ਕੈਪਟਨ ਸਰਕਾਰ ਦੀ ਘਰ-ਘਰ ਨੌਕਰੀ ਸਕੀਮ ਕਾਮਯਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚਾਰ ਮੈਗਾ ਰੁਜ਼ਗਾਰ ਮੇਲਿਆਂ ਵਿਚ ਅੱਠ ਲੱਖ ਨੌਕਰੀਆਂ ਦਿਤੀਆਂ 

Charanjit Singh Channi

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਪਾਰਟੀ ਵਲੋਂ ਪੇਸ਼ ਕੀਤੇ ਚੋਣ ਮੈਨੀਫ਼ੈਸਟੋ ਵਿਚ ਦਿਤੇ ਵਾਅਦੇ ਕਿ ਪੰਜਾਬ ਵਿਚ ਘਰ-ਘਰ ਨੌਕਰੀ ਮੁਹਈਆ ਕਰਾਈ ਜਾਵੇਗੀ, ਨੂੰ ਹੁਣ ਢਾਈ ਸਾਲਾਂ ਮਗਰੋਂ ਬੂਰ ਪੈ ਗਿਆ ਹੈ ਅਤੇ ਪਿਛੇ ਆਯੋਜਤ ਕੀਤੇ ਚਾਰ ਮੈਗਾ ਰੁਜ਼ਗਾਰ ਮੇਲਿਆਂ ਵਿਚ 8,00,000 ਪੜ੍ਹੇ ਲਿਖੇ ਨੌਜਵਾਨ ਲੜਕੇ-ਲੜਕਿਆਂ ਨੂੰ ਨੌਕਰੀਆਂ ਦਿਤੀਆਂ ਜਾ ਚੁੱਕੀਆਂ ਹਨ।

ਇਸ ਸਾਲ ਦਾ ਹੁਣ 5ਵਾਂ ਰੁਜ਼ਗਾਰ ਮੇਲਾ 9 ਸਤੰਬਰ ਤੋਂ 30 ਸਤੰਬਰ ਤਕ 82 ਥਾਵਾਂ ਉਤੇ ਯੂਨੀਵਰਸਿਟੀਆਂ, ਕਾਲਜਾਂ, ਤਕਨੀਕੀ ਸੰਸਥਾਵਾਂ ਅਤੇ ਫ਼ੈਕਟਰੀਆਂ ਵਿਚ ਲਗਾ ਕੇ 2,10,000 ਨੌਜਵਾਨਾਂ ਨੂੰ ਰੁਜ਼ਗਾਰ ਦਿਤਾ ਜਾਵੇਗਾ। ਅਗਲੇ ਮਹੀਨੇ ਵੀ  5 ਤਰੀਕ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ੁਦ ਰੋਪੜ ਵਿਚ ਆਯੋਜਤ ਸਮਾਰੋਹ ਵਿਚ ਨਿਯੁਕਤੀ ਪੱਤਰ ਦੇਣਗੇ।

ਪੰਜਾਬ ਭਵਨ ਵਿਚ ਇਕ ਪੈ੍ਰੱਸ ਕਾਨਫ਼ਰੰਸ ਵਿਚ ਤਕਨੀਕੀ ਸਿਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਸਿਆ ਕਿ ਇਨ੍ਹਾਂ ਕੁਲ ਪੰਜ ਵੱਡੇ ਰੁਜ਼ਗਾਰ ਮੇਲਿਆਂ ਵਿਚ 10,00,000 ਤੋਂ ਵੱਧ ਪ੍ਰਾਈਵੇਟ ਨੌਕਰੀਆਂ ਦਿਤੀਆਂ ਗਈਆਂ ਹਨ ਜਦੋਂ ਕਿ ਅਗਲੇ ਸਾਲ ਪੰਜਾਬ ਸਰਕਾਰ ਦੇ 35 ਵਿਭਾਗਾਂ ਵਿਚ ਵੱਖ-ਵੱਖ ਪੱਧਰ ਦੀਆਂ 1,00,000 ਨੌਕਰੀਆਂ ਰੈਗੂਲਰ ਆਸਾਮੀਆਂ ਭਰਨ ਵਾਸਤੇ ਇਸਤਿਹਾਰ ਦਿਤੇ ਜਾਣਗੇ।

ਜ਼ਿਕਰਯੋਗ ਹੈ ਕਿ ਸਰਕਾਰ ਕੋਲ ਅਜੇ ਕੋਈ ਐਸਾ ਅੰਕੜਾ ਜਾਂ ਵੇਰਵਾ ਨਹੀਂ ਹੈ ਕਿ ਪੰਜਾਬ ਵਿਚ ਕਿੰਨੇ ਪੜੇ੍ਹ ਲਿਖੇ ਬੇਰੁਜ਼ਗਾਰ ਹਨ ਅਤੇ ਇੰਨਾ ਵੱਡੇ ਰੁਜ਼ਗਾਰ ਮੇਲਿਆਂ ਵਿਚ ਪ੍ਰਾਈਵੇਟ ਕੰਪਨੀਆਂ ਵਲੋਂ ਦਿਤੀਆਂ ਜਾਂਦੀਆਂ ਨਿਯੁਕਤੀਆਂ ਉਤੇ ਕਿੰਨੇ ਕੁ ਅਪਣੀ ਨੌਕਰੀ ਨੂੰ ਲਗਾਤਾਰ ਜਾਰੀ ਰਖਦੇ ਹਨ।  ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਹੁਣ ਮੋਹਾਲੀ ਵਿਚ ਇਕ ਵੱਡਾ ‘‘ਕਾਲ ਸੈਂਟਰ’’ ਸਥਾਪਤ ਕਰ ਰਹੀ ਹੈ ਜਿਸ ਦਾ ਠੇਕਾ ਇਕ ਪ੍ਰਾਈਵੇਟ ਕੰਪਨੀ ਨੂੰ ਦਿਤਾ ਜਾਵੇਗਾ ਤੇ ਇਹ ਕੰਪਨੀ ਅਪਣੇ 100 ਪੜ੍ਹੇ ਲਿਖੇ ਵਿਅਕਤੀ ਨਿਯੁਕਤ ਕਰ ਕੇ ਪੜ੍ਹੇ ਲਿਖੇ ਪੰਜਾਬੀ ਮੁੰਡੇ, ਕੁੜੀਆਂ ਨੂੰ ਵਿਦੇਸ਼ਾਂ ਵਿਚ ਸਟੱਡੀ ਤੇ ਵਰਕ-ਵੀਜ਼ਾ ਦੁਆਣ ਵਿਚ ਮਦਦ ਕਰਨਗੇ।