ਬੈਂਕਾਂ ਦੇ ਰਲੇਵੇਂ ਨਾਲ ਕਿਸੇ ਦੀ ਵੀ ਨੌਕਰੀ ਨਹੀਂ ਜਾਏਗੀ : ਵਿੱਤ ਮੰਤਰੀ

ਏਜੰਸੀ

ਖ਼ਬਰਾਂ, ਵਪਾਰ

ਕਿਹਾ - ਬੈਂਕਾਂ ਦੇ ਰਲੇਵੇਂ ਦਾ ਫ਼ੈਸਲਾ ਦੇਸ਼ ਵਿਚ ਮਜ਼ਬੂਤ ਅਤੇ ਵਿਸ਼ਵ ਪੱਧਰ ਦੇ ਵੱਡੇ ਬੈਂਕ ਬਣਾਉਣ ਦੇ ਟੀਚੇ ਨਾਲ ਕੀਤਾ ਗਿਆ

No job loss due to merger of banks: Nirmala Sitharaman

ਚੇਨਈ : ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਜਨਤਕ ਖੇਤਰ ਦੇ ਬੈਂਕਾਂ ਦੇ ਤਜਵੀਜ਼ਸ਼ੁਦਾ ਰਲੇਵੇਂ ਨਾਲ ਮੁਲਾਜ਼ਮਾਂ ਦੀ ਨੌਕਰੀ ਜਾਣ ਦੇ ਖ਼ਤਰੇ ਦੀ ਚਿੰਤਾ ਨੂੰ ਰੱਦ ਕਰਦਿਆਂ ਕਿਹਾ ਕਿ ਰਲੇਵੇਂ ਦੇ ਫ਼ੈਸਲੇ ਨਾਲ ਕਿਸੇ ਇਕ ਮੁਲਾਜ਼ਮ ਦੀ ਵੀ ਨੌਕਰੀ ਨਹੀਂ ਜਾਵੇਗੀ। 

ਸੀਤਾਰਮਣ ਨੇ ਨੌਕਰੀ ਜਾਣ ਬਾਰੇ ਬੈਂਕ ਯੂਨੀਅਨਾਂ ਦੀਆਂ ਚਿੰਤਾਵਾਂ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਬਿਲਕੁਲ ਤੱਥਹੀਣ ਗੱਲ ਹੈ। ਮੈਂ ਹਰ ਬੈਂਕ ਦੀਆਂ ਸਾਰੀਆਂ ਯੂਨੀਅਨਾਂ ਅਤੇ ਮੁਲਾਜ਼ਮਾਂ ਨੂੰ ਭਰੋਸਾ ਦੇਣਾ ਚਾਹੁੰਦੀ ਹਾਂ ਕਿ ਉਹ ਸ਼ੁਕਰਵਾਰ ਨੂੰ ਮੇਰੀ ਕਹੀ ਗੱਲ ਨੂੰ ਯਾਦ ਕਰਨ। ਜਦ ਅਸੀਂ ਬੈਂਕਾਂ ਦੇ ਰਲੇਵੇਂ ਦੀ ਗੱਲ ਕੀਤੀ ਤਾਂ ਮੈਂ ਸਪੱਸ਼ਟ ਤੌਰ ’ਤੇ ਕਿਹਾ ਸੀ ਕਿ ਕਿਸੇ ਵੀ ਮੁਲਾਜ਼ਮ ਨੂੰ ਹਟਾਇਆ ਨਹੀਂ ਜਾਵੇਗਾ। ਕਿਸੇ ਨੂੰ ਵੀ ਨਹੀਂ।’

ਉਹ ਬੈਂਕ ਯੂਨੀਅਨਾਂ ਦੁਆਰਾ ਵਿਰੋਧ ਕੀਤੇ ਜਾਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦੇ ਰਹੇ ਸਨ। ਵਿੱਤ ਮੰਤਰੀ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਇਹ ਫ਼ੈਸਲਾ ਦੇਸ਼ ਵਿਚ ਮਜ਼ਬੂਤ ਅਤੇ ਵਿਸ਼ਵ ਪੱਧਰ ਦੇ ਵੱਡੇ ਬੈਂਕ ਬਣਾਉਣ ਦੇ ਟੀਚੇ ਨਾਲ ਕੀਤਾ ਗਿਆ ਹੈ।