ਪੰਜਾਬ 'ਚ ਹਵਾ ਪ੍ਰਦੂਸ਼ਣ 'ਗੰਭੀਰ' ਅਤੇ 'ਬੇਹੱਦ ਖ਼ਰਾਬ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜ ਨਵੰਬਰ ਨੂੰ ਮੀਂਹ ਪੈਣ ਦੀ ਆਸ

Air quality 'severe', 'very poor' in Punjab

ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਵੱਖੋ-ਵੱਖ ਜ਼ਿਲ੍ਹਿਆਂ 'ਚ ਹਵਾ ਪ੍ਰਦੂਸ਼ਣ 'ਗੰਭੀਰ' ਅਤੇ 'ਬਹੁਤ ਬੁਰੀ' ਹਾਲਤ 'ਚ ਦਸਿਆ ਗਿਆ ਹੈ। ਕੋਹਰੇ ਕਰ ਕੇ ਦੋਹਾਂ ਸੂਬਿਆਂ ਦੇ ਜ਼ਿਆਦਾ ਹਿੱਸਿਆਂ 'ਚ ਜ਼ਿਆਦਾ ਦੂਰ ਦੀ ਚੀਜ਼ ਨੂੰ ਨਹੀਂ ਵੇਖਿਆ ਜਾ ਸਕਦਾ। ਦੋਹਾਂ ਸੂਬਿਆਂ 'ਚ ਕਿਸਾਨ ਪਰਾਲੀ ਸਾੜਨ 'ਤੇ ਲੱਗੀ ਪਾਬੰਦੀ ਦੀ ਅਣਦੇਖੀ ਕਰਦੇ ਦਿਸ ਰਹੇ ਹਨ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਦਿਤੇ ਗਏ ਅੰਕੜਿਆਂ ਮੁਤਾਬਕ ਪੰਜਾਬ 'ਚ ਵੀ ਕਈ ਹਿੱਸਿਆਂ 'ਚ ਹਵਾ ਪ੍ਰਦੂਸ਼ਣ ਵਧਿਆ ਹੈ। ਕਈ ਜ਼ਿਲ੍ਹਿਆਂ 'ਚ ਹਵਾ ਪ੍ਰਦੂਸ਼ਣ 'ਖ਼ਰਾਬ' ਤੋਂ 'ਬਹੁਤ ਖ਼ਰਾਬ' ਸ਼੍ਰੇਣੀ 'ਚ ਪੁੱਜ ਗਿਆ।

ਬਠਿੰਡਾ 'ਚ ਹਵਾ ਪ੍ਰਦੂਸ਼ਣ ਸੱਭ ਤੋਂ ਜ਼ਿਆਦਾ ਖ਼ਰਾਬ ਰਿਹਾ ਜਿਸ ਦਾ ਏ.ਕਿਊ.ਆਈ. 318 ਰਿਹਾ। ਇਸ ਤੋਂ ਬਾਅਦ ਲੁਧਿਆਣਾ (302), ਜਲੰਧਰ (278), ਅੰਮ੍ਰਿਤਸਰ (274) ਅਤੇ ਪਟਿਆਲਾ (263) ਦਾ ਨੰਬਰ ਆਉਂਦਾ ਹੈ। ਗੁਆਂਢੀ ਸੂਬੇ ਹਰਿਆਣਾ ਦੇ ਹਿਸਾਰ 'ਚ ਸੱਭ ਤੋਂ ਜ਼ਿਆਦਾ ਮਾੜੀ ਹਵਾ ਦਰਜ ਕੀਤੀ ਗਈ ਜਿੱਥੇ ਹਵਾ ਕੁਆਲਿਟੀ ਸੂਚਕ ਅੰਕ (ਏ.ਕਿਊ.ਆਈ.) 487 'ਤੇ ਪਹੁੰਚ ਗਿਆ ਹੈ। ਹਰਿਆਣਾ ਦੇ ਜੀਂਦ ਦਾ ਏ.ਕਿਊ.ਆਈ. 456, ਫ਼ਰੀਦਾਬਾਦ ਦਾ 486, ਕੈਥਲ ਦਾ 408 ਰਿਹਾ, ਜੋ ਕਿ 'ਗੰਭੀਰ' ਸ਼੍ਰੇਣੀ 'ਚ ਆਉਂਦਾ ਹੈ।

ਅੰਕੜਿਆਂ ਅਨੁਸਾਰ ਅੰਬਾਲਾ ਦਾ ਏ.ਕਿਊ.ਆਈ. 374, ਗੁਰੂਗ੍ਰਾਮ ਦਾ 364, ਭਿਵਾਨੀ ਦਾ 372, ਕਰਨਾਲ ਦਾ 362, ਕੁਰੂਕੁਸ਼ੇਤਰ ਦਾ 376, ਪਲਵਲ ਦਾ 369, ਪਾਨੀਪਤ ਦਾ 390, ਰੋਹਤਕ ਦਾ 365 ਅਤੇ ਯਮੁਨਾਨਗਰ ਦਾ 346 ਰਿਹਾ ਜੋ 'ਬੇਹੱਦ ਖ਼ਰਾਬ' ਦੀ ਸ਼੍ਰੇਣੀ 'ਚ ਆਉਂਦਾ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ 'ਚ ਏ.ਕਿਊ.ਆਈ. 280 ਰਿਹਾ ਜੋ ਕਿ 'ਖ਼ਰਾਬ' ਮੰਨਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ 0-50 ਏ.ਕਿਊ.ਆਈ. ਨੂੰ ਚੰਗਾ, 51-100 ਨੂੰ 'ਸੰਤੋਸ਼ਜਨਕ', 101-200 ਨੂੰ ਆਮ, 201-300 ਨੂੰ 'ਖ਼ਰਾਬ), 301-4000 ਨੂੰ 'ਬੇਹੱਦ ਖ਼ਰਾਬ', 401-500 ਨੂੰ 'ਗੰਭੀਰ' ਅਤੇ 500 ਤੋਂ ਜ਼ਿਆਦਾ ਨੂੰ 'ਅਤਿ ਗੰਭੀਰ ਜਾਂ ਐਮਰਜੈਂਸੀ' ਮੰਨਿਆ ਜਾਂਦਾ ਹੈ।

ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਕਿਹਾ ਕਿ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ 'ਚ ਧੁੰਦ ਛਾਈ ਹੋਈ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਮੀਂਹ ਪੈ ਸਕਦਾ ਹੈ ਜਿਸ ਨਾਲ ਲੋਕਾਂ ਨੂੰ ਧੁੰਦ ਤੋਂ ਛੁਟਕਾਰਾ ਮਿਲੇਗਾ। ਪਰਾਲੀ ਸਾੜਨ ਕਰ ਕੇ ਪ੍ਰਦੂਸ਼ਣ ਵਧਣ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਪਰਾਲੀ ਸਾੜਨ 'ਤੇ ਲੱਗੀ ਪਾਬੰਦੀ ਦੀ ਅਣਦੇਖੀ ਕਰ ਰਹੇ ਹਨ। ਪੰਜਾਬ 'ਚ ਪਰਾਲੀ ਸਾੜਨ ਦੇ 22 ਹਜ਼ਾਰ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਹਰਿਆਣਾ 'ਚ 42 ਹਜ਼ਾਰ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ। 

ਦਿੱਲੀ ਦੀ ਦਮਘੋਟੂ ਹਵਾ ਨੇ ਬੱਚਿਆਂ ਅਤੇ ਬਜ਼ੁਰਗਾਂ ਦੀ ਵਧਾਈ ਮੁਸੀਬਤ

ਜ਼ਹਿਰੀਲੀ ਹਵਾ 'ਚ ਪਰਾਲੀ ਦੇ ਪ੍ਰਦੂਸ਼ਣ ਦੀ ਮਾਤਰਾ ਘਟ ਕੇ 17 ਫ਼ੀ ਸਦੀ ਹੋਈ
ਨਵੀਂ ਦਿੱਲੀ : ਦੀਵਾਲੀ ਤੋਂ ਬਾਅਦ ਪਿਛਲੇ ਪੰਜ ਦਿਨਾਂ ਅੰਦਰ ਦਿੱਲੀ 'ਚ ਹਵਾ ਪ੍ਰਦੂਸ਼ਣ 'ਚ ਤੇਜ਼ੀ ਨਾਲ ਆਈ ਗਿਰਾਵਟ ਨਾਲ ਰਾਸ਼ਅਰੀ ਰਾਜਧਾਨੀ 'ਚ ਨਾ ਸਿਰਫ਼ ਮਰੀਜ਼ਾਂ ਦੀ ਮੁਸੀਬਤ ਵਧੀ ਹੈ ਬਲਕਿ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਖ਼ਤਰੇ 'ਚ ਵਾਧਾ ਹੋਇਆ ਹੈ। ਦਮਘੋਟੂ ਹਵਾ ਦਾ ਸਿੱਧਾ ਅਸਰ ਸਿਹਤ ਸੇਵਾਵਾਂ 'ਤੇ ਵੀ ਪਿਆ ਹੈ ਅਤੇ ਦਿੱਲੀ ਸਥਿਤ ਏਮਜ਼ ਹਸਪਤਾਲ 'ਚ ਸਾਹ ਲੈਣ ਅਤੇ ਦਿਲ ਦੇ ਮਰੀਜ਼ਾਂ ਦੀ ਗਿਣਤੀ 'ਚ 15 ਤੋਂ 20 ਫ਼ੀ ਸਦੀ ਵਾਧਾ ਦਰਜ ਕੀਤਾ ਗਿਆ ਹੈ।

ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕਿਹਾ ਕਿ ਹਰ ਸਾਲ ਵਾਂਗ ਇਸ ਸਾਲ ਵੀ ਦੀਵਾਲੀ ਮਗਰੋਂ ਹਵਾ ਪ੍ਰਦੂਸ਼ਣ ਕਰ ਕੇ ਸਾਹ ਅਤੇ ਦਿਲ ਦੇ ਰੋਗ ਵਿਭਾਗ ਦੀ ਓ.ਪੀ.ਡੀ. ਅਤੇ ਐਮਰਜੈਂਸੀ ਸੇਵਾ ਦੇ ਮਰੀਜ਼ਾਂ ਦੀ ਗਿਣਤੀ ਪਿਛਲੇ ਪੰਜ ਦਿਨਾਂ 'ਚ 20 ਫ਼ੀ ਸਦੀ ਤਕ ਵਧੀ ਹੈ। ਉਨ੍ਹਾਂ ਕਿਹਾ ਕਿ ਏਨੀ ਗੰਦੀ ਹਵਾ 'ਚ ਮਾਸਕ ਦਾ ਪ੍ਰਯੋਗ ਵੀ ਜ਼ਿਆਦਾ ਦੇਰ ਤਕ ਨਹੀਂ ਕੀਤਾ ਜਾ ਸਕਦਾ। ਉਧਰ ਹਵਾ ਕੁਆਲਿਟੀ ਨਿਗਰਾਨੀ ਇਕਾਈ 'ਸਫ਼ਰ' ਨੇ ਜਾਣਕਾਰੀ ਦਿਤੀ ਹੈ ਕਿ ਦਿੱਲੀ ਦੀ ਜ਼ਹਿਰੀਲੀ ਹਵਾ 'ਚ ਪਰਾਲੀ ਸਾੜਨ ਨਾਲ ਹੋਣ ਵਾਲੇ ਪ੍ਰਦੂਸ਼ਣ ਦੀ ਹਿੱਸੇਦਾਰੀ ਸ਼ੁਕਰਵਾਰ ਦੇ 44 ਫ਼ੀ ਸਦੀ (ਇਸ ਮੌਸਮ ਦੇ ਸੱਭ ਤੋਂ ਜ਼ਿਆਦਾ) ਤੋਂ ਘੱਟ ਕੇ ਸਨਿਚਰਵਾਰ ਨੂੰ 17 ਫ਼ੀ ਸਦੀ 'ਤੇ ਆ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।