ਸਰਹੱਦ ਪਾਰੋਂ ਹੋਇਆ ਪੰਜਾਬ ਦੀ ਕਿਸਾਨੀ 'ਤੇ ਹਮਲਾ, ਸਰਹੱਦੀ ਜ਼ਿਲ੍ਹਿਆਂ 'ਚ ਹਾਈ ਅਲਰਟ!

ਏਜੰਸੀ

ਖ਼ਬਰਾਂ, ਪੰਜਾਬ

ਰਾਤ 10 ਤੋਂ ਢਾਈ ਤੇ ਸਵੇਰੇ 6 ਤੋਂ 10 ਵਜੇ ਤਕ ਚਲਾਇਆ ਗਿਆ ਅਪਰੇਸ਼ਨ

file photo

ਚੰਡੀਗੜ੍ਹ : ਆਰਥਿਕ ਮੰਦੀ ਦਾ ਸ਼ਿਕਾਰ ਹੋਈ ਕਿਸਾਨੀ ਨੂੰ ਹੁਣ ਪਾਕਿਸਤਾਨ ਵਾਲੇ ਪਾਸਿਓ ਆ ਰਹੀ ਵੱਡੀ ਮੁਸੀਬਤ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਟਿੱਡੀ ਦਲ ਰੂਪੀ ਇਸ ਮੁਸੀਬਤ ਨੇ ਕਿਸਾਨਾਂ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿਤੀ ਹੈ। ਕਿਸਾਨ ਹੁਣ ਸਵੇਰੇ ਮੂੰਹ-ਹਨੇਰੇ ਹੀ ਖੇਤਾਂ ਵੱਲ ਨੂੰ ਭੱਜ ਤੁਰਦੇ ਹਨ। ਕਿਸਾਨਾਂ ਨੂੰ ਸਰਹੱਦ ਪਾਰੋ ਆ ਰਹੇ ਟਿੱਡੀ ਦਲ ਵਲੋਂ ਫ਼ਸਲਾਂ ਦੇ ਉਜਾੜੇ ਦੀ ਚਿੰਤਾ ਸਤਾ ਰਹੀ ਹੈ। ਸਰਕਾਰ ਵਲੋਂ ਵੀ ਇਸ ਮੁਸੀਬਤ ਨਾਲ ਨਜਿੱਠਣ ਲਈ ਸਰਹੱਦੀ ਜ਼ਿਲ੍ਹਿਆਂ ਅੰਦਰ ਹਾਈ ਅਲਰਟ ਜਾਰੀ ਕਰ ਦਿਤਾ ਗਿਆ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਸਵਤੰਤਰ ਕੁਮਾਰ ਐਰੀ ਨੇ ਦਸਿਆ ਕਿ ਰਾਜਸਥਾਨ ਅੰਦਰ ਟਿੱਡੀ ਦਲ ਵਲੋਂ ਫ਼ਸਲਾਂ ਦੀ ਮਚਾਈ ਤਬਾਹੀ ਦੇ ਮੱਦੇਨਜ਼ਰ ਪੰਜਾਬ ਦੇ ਕੌਮਾਂਤਰੀ ਸਰਹੱਦ ਨਾਲ ਲਗਦੇ ਜ਼ਿਲ੍ਹਿਆਂ ਫਿਰੋਜਪੁਰ, ਫਾਜ਼ਿਲਕਾ, ਬਠਿੰਡਾ, ਮਾਨਸਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਪਹਿਲਾਂ ਹੀ ਹਾਈ ਅਲਰਟ 'ਤੇ ਰੱਖਿਆ ਗਿਆ ਸੀ।

ਉਨ੍ਹਾਂ ਦਸਿਆ ਕਿ ਇਸੇ ਦੌਰਾਨ 2 ਫ਼ਰਵਰੀ ਨੂੰ ਰਾਤ ਦੇ 8 ਵਜੇ ਉਨ੍ਹਾਂ ਨੂੰ ਫਾਜਿਲਕਾ ਦੇ ਨੇੜਲੇ ਇਲਾਕਿਆਂ ਅੰਦਰ ਟਿੱਡੀ ਦਲ ਦੀ ਆਮਦ ਸਬੰਧੀ ਸੂਚਨਾ ਮਿਲੀ। ਇਸ ਸੂਚਨਾ ਨੂੰ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ ਵਿਕਾਸ ਵਿਸ਼ਵਜੀਤ ਖੰਨਾ ਅਤੇ ਸਕੱਤਰ ਕਾਹਨ ਸਿੰਘ  ਪੰਨੂ ਦੇ ਧਿਆਨ ਵਿਚ ਲਿਆਉਣ ਬਾਅਦ ਉਹ ਫਾਜਿਲਕਾ ਲਈ ਰਵਾਨਾ ਹੋ ਗਏ।

ਇਸ ਤੋਂ ਬਾਅਦ ਉਨ੍ਹਾਂ ਵਲੋਂ ਬਾਦ-ਦੁਪਹਿਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਦੇਰ ਰਾਤ ਹੀ ਉਨ੍ਹਾਂ ਨੇ ਫਾਜਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫਰੀਦਕੋਟ ਦੇ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਮੀਟਿੰਗ ਦੌਰਾਨ ਉਨ੍ਹਾਂ ਵਲੋਂ ਚਾਰ ਟੀਮਾਂ ਗਠਨ ਕੀਤਾ ਗਿਆ।

ਇਹ ਚਾਰੇ ਟੀਮਾਂ ਟਿੱਡੀ ਦਲ ਦੀ ਮੌਜੂਦਗੀ ਵਾਲੇ ਸਰਹੱਦ ਨੇੜਲੇ ਇਲਾਕਿਆਂ ਰੂਪਨਗਰ ਅਤੇ ਬਾਰੇਕੇ ਵਿਖੇ ਪਹੁੰਚੀਆਂ ਜਿੱਥੇ ਇਨ੍ਹਾਂ ਦੀ ਦੇਖ-ਰੇਖ ਹੇਠ ਪਾਕਿਸਤਾਨ ਵਾਲੇ ਪਾਸਿਓਂ ਸਰਹੱਦ ਪਾਰ ਕਰ ਕੇ ਆਏ ਟਿੱਡੀ ਦਲ ਵਿਰੁਧ ਕਾਰਵਾਈ ਅਰੰਭੀ। ਇਹ ਟਿੱਡੀ ਦਲ ਸਰਹੱਦ ਨੇੜਲੇ ਲਗਭਗ 3 ਕਿਲੋਮੀਟਰ ਇਲਾਕੇ ਅੰਦਰ ਰੁੱਖਾਂ 'ਤੇ ਬੈਠਿਆ ਹੋਇਆ ਮਿਲਿਆ।

ਟਿੱਡੀ ਦਲ ਨੂੰ ਖ਼ਤਮ ਕਰਨ ਲਈ 4 ਬੂਮ ਸਪਰੇਅ, 3 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਲਗਭਗ 15 ਕਿਸਾਨਾਂ ਦੇ ਸਪਰੇਅ ਵਾਲੇ ਪੰਪਾਂ ਦਾ ਇਸਤੇਮਾਲ ਕੀਤਾ ਗਿਆ। ਟਿੱਡੀ ਦਲ ਦੇ ਖ਼ਾਤਮੇ ਲਈ ਕੀਟਨਾਸ਼ਕ ਦਵਾਈ ਵਿਭਾਗ ਵਲੋਂ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ।

ਉਨ੍ਹਾਂ ਦਸਿਆ ਕਿ ਟਿੱਡੀ ਦਲ ਨੂੰ ਮਾਰਨ ਦਾ ਅਪ੍ਰਰੇਸ਼ਨ ਰਾਤ 10 ਵਜੇ ਤੋਂ ਰਾਤ ਢਾਈ ਵਜੇ ਤਕ ਅਤੇ ਫਿਰ ਸਵੇਰੇ 6 ਵਜੇ ਤੋਂ 10 ਵਜੇ ਤਕ ਚਲਾਇਆ ਗਿਆ। ਉਨ੍ਹਾਂ ਨੇ ਟੀਮਾਂ ਨੂੰ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਅੰਦਰਲੇ ਪਿੰਡਾਂ ਵਿਚ ਲਗਾਤਾਰ ਨਿਗਰਾਨੀ ਰੱਖਣ ਦੀ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਮਾਮਲੇ ਵਿਚ ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀ ਅਤੇ ਕਰਮਚਾਰੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਕਿਹਾ ਕਿ ਕਿਸੇ ਵੀ ਕਰਮਚਾਰੀ ਨੂੰ ਬਿਨਾਂ ਆਗਿਆ ਛੁੱਟੀ 'ਤੇ ਜਾਣ ਦੀ ਇਜ਼ਾਜਤ ਨਹੀਂ ਹੈ।