ ਦੇ ਮੁੱਦਿਆਂ ’ਤੇ ਸਾਡਾ ਸਟੈਂਡ ਸਪੱਸ਼ਟ ਹੈ। ਅਸੀਂ ਪੰਜਾਬ ਦੇ ਮੁੱਦਿਆਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਵਾਲ ਕਰਦੇ ਰਹਾਂਗੇ, ਸਾਡਾ ਕੋਈ ਸਮਝੌਤਾ ਨਹੀਂ ਹੋਇਆ।
ਇਹ ਵੀ ਪੜ੍ਹੋ: ਉਤਰਾਖੰਡ: ਟਰਾਂਸਫਾਰਮਰ 'ਚ ਹੋਇਆ ਧਮਾਕਾ, 15 ਲੋਕਾਂ ਦੀ ਹੋਈ ਮੌਤ
ਕਾਂਗਰਸ ਹਮੇਸ਼ਾ ਸੰਵਿਧਾਨਕ ਕਦਰਾਂ-ਕੀਮਤਾਂ ਲਈ ਲੜਦੀ ਰਹੀ ਹੈ: ਰਾਜਾ ਵੜਿੰਗ
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਹਮੇਸ਼ਾ ਸੰਵਿਧਾਨਕ ਕਦਰਾਂ-ਕੀਮਤਾਂ ਲਈ ਲੜਦੀ ਰਹੀ ਹੈ। ਇਹ ਲੜਾਈ ਭਾਜਪਾ ਅਤੇ ਆਰ.ਐਸ.ਐਸ. ਦੀ ਵਿਚਾਰਧਾਰਾ ਵਿਰੁਧ ਹੈ। ਜੋ ਪਾਰਟੀਆਂ ਲੋਕਤੰਤਰ ਨੂੰ ਬਚਾਉਣਾ ਚਾਹੁੰਦੀਆਂ ਹਨ , ਉਹ ਬੇਂਗਲੁਰੂ ਵਿਚ ਇਕੱਠੀਆਂ ਹੋਈਆਂ ਪਰ ਰੰਗਤ ਇਹ ਦਿਤੀ ਗਈ ਕਿ ਗਠਜੋੜ ਹੋ ਗਿਆ। ਇਸ ਬਾਰੇ ਕਿਸੇ ਤਰ੍ਹਾਂ ਦੀ ਚਰਚਾ ਨਹੀਂ ਹੋਈ ਹੈ। ਅਸੀਂ ਹਰ ਮੁੱਦੇ ’ਤੇ ਭਾਜਪਾ ਵਿਰੁਧ ਲੜਾਈ ਲੜੀ, ਇਸ ਲਈ ਕੇਂਦਰ ਦੇ ਆਰਡੀਨੈਂਸ ਵਿਰੁਧ ਅਸੀਂ ਭਾਜਪਾ ਨਾਲ ਨਹੀਂ ਜਾ ਸਕਦੇ। ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਥਾਂ ਜੇ ਕੋਈ ਹੋਰ ਪਾਰਟੀ ਵੀ ਹੁੰਦੀ ਤਾਂ ਵੀ ਅਸੀਂ ਭਾਜਪਾ ਵਿਰੁਧ ਖੜ੍ਹੇ ਹੁੰਦੇ। ਬੇਂਗਲੁਰੂ ਵਿਚ ਵਿਰੋਧੀ ਧਿਰਾਂ ਦੀ ਬੈਠਕ ਤੋਂ ਡਰ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਐਨ.ਡੀ.ਏ. ਦੀ ਐਮਰਜੈਂਸੀ ਮੀਟਿੰਗ ਸੱਦਣੀ ਪਈ, ਉਨ੍ਹਾਂ ਨੂੰ ਅਪਣੀ ਜ਼ਮੀਨ ਖਿਸਕਦੀ ਨਜ਼ਰ ਆਈ।
ਇਹ ਵੀ ਪੜ੍ਹੋ: ਪੰਚਕੂਲਾ : ਘੱਗਰ ਨਦੀ ’ਚ ਡੁੱਬਣ ਕਾਰਨ 35 ਸਾਲਾ ਵਿਅਕਤੀ ਦੀ ਮੌਤ
ਰਾਜਾ ਵੜਿੰਗ ਨੇ ਬਿਕਰਮ ਮਜੀਠੀਆ ਨੂੰ ਕੀਤਾ ਸਵਾਲ
ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਜਵਾਬ ਦਿੰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਸਮਝੌਤਾ ਲਗਭਗ ਤੈਅ ਹੈ। ਅੰਦਰੂਨੀ ਤੌਰ ’ਤੇ ਸਮਝੌਤਾ ਹੋ ਗਿਆ ਹੈ, ਸਿਰਫ਼ ਕੁੱਝ ਸ਼ਰਤਾਂ ਬਾਕੀ ਹਨ। ਉਨ੍ਹਾਂ ਦੀ ਮੰਗ ਹੈ ਕਿ ਸੁਖਬੀਰ ਬਾਦਲ ਨੂੰ ਹਟਾ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਪ੍ਰਧਾਨ ਬਣਾਓ। ਮਜੀਠੀਆ ਪਹਿਲਾਂ ਇਸ ਬਾਰੇ ਸਪੱਸ਼ਟੀਕਰਨ ਦੇਣ। ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੇ 5 ਮੰਤਰੀ ਜੇਲ ਭੇਜ ਦਿਤੇ ਅਤੇ ਸਾਬਕਾ ਉਪ ਮੁੱਖ ਮੰਤਰੀ ਨੂੰ ਅੰਦਰ ਭੇਜ ਦਿਤਾ। ਇਹ ਫਰੈਂਡਲੀ ਮੈਚ ਨਹੀਂ ਹੈ, ਫਰੈਂਡਲੀ ਮੈਚ ਕਿਸ ਦਾ ਹੈ, ਇਹ ਸੱਭ ਜਾਣਦੇ ਹਨ। ਅਸਲ ਵਿਚ ਫਰੈਂਡਲੀ ਮੈਚ ਅਕਾਲੀ ਦਲ ਅਤੇ ਭਾਜਪਾ ਦਾ ਹੈ।
ਇਹ ਵੀ ਪੜ੍ਹੋ: ਪੰਜਾਬ ਮੂਲ ਦੇ ਡਾਕਟਰ ਨੂੰ ਅਮਰੀਕਾ ’ਚ ਮਿਲਿਆ ਅਹਿਮ ਪ੍ਰਸ਼ਾਸਨਿਕ ਅਹੁਦਾ
ਮੁਖਤਾਰ ਅੰਸਾਰੀ ਦੇ ਮਾਮਲੇ ’ਤੇ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਗਜ਼ਾਂ ਵਿਚ ਤਾਕਤ ਹੈ ਤਾਂ ਉਹ ਮੁਕੱਦਮਾ ਦਰਜ ਕਰਵਾਉਣ ਅਸੀਂ ਲੜਾਂਗਾ। ਸੁਖਜਿੰਦਰ ਰੰਧਾਵਾ ਵੀ ਕਹਿ ਚੁੱਕੇ ਹਨ ਕਿ ਅਸੀਂ ਅਦਾਲਤ ਜਾਵਾਂਗੇ।ਰਾਜਪਾਲ ਦੀ ਹਾਲੀਆ ਚਿੱਠੀ ’ਤੇ ਸਵਾਲ ਚੁਕਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜਿਸ ਦਿਨ ਇਜਲਾਸ ਚੱਲ ਰਿਹਾ ਸੀ, ਉਸ ਦਿਨ ਚਿੱਠੀ ਕਿਉਂ ਨਹੀਂ ਲਿਖੀ? ਉਨ੍ਹਾਂ ਨੂੰ ਉਸੇ ਦਿਨ ਕਹਿਣਾ ਚਾਹੀਦਾ ਸੀ ਕਿ ਇਜਲਾਸ ਗ਼ੈਰ-ਸੰਵਿਧਾਨਕ ਹੈ। ਇਸ ਇਜਲਾਸ ਦੌਰਾਨ ਹੋਇਆ ਖਰਚਾ ਕੌਣ ਭਰੇਗਾ?