ਪੁਲਾੜ ਖੇਤਰ 'ਚ ਚੀਨ ਨੇ ਰਚਿਆ ਇਤਿਹਾਸ ਚੰਦ 'ਤੇ ਉਤਾਰਿਆ ਸਪੇਸਕ੍ਰਾਫਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਨ ਨੇ ਪੁਲਾੜ ਦੇ ਖੇਤਰ ਵਿਚ ਇਕ ਵੱਡਾ ਮੀਲ ਪੱਥਰ ਸਥਾਪਤ ਕਰਦਿਆਂ ਉਹ ਕੰਮ ਕਰ ਦਿਖਾਇਆ ਹੈ ਜੋ ਅੱਜ ਤਕ ਅਮਰੀਕਾ ਸਮੇਤ ਕੋਈ ਦੇਸ਼ ਨਹੀਂ ਕਰ ਸਕਿਆ.....

Spacecraft

ਨਵੀਂ ਦਿੱਲੀ : ਚੀਨ ਨੇ ਪੁਲਾੜ ਦੇ ਖੇਤਰ ਵਿਚ ਇਕ ਵੱਡਾ ਮੀਲ ਪੱਥਰ ਸਥਾਪਤ ਕਰਦਿਆਂ ਉਹ ਕੰਮ ਕਰ ਦਿਖਾਇਆ ਹੈ ਜੋ ਅੱਜ ਤਕ ਅਮਰੀਕਾ ਸਮੇਤ ਕੋਈ ਦੇਸ਼ ਨਹੀਂ ਕਰ ਸਕਿਆ। ਦਰਅਸਲ ਚੀਨ ਨੇ ਚੰਦਰਮਾ ਦੇ ਬਾਹਰੀ ਹਿੱਸੇ 'ਤੇ ਇਤਿਹਾਸ ਵਿਚ ਪਹਿਲੀ ਵਾਰ ਚਾਂਗਏ-4 ਨਾਂ ਦਾ ਸਪੇਸਕ੍ਰਾਫਟ ਉਤਾਰਨ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2013 ਵਿਚ ਚੀਨ ਨੇ ਚੰਦ 'ਤੇ ਇਰ ਰੋਵਰ ਉਤਾਰਿਆ ਸੀ, ਜਦਕਿ ਅਮਰੀਕਾ ਅਤੇ ਸੋਵੀਅਤ ਸੰਘ ਨੇ ਵੀ ਉਥੇ ਲੈਡਿੰਗ ਕਰਵਾਈ ਸੀ, ਪਰ ਚਾਂਗਏ-4 ਨੂੰ ਚੰਦ ਦੇ ਉਸ ਹਿੱਸੇ 'ਤੇ ਉਤਾਰਿਆ ਗਿਆ ਹੈ ਜੋ ਕਿ ਧਰਤੀ ਤੋਂ ਦੂਰ ਹੈ।

ਚੀਨ ਨੇ ਚੰਦ 'ਤੇ ਅਜਿਹੀ ਥਾਂ 'ਤੇ ਅਪਣਾ ਸਪੇਸਕ੍ਰਾਫਟ ਉਤਾਰਿਆ ਹੈ, ਜਿਥੇ ਅਜੇ ਤੱਕ ਕੋਈ ਨਹੀਂ ਪੁੱਜ ਸਕਿਆ। ਚੀਨ ਨੇ ਪੁਲਾੜ ਪ੍ਰਬੰਧਨ 'ਤੇ ਬਾਰੀਕੀ ਨਾਲ ਕੰਮ ਕਰਨ ਵਾਲੀ ਮਕਾਊ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੌਜੀ ਦੇ ਪ੍ਰੋਫੈਸਰ ਝੂ ਮੇਂਘੂਆ ਨੇ ਕਿਹਾ ਕਿ ਇਸ ਪੁਲਾੜ ਮੁਹਿੰਮ ਤੋਂ ਪਤਾ ਲਗਦੈ ਕਿ ਡੂੰਘੀ ਸਪੇਸ ਖੋਜ ਵਿਚ ਵਿਕਸਤ ਚੀਨ ਦੁਨੀਆਵੀ ਪੱਧਰ ਤਕ ਪਹੁੰਚ ਚੁੱਕਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਆਰਟੀਫਿਸ਼ੀਅਲ ਇੰਟੈਲੀਜੈਂਸ, ਕਵਾਂਟਮ ਕੰਪਿਊਟਿੰਗ ਅਤੇ ਦੂਜੇ ਖੇਤਰਾਂ ਵਿਚ ਅਮਰੀਕਾ ਨੂੰ ਵੱਡੀ ਚੁਣੌਤੀ ਦੇ ਸਕਦਾ ਹੈ।  

ਚੀਨ 2022 ਤੱਕ ਤੀਜੇ ਪੁਲਾੜ ਸਟੇਸ਼ਨ ਦਾ ਕੰਮ ਪੂਰੀ ਤਰ੍ਹਾਂ ਸ਼ੁਰੂ ਕਰਨ ਦੀ ਯੋਜਨਾ ਵੀ ਬਣਾ ਰਿਹਾ ਹੈ। 2008 ਵਿਚ ਭਾਰਤੀ ਪੁਲਾੜ ਖੋਜ ਕੇਂਦਰ ਇਸਰੋ ਵੀ ਇਸ 'ਤੇ ਕੰਮ ਕਰ ਚੁੱਕਿਆ ਹੈ ਪਰ ਉਸ ਨੇ ਚੰਦਰਯਾਨ-1 ਨੂੰ ਚੰਦ 'ਤੇ ਉਤਾਰਿਆ ਨਹੀਂ ਸੀ ਬਲਕਿ ਦੀ ਪਰਿਕਰਮਾ ਲਈ ਭੇਜਿਆ ਗਿਆ ਸੀ। ਇਸਰੋ ਇਸ ਮਹੀਨੇ ਦੇ ਆਖਰ ਤਕ ਅਪਣੇ ਦੂਜੇ ਚੰਦ ਮਿਸ਼ਨ ਚੰਦਰਯਾਨ-2 ਦੀ ਲਾਂਚਿਗ ਕਰ ਸਕਦਾ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਚੀਨ ਨਕਲੀ ਚੰਦ ਅਤੇ ਸੂਰਜ ਬਣਾਉਣ ਦੀ ਗੱਲ ਆਖ ਕੇ ਪੂਰੀ ਦੁਨੀਆਂ ਨੂੰ ਹੈਰਾਨੀ ਵਿਚ ਪਾ ਚੁੱਕਿਆ ਹੈ। ਹੁਣ ਚੀਨੀ ਵਿਗਿਆਨੀਆਂ ਨੇ ਪੁਲਾੜ ਦੇ ਖੇਤਰ ਵਿਚ ਇਹ ਵੱਡੀ ਮੱਲ ਮਾਰ ਕੇ ਪੂਰੀ ਦੁਨੀਆਂ ਨੂੰ ਅਪਣੀ ਕਾਬਲੀਅਤ ਦਾ ਲੋਹਾ ਮੰਨਵਾਇਆ ਹੈ।