''ਜਦੋਂ ਬਜਟ 'ਚ ਪੰਜਾਬ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ ਉਦੋਂ ਹਰਸਿਮਰਤ ਬਾਦਲ ਕਿੱਥੇ ਸੀ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਤੱਥਾਂ ਸਹਿਤ ਦੱਸਣ ਕਿ ਇਹ ਬਜਟ ਕਿਸਾਨ ਤੇ ਗਰੀਬ ਪੱਖੀ ਕਿਵੇਂ ਹੈ- ਹਰਦਿਆਲ ਕੰਬੋਜ

File Photo

ਚੰਡੀਗੜ੍ਹ : ਸੀ.ਐਪ.ਪੀ ਦੇ ਚੀਫ਼ ਵਿਪ ਅਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕਿਹਾ ਕਿ ਨਵਾਂ ਕੇਂਦਰੀ ਬਜਟ ਕਿਸਾਨ ਤੇ ਗਰੀਬ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਮੰਦੀ ਤੇ ਮਹਿੰਗਾਈ ਦੀ ਮਾਰ ਝੱਲ ਰਹੇ ਗਰੀਬਾਂ ਅਤੇ ਕਿਸਾਨਾਂ ਕੇਂਦਰ ਸਰਕਾਰ ਦੇ ਨਵੇਂ ਬਜਟ ਦਾ ਕੋਈ ਲਾਭ ਨਹੀਂ ਹੋਵੇਗਾ।

ਹਰਦਿਆਲ ਕੰਬੋਜ ਨੇ ਕਿਹਾ ਕਿ ਕੇਂਦਰੀ ਬਜਟ 2020-21 ਨੂੰ ਕਿਸਾਨ ਤੇ ਗਰੀਬ ਪੱਖੀ ਦੱਸਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੱਥਾਂ ਸਹਿਤ ਦੱਸਣ ਕਿ ਇਹ ਬਜਟ ਕਿਸਾਨ ਅਤੇ ਗਰੀਬ ਪੱਖੀ ਕਿਵੇਂ ਹੈ? ਹਰਦਿਆਲ ਸਿੰਘ ਕੰਬੋਜ ਅਨੁਸਾਰ ਸੁਖਬੀਰ ਬਾਦਲ ਭਾਜਪਾ ਦੇ ਮੋਹ ਵਿੱਚ ਸਿਰਫ ਉਹੀ ਬਿਆਨ ਦਿੰਦੇ ਹਨ ਜੋ ਭਾਜਪਾ ਨੂੰ ਚੰਗੇ ਲੱਗਣ ਅਤੇ ਅਜਿਹੇ ਬਿਆਨ ਦਾਗਣ ਲੱਗਿਆਂ ਉਹ ਪੰਜਾਬ ਦੇ ਹਿੱਤਾਂ ਨੂੰ ਵੀ ਭੁੱਲ ਜਾਂਦੇ ਹਨ।

ਉਨ੍ਹਾਂ ਆਖਿਆ ਕਿ ਸੁਖਬੀਰ ਬਾਦਲ ਮਹਿਜ਼ ਬਾਦਲ ਪਰਿਵਾਰ ਨੂੰ ਕੇਂਦਰ ਵਿੱਚ ਮਿਲੀ ਵਜੀਰੀ ਬਚਾਉਣ ਲਈ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਨੂੰ ਕਿਸੇ ਵੀ ਹੱਦ ਤੱਕ ਖੂੰਜੇ ਲਾ ਸਕਦੇ ਹਨ। ਵਿਧਾਇਕ ਕੰਬੋਜ ਨੇ ਕਿਹਾ ਕਿ ਕੇਂਦਰੀ ਮੰਡਲ ਵਿੱਚ ਭਾਗੀਦਾਰ ਹੋਣ ਦੇ ਬਾਵਜੂਦ ਪੰਜਾਬ ਦੇ ਤਿੰਨਾਂ ਮੰਤਰੀਆਂ ਵਿੱਚੋਂ ਕਿਸੇ ਨੇ ਵੀ ਪੰਜਾਬ ਜਾਂ ਦੇਸ਼ ਭਰ ਵਿੱਚ ਕਰਜ਼ੇ ਦੇ ਬੋਝ ਹੇਠਾਂ ਦੱਬੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਅਤੇ ਗਰੀਬੀ ਖਤਮ ਕਰਨ ਦਾ ਮੁੱਦਾ ਨਹੀਂ ਚੁੱਕਿਆ।

ਉਨ੍ਹਾਂ ਕਿਹਾ ਕਿ ਖੁਦ ਨੂੰ ਪੰਜਾਬ ਪੱਖੀ ਅਖਵਾਉਣ ਵਾਲੇ ਬਾਦਲ ਪਰਿਵਾਰ ਦੀ ਨੂੰਹ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਉਸ ਵੇਲੇ ਕਿੱਥੇ ਸੀ ਜਦੋਂ ਇਸ ਬਜਟ ਵਿੱਚ ਪੰਜਾਬ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਸੀ। ਕੰਬੋਜ ਅਨੁਸਾਰ ਬਜਟ ਵਿੱਚ ਐਮ.ਐਸ.ਪੀ. ਤੋਂ ਬਿਨਾਂ ਵਾਲੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਉਣ ਲਈ ਕੁਝ ਨਹੀਂ ਹੈ ਅਤੇ ਇਸ ਤੋਂ ਬਿਨਾਂ ਫਸਲੀ ਵਿਭਿੰਨਤਾ ਦਾ ਆਉਣਾ ਸੰਭਵ ਨਹੀਂ ਹੈ।