ਖੇਤੀ ਕਾਨੂੰਨਾਂ ’ਚ ਸੁਧਾਰ ਲਈ ਤਿਆਰ ਹੋਈ ਸਰਕਾਰ, ਕਿਸਾਨ ਰੱਦ ਕਰਨ ’ਤੇ ਅੜੇ, ਅਗਲੀ ਮੀਟਿੰਗ 5 ਨੂੰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋਵਾਂ ਧਿਰਾਂ ਨੇ ਮੀਟਿੰਗ ਨੂੰ ਚੰਗੇ ਮਾਹੌਲ ਹੋਣ ਦੀ ਗੱਲ ਕਹੀ

file photo

ਚੰਡੀਗੜ੍ਹ : ਕਿਸਾਨਾਂ ਦੇ ਸੰਘਰਸ਼ ਸਾਹਮਣੇ ਕੇਂਦਰ ਸਰਕਾਰ ਝੁਕਦੀ ਵਿਖਾਈ ਦੇ ਰਹੀ ਹੈ। ਕੇਂਦਰ ਸਰਕਾਰ ਖੇਤੀ ਕਾਨੂੰਨਾਂ ਵਿਚ ਸੋਧ ਕਰਨ ਲਈ ਰਾਜ਼ੀ ਹੋ ਗਈ ਹੈ ਜਦਕਿ ਕਿਸਾਨ ਕਾਨੂੰਨਾਂ ਨੂੰ ਰੱਦ ਕਰਨ ’ਤੇ ਅੜ ਗਏ ਹਨ। 

ਕੇਂਦਰ ਸਰਕਾਰ ਨੇ ਕਿਸਾਨਾਂ ਦੇ ਸਾਰੇ ਸ਼ੰਕਿਆਂ ਦੀ ਲਿਸਟ ਤਿਆਰ ਕਰ ਕੇ ਉਸ ’ਤੇ ਵਿਚਾਰ ਕਰਨ ਲਈ ਹਾਮੀ ਭਰ ਭਰਦਿਆਂ ਮੁੜ 5 ਤਰੀਕ ਦੀ ਮੀਟਿੰਗ ਬੁਲਾ ਲਈ ਹੈ। ਕੇਂਦਰੀ ਖੇਤੀ ਮੰਤਰੀ ਨਰਿੰਦਰ ਤੋਮਰ ਮੁਤਾਬਕ ਮੀਟਿੰਗ ਚੰਗੇ ਮਾਹੌਲ ਵਿਚ ਹੋਈ ਹੈ ਅਤੇ ਕਿਸਾਨਾਂ ਦੇ ਸ਼ੰਕੇ ਸਹੀ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਸਰਕਾਰ ਵਚਨਬੱਧ ਹੈ। 

ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਮੀਟਿੰਗ ’ਚ ਸੰਤੁਸ਼ਟੀ ਜ਼ਾਹਰ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਾਨੂੰਨਾਂ ’ਚ ਸੋਧ ਕਰਨ ਲਈ ਰਾਜ਼ੀ ਹੋਈ ਹੈ ਪਰ ਅਸੀਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਰੱਖੀ ਹੈ। ਕਿਸਾਨ ਆਗੂਆਂ ਮੁਤਾਬਕ ਉਹ ਕਾਨੂੰਨਾਂ ’ਚ ਸੋਧ ਨਹੀਂ, ਬਲਕਿ ਕਾਨੂੰਨਾਂ ਨੂੰ ਮੂਲੋਂ ਰੱਦ ਕਰਵਾਉਣਾ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਮੀਟਿੰਗ ਦੌਰਾਨ ਤਿੰਨ ਘੰਟੇ ਤਕ ਦੋਵਾਂ ਧਿਰਾਂ ਨੇ ਆਪੋ ਆਪਣਾ ਪੱਖ ਰੱਖਿਆ। ਕਿਸਾਨਾਂ ਦੇ ਸ਼ੰਕਿਆਂ ਅਤੇ ਸਵਾਲਾਂ ਸਾਹਮਣੇ ਸਰਕਾਰੀ ਪੱਖ ਲਾਜਵਾਬ ਸੀ।