ਕੋਰੋਨਾ ਵਾਇਰਸ ਨੂੰ ਲੈ ਕੇ ਚੌਕਸ ਹੋਇਆ ਪੰਜਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਵਿਭਾਗ ਵੱਲੋਂ ਸਕੂਲਾਂ ‘ਚ ਐਡਵਾਇਜ਼ਰੀ ਜਾਰੀ

Photo

ਲੁਧਿਆਣਾ: ਚੀਨ ਦੇ ਵੂਹਾਨ ਤੋਂ ਸ਼ੁਰੂ ਹੋਈ ਜਾਨਲੇਵਾ ਬਿਮਾਰੀ ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਹੈ। ਚੀਨ ਵਿਚ ਪੈਦਾ ਹੋਈ ਇਸ ਭਿਆਨਕ ਬਿਮਾਰੀ ਨੂੰ ਲੈ ਕੇ ਭਾਰਤ ਵਿਚ ਵੀ ਅਲਰਟ ਜਾਰੀ ਹੈ। ਭਾਰਤ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਵੱਲੋਂ ਅਪਣੇ ਨਾਗਰਿਕਾਂ ਨੂੰ ਬਚਾਉਣ ਲਈ ਹੱਲ ਕੱਢੇ ਜਾ ਰਹੇ ਹਨ।

ਕੋਰੋਨਾ ਵਾਇਰਸ ਦੇ ਵਧ ਰਹੇ ਪ੍ਰਭਾਵ ਦੇ ਚਲਦਿਆਂ ਪੰਜਾਬ ਸਰਕਾਰ ਵੀ ਚੌਕਸ ਹੈ। ਇਸ ਸਬੰਧੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਸਾਰੇ ਸਕੂਲਾਂ ਵਿਚ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਇਸ ਐਡਵਾਇਜ਼ਰੀ ਦੇ ਤਹਿਤ ਜਿਸ ਵੀ ਬੱਚੇ ਨੂੰ ਖਾਂਸੀ, ਜ਼ੁਕਾਮ ਜਾਂ ਕੋਰੋਨਾ ਵਾਇਰਸ ਵਰਗੇ ਲੱਛਣ ਪਾਏ ਜਾਂਦੇ ਹਨ ਤਾਂ ਉਸ ਨੂੰ ਬਿਨਾਂ ਕਿਸੇ ਮੈਡੀਕਲ ਤੋਂ ਹਫਤੇ ਦੀ ਛੁੱਟੀ ਦਿੱਤੀ ਜਾਵੇਗੀ।

ਇਸ ਦੇ ਨਾਲ ਹੀ ਸੂਬੇ ਦੇ ਵੱਖ-ਵੱਖ ਸਕੂਲਾਂ ਵਿਚ ਬੱਚਿਆਂ ਨੂੰ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਜ਼ਿਲ੍ਹਾ ਲੁਧਿਆਣਾ ਦੇ ਸਿੱਖਿਆ ਅਫਸਰ ਸਵਰਨਜੀਤ ਕੌਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਵਧ ਰਹੇ ਖਤਰੇ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਿਰਦੇਸ਼ ਦਿੱਤੇ ਗਏ ਹਨ ਕਿ ਸਕੂਲਾਂ ਵਿਚ ਵਾਇਰਸ ਵਰਗੇ ਲੱਛਣ ਮਿਲਣ ‘ਤੇ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਮੈਡੀਕਲ ਇਕ ਹਫਤੇ ਦੀ ਛੁੱਟੀ ਦਿੱਤੀ ਜਾਵੇਗੀ।

ਉਹਨਾਂ ਕਿਹਾ ਹੈ ਕਿ ਇਹ ਨਿਰਦੇਸ਼ ਪ੍ਰਾਇਮਰੀ ਤੇ ਸੈਕੰਡਰੀ ਸਾਰੇ ਹੀ ਸਕੂਲਾਂ ਲਈ ਜਾਰੀ ਹੋਏ ਹਨ ਅਤੇ ਇਸ ਤੋਂ ਇਲਾਵਾ ਨਿੱਜੀ ਸਕੂਲਾਂ ਨੂੰ ਵੀ ਇਸ ਸਬੰਧੀ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਦੱਸਣਯੋਗ ਹੈ ਕਿ ਭਾਰਤ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਤਿੰਨ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਤਿੰਨੋ ਮਰੀਜ਼ ਕੇਰਲ ਦੇ ਰਹਿਣ ਵਾਲੇ ਹਨ। ਕੇਰਲ ਤੋਂ ਬਾਅਦ ਭਾਰਤ ਦੇ ਹੋਰ ਕਈ ਸੂਬਿਆਂ ਵਿਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲੇ ਸਾਹਮਣੇ ਆ ਰਹੇ ਹਨ।

ਕੋਰੋਨਾ ਵਾਇਰਸ ਦੇ ਲੱਛਣ
ਬੁਖ਼ਾਰ ਹੋਣਾ, ਸਾਹ ਲੈਣ ਵਿਚ ਮੁਸ਼ਕਲ ਹੋਣਾ, ਸਰਦੀ-ਜ਼ੁਕਾਮ, ਖਾਂਸੀ ਹੋਣਾ, ਸਿਰ-ਦਰਦ ਅਤੇ ਸਰੀਰ ਦੇ ਅੰਗਾਂ ਦਾ ਸੁੰਨ ਪੈ ਜਾਣਾ। ਦੱਸ ਦਈਏ ਕਿ ਕੋਰੋਨਾ ਵਾਇਰਸ ਵਿਚ ਕਿਸੇ ਵੀ ਕਿਸਮ ਦੀ ਕੋਈ ਐਂਟੀਬਾਇਓਟਿਕ ਕੰਮ ਨਹੀਂ ਕਰ ਰਹੀ ਹੈ।

ਕੋਰੋਨਾ ਵਾਇਰਸ ਤੋਂ ਬਚਾਅ
ਇਸ ਦਾ ਬਚਾਅ ਬਿਮਾਰ ਲੋਕਾਂ ਤੋਂ ਦੂਰ ਰਹਿ ਕੇ ਕੀਤਾ ਜਾ ਸਕਦਾ ਹੈ। ਆਪਣੇ ਹੱਥਾਂ ਨੂੰ ਸਾਬਣ ਅਤੇ ਪਾਣੀ ਜਾਂ ਸੈਨਟਾਇਜ਼ਰ ਨਾਲ ਸਾਫ਼ ਕਰੋ।  ਖੰਘ ਅਤੇ ਛਿੱਕ ਆਉਣ ਵੇਲੇ, ਆਪਣੀ ਨੱਕ ਅਤੇ ਮੂੰਹ ਨੂੰ ਟਿਸ਼ੂ ਨਾਲ ਢੱਕੋ।

ਜ਼ੁਕਾਮ ਜਾਂ ਫਲੂ ਵਰਗੇ ਲੱਛਣ ਵਾਲੇ ਲੋਕਾਂ ਨਾਲ ਨੇੜਲੇ ਸੰਪਰਕ ਕਰਨ ਤੋਂ ਪਰਹੇਜ਼ ਕਰੋ। ਇਸ ਤੋਂ ਇਲਾਵਾ, ਖਾਣਾ ਚੰਗੀ ਤਰ੍ਹਾਂ ਪਕਾਓ, ਮੀਟ ਅਤੇ ਅੰਡੇ ਪਕਾਉਣ ਤੋਂ ਬਾਅਦ ਹੀ ਖਾਓ. ਜਾਨਵਰਾਂ ਦੇ ਸੰਪਰਕ ਵਿਚ ਘੱਟ ਆਓ।