ਅਲਾਹਾਬਾਦ ਕੋਰਟ ਨੇ ਹਿੰਦੀ 'ਚ ਸੁਣਾਈ ਜੱਜਮੈਂਟ-ਕਦੋਂ ਸੁਣਾਏਗੀ ਪੰਜਾਬ ਹਰਿਆਣਾ ਹਾਈ ਕੋਰਟ ਪੰਜਾਬੀ 'ਚ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ 'ਚ ਸਾਰੇ ਹੀ ਜੁਡੀਸ਼ੀਅਲ ਕੰਮ ਅੰਗਰੇਜ਼ੀ ਵਿਚ ਕੀਤੇ ਜਾਂਦੇ ਹਨ। ਲੰਮੇ ਸਮੇਂ ਤੋਂ ਇਹ ਮੰਗ ਰਹੀ ਹੈ ਕਿ ਫ਼ੈਸਲੇ ਸਥਾਨਕ ਭਾਸ਼ਾਵਾਂ ਵਿਚ ਵੀ ਸੁਣਾਉਣੇ ਚਾਹੀਦੇ ਹਨ।

Punjab Haryana High court

ਚੰਡੀਗੜ੍ਹ  (ਨੀਲ ਭਲਿੰਦਰ): ਹਾਲ ਹੀ ਵਿਚ ਅਲਾਹਾਬਾਦ ਹਾਈ ਕੋਰਟ ਨੇ ਰਵਾਇਤ ਕਾਇਮ ਰਖਦਿਆਂ ਹਿੰਦੀ ਵਿਚ ਫ਼ੈਸਲਾ ਸੁਣਾਇਆ ਹੈ ਜਿਸ ਤੋਂ ਬਾਅਦ, ਹੁਣ ਲੋਕ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਪੰਜਾਬੀ 'ਚ ਫ਼ੈਸਲੇ ਸੁਣਾਉਣੇ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਹਨ। ਅਲਾਹਾਬਾਦ ਹਾਈ ਕੋਰਟ ਇਸ ਤੋਂ ਪਹਿਲਾਂ ਵੀ ਕਿਸੇ ਕੇਸ ਦੀ ਜੱਜਮੈਂਟ ਹਿੰਦੀ 'ਚ ਸੁਣਾ ਚੁੱਕਾ ਹੈ। ਭਾਰਤ 'ਚ ਸਾਰੇ ਹੀ ਜੁਡੀਸ਼ੀਅਲ ਕੰਮ ਅੰਗਰੇਜ਼ੀ ਵਿਚ ਕੀਤੇ ਜਾਂਦੇ ਹਨ। ਲੰਮੇ ਸਮੇਂ ਤੋਂ ਇਹ ਮੰਗ ਰਹੀ ਹੈ ਕਿ ਫ਼ੈਸਲੇ ਸਥਾਨਕ ਭਾਸ਼ਾਵਾਂ ਵਿਚ ਵੀ ਸੁਣਾਉਣੇ ਚਾਹੀਦੇ ਹਨ।

ਅਲਾਹਾਬਾਦ ਕੋਰਟ 'ਚ ਜਸਟਿਸ ਸ਼ਸ਼ੀਕਾਂਤ ਗੁਪਤਾ ਅਤੇ ਅਲਾਹਾਬਾਦ ਹਾਈ ਕੋਰਟ ਦੇ ਜਸਟਿਸ ਸੌਰਭ ਸ਼ਿਆਮ ਸ਼ਮਸ਼ੇਰੀ ਦੇ ਤਾਜ਼ਾ ਕੇਸ ਵਿਚ ਬੈਂਚ ਨੇ ਜ਼ਿਲ੍ਹਾ ਸਹਾਰਨਪੁਰ ਦੀ ਇਕ ਸਹਿਕਾਰੀ ਸੁਸਾਇਟੀ ਦੇ ਮਾਮਲੇ ਵਿਚ ਫ਼ੈਸਲਾ ਸੁਣਾਇਆ ਅਤੇ ਪਟੀਸ਼ਨਰਾਂ ਵਲੋਂ ਦਾਇਰ ਪਟੀਸ਼ਨ ਖਾਰਜ ਕਰ ਦਿਤੀ। ਇਹ ਫ਼ੈਸਲਾ 25 ਸਤੰਬਰ 2019 ਨੂੰ ਦਿਤਾ ਗਿਆ ਸੀ। ਹਿੰਦੀ ਵਿਚ ਇਸ ਫ਼ੈਸਲੇ ਤੋਂ ਬਾਅਦ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪੰਜਾਬੀ ਦੀ ਵਰਤੋਂ ਦੀ ਮੰਗ ਜ਼ੋਰ ਫੜ ਗਈ ਹੈ। ਪੰਜਾਬੀ ਪ੍ਰੇਮੀ ਇਸ ਗੱਲ ਦੀ ਆਸ ਕਰ ਰਹੇ ਹਨ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਪਣੇ ਕੰਮਕਾਜ ਅਤੇ ਫ਼ੈਸਲਿਆਂ ਵਿਚ ਪੰਜਾਬੀ ਨੂੰ ਲਾਗੂ ਕਰੇਗੀ ਅਤੇ ਇਸ ਨਾਲ ਸਬੰਧਤ ਸਾਰੇ ਕੰਮ ਜਲਦੀ ਤੋਂ ਜਲਦੀ ਪੰਜਾਬੀ ਵਿਚ ਸ਼ੁਰੂ ਹੋ ਜਾਣਗੇ।