ਪੰਜਾਬ 'ਚ ਕਰੋਨਾ ਦਾ ਕਹਿਰ ਜਾਰੀ, 24 ਘੰਟਿਆਂ 'ਚ ਸਾਹਮਣੇ ਆਏ 1527 ਮਾਮਲੇ ਤੇ 73 ਮੌਤਾਂ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ ਅੰਦਰ ਮਰੀਜ਼ਾਂ ਦਾ ਅੰਕੜਾ 58515 'ਤੇ ਪਹੁੰਚਿਆ

Corona Virus

ਚੰਡੀਗੜ੍ਹ : ਪੰਜਾਬ 'ਚ ਕਰੋਨਾ ਦੀ ਰਫ਼ਤਾਰ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਬੀਤੇ 24 ਘੰਟਿਆਂ ਦੌਰਾਨ 1527 ਨਵੇਂ ਮਾਮਲੇ ਸਾਹਮਣੇ ਆਏ ਹਨ ਜਦਕਿ 73 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਅੰਦਰ ਮਰੀਜ਼ਾਂ ਦੀ ਕੁੱਲ ਗਿਣਤੀ 58515 ਅਤੇ ਮੌਤਾਂ ਦੀ ਗਿਣਤੀ 1690 ਤਕ ਪਹੁੰਚ ਗਈ ਹੈ।

ਵੀਰਵਾਰ ਨੂੰ1527 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਸਭ ਤੋਂ ਵੱਧ 227 ਮਰੀਜ਼ ਜਲੰਧਰ ਤੋਂ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 152 ਲੁਧਿਆਣਾ ਤੋਂ, 138 ਪਟਿਆਲਾ ਤੋਂ, 168 ਅੰਮ੍ਰਿਤਸਰ ਤੋਂ ਅਤੇ 134 ਮਰੀਜ਼ ਮੁਹਾਲੀ ਤੋਂ ਸਾਹਮਣੇ ਆਏ ਹਨ। ਅੱਜ ਕੁੱਲ੍ਹ 1529 ਮਰੀਜ਼ ਸਿਹਤਯਾਬ ਹੋਏ ਹਨ। ਅੱਜ ਸਭ ਤੋਂ ਵੱਧ 18 ਮੌਤਾਂ ਲੁਧਿਆਣਾ 'ਚ ਹੋਈਆਂ ਅਤੇ ਕਪੂਰਥਾਲਾ 'ਚ ਵੀ ਅੱਜ 10 ਲੋਕਾਂ ਦੀ ਮੌਤ ਹੋਈ ਹੈ।

ਸੂਬੇ 'ਚ ਕੁੱਲ 1121016 ਲੋਕਾਂ ਦੇ ਸੈਂਪਲ ਹੁਣ ਤਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿਚ 58515 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 41271 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 15554 ਲੋਕ ਐਕਟਿਵ ਮਰੀਜ਼ ਹਨ।

ਇਸੇ ਦੌਰਾਨ ਸੂਬੇ 'ਚ ਕਰੋਨਾ ਦੇ ਟੈਸਟਾਂ ਅਤੇ ਮੌਤਾਂ ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਵੀ ਗਰਮ ਹੈ, ਜਿਸ ਖਿਲਾਫ਼ ਸਰਕਾਰ ਨੇ ਸਖ਼ਤੀ ਵਰਤਦੀ ਸ਼ੁਰੂ ਕਰ ਦਿਤੀ ਹੈ। ਅਫ਼ਵਾਹਾਂ ਦੀ ਵਜ੍ਹਾ ਨਾਲ ਲੋਕ ਕਰੋਨਾ ਤੋਂ ਜ਼ਿਆਦਾ ਟੈਸਟ ਕਰਵਾਉਣ ਤੋਂ ਡਰ ਰਹੇ ਹਨ। ਬੀਤੇ ਦਿਨੀਂ ਕੁੱਝ ਥਾਵਾਂ 'ਤੇ ਲੋਕਾਂ ਦੇ ਸਿਹਤ ਵਿਭਾਗ ਦੀ ਟੀਮ ਦੀ ਆਮਦ ਨੂੰ ਵੇਖਦਿਆਂ ਘਰਾਂ ਨੂੰ ਜਿੰਦਰੇ ਮਾਰ ਕੇ ਇਧਰ-ਓਧਰ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

ਸਰਕਾਰ ਨੇ ਕਰੋਨਾ ਨਾਲ ਨਜਿੱਠਣ ਲਈ ਸਖ਼ਤੀ ਵਰਤਦੀ ਸ਼ੁਰੂ ਕਰ ਦਿਤੀ ਹੈ। ਸਰਕਾਰ ਟੈਸਟਾਂ 'ਚ ਤੇਜ਼ੀ ਲਿਆਉਣ ਲਈ ਕਦਮ  ਚੁਕ ਰਹੀ ਹੈ। ਪੰਜਾਬ ਅੰਦਰ ਹੁਣ ਬਿਨਾਂ ਪਰਚੀ ਤੋਂ ਕਦੇ ਵੀ ਟੈਸਟ ਕਰਵਾਇਆ ਜਾ ਸਕਦਾ ਹੈ। ਟੈਸਟ ਕਰਵਾਉਣ ਲਈ ਹੁਣ ਸਿਰਫ਼ ਮੋਬਾਈਲ ਨੰਬਰ ਅਤੇ ਆਧਾਰ ਨੰਬਰ ਦੀ ਹੀ ਜ਼ਰੂਰਤ ਹੋਵੇਗੀ। ਇਸੇ ਤਰ੍ਹਾਂ ਸਰਕਾਰ ਨੇ ਦਵਾਈਆਂ ਦੀਆਂ ਦੁਕਾਨਾਂ ਨੂੰ ਹਫ਼ਤੇ ਦੇ 7 ਦਿਨ 24 ਘੰਟੇ ਖੋਲ੍ਹਣ ਦੀ ਇਜਾਜ਼ਤ ਦੇ ਦਿਤੀ ਹੈ। ਕਰੋਨਾ ਨਾਲ ਨਜਿੱਠਣ ਲਈ ਲੋਕਾਂ ਵਿਸ਼ਵਾਸ ਜਿੱਤਣ ਲਈ ਸਰਕਾਰ ਉਪਰਾਲੇ ਕਰ ਰਹੀ ਹੈ, ਜਿਸ ਦੇ ਸਾਰਥਕ ਸਿੱਟੇ ਨਿਕਲਣ ਦੇ ਅਸਾਰ ਹਨ।