ਕੋਰੋਨਾ ਵਾਇਰਸ ਕਰਕੇ ਦੁਨੀਆਂ ਦੇ ਹੋਟਲਾਂ ਨੇ ਚੀਨੀ ਨਾਗਰਿਕਾਂ ਲਈ ਕੀਤੀ 'No Entry'
ਚੀਨ ਵਿਚ ਕੋਰੋਨਾ ਵਾਇਰਸ ਨੇ ਹੁਣ ਤੱਕ 250 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਜਦਕਿ 17 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਸਕਰਮਿਤ ਹੋਏ ਹਨ
ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆਂ ਦੇ ਕਈਂ ਦੇਸ਼ਾਂ ਵਿਚ ਪੈਰ ਪਸਾਰ ਲਏ ਹਨ। ਕੋਰੋਨਾ ਵਾਇਰਸ ਦੇ ਕਹਿਰ ਕਾਰਨ ਦੁਨੀਆਂ ਦੇ ਦੇਸ਼ਾਂ ਨੇ ਆਪਣੇ ਨਾਗਰਿਕਾਂ ਨੂੰ ਚੀਨ ਤੋਂ ਵੀ ਕੱਢਣਾ ਸ਼ੁਰੂ ਕਰ ਦਿੱਤਾ ਹੈ ਪਰ ਹੁਣ ਇਸ ਵਾਇਰਸ ਦੇ ਸਾਈਡ ਇਫੈਕਟ ਚੀਨ ਦੇ ਆਮ ਨਾਗਰਿਕਾਂ ਨੂੰ ਦੂਜੇ ਦੇਸ਼ਾਂ ਵਿਚ ਝੱਲਣੇ ਪੈ ਰਹੇ ਹਨ। ਦਰਅਸਲ ਕਈ ਦੇਸ਼ਾਂ ਦੇ ਹੋਟਲਾਂ ਵਿਚ ਚੀਨੀ ਨਾਗਰਿਕਾਂ ਦੀ ਐਂਟਰੀ ਉੱਤੇ ਰੋਕ ਲਗਾ ਦਿੱਤੀ ਗਈ ਹੈ।
ਮੀਡੀਆ ਰਿਪੋਰਟਾ ਦੀ ਮੰਨੀਏ ਤਾਂ ਦੱਖਣੀ ਕੋਰੀਆ, ਜਪਾਨ, ਹਾਂਗ-ਕਾਂਗ ਅਤੇ ਵਿਅਤਨਾਮ ਵਿਚ ਕਈ ਹੋਟਲਾਂ ਨੇ ਚੀਨੀ ਨਾਗਰਿਕਾਂ ਤੋਂ ਦੂਰੀ ਬਣਾ ਲਈ ਹੈ ਅਤੇ ਆਪਣੇ ਹੋਟਲਾ ਦੇ ਬਾਹਰ ਉਨ੍ਹਾਂ ਦੀ ਨੋ ਐਂਟਰੀ ਦੇ ਬੋਰਡ ਲਗਾ ਦਿੱਤੇ ਹਨ। ਬੀਤੇ ਐਤਵਾਰ ਇੰਡੋਨੇਸ਼ੀਆ ਵਿਚ ਸਥਾਨਕ ਲੋਕਾਂ ਨੇ ਇਕ ਹੋਟਲ ਤੱਕ ਮਾਰਚ ਕੱਢਿਆ ਜਿਸ ਦਾ ਮਕਸਦ ਚੀਨੀ ਨਾਗਰਿਕਾਂ ਨੂੰ ਉੱਥੋ ਜਾਣ ਦੀ ਅਪੀਲ ਕਰਨਾ ਸੀ।
ਇੰਨਾ ਹੀ ਨਹੀਂ ਕੋਰੋਨਾਵਾਇਰਸ ਦੇ ਕਰਕੇ ਚੀਨੀ ਨਾਗਰਿਕਾਂ ਨੂੰ ਫਰਾਂਸ, ਅਸਟ੍ਰੇਲੀਆ ਅਤੇ ਏਸ਼ੀਆਂ ਦੇ ਕਈ ਹੋਰ ਦੇਸ਼ਾਂ ਵਿਚ ਅਪਮਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟਾਂ ਅਨੁਸਾਰ ਦੱਖਣੀ ਕੋਰੀਆਈ ਵੈੱਬਸਾਇਟਾਂ ਉੱਤੇ ਅਜਿਹੀ ਅਨੇਕਾਂ ਹੀ ਟਿੱਪਣੀਆ ਆ ਰਹੀਆਂ ਹਨ ਜਿਨ੍ਹਾਂ ਵਿਚ ਚੀਨ ਦੇ ਲੋਕਾਂ ਦੇ ਘਰੋਂ ਬਾਹਰ ਨਿਕਲਣ ਉੱਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ।
ਚੀਨ ਵਿਚ ਕੋਰੋਨਾ ਵਾਇਰਸ ਨੇ ਹੁਣ ਤੱਕ 250 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ। ਜਦਕਿ 17 ਹਜ਼ਾਰ ਤੋਂ ਵੱਧ ਲੋਕ ਇਸ ਨਾਲ ਸਕਰਮਿਤ ਹੋਏ ਹਨ। ਕੋਰੋਨਾ ਦੇ ਕਹਿਰ ਨੂੰ ਵੇਖਦੇ ਹੋਏ ਇਲਾਜ ਲਈ ਚੀਨ ਨੇ ਲਗਭਗ ਅੱਠ ਦਿਨ ਪਹਿਲਾਂ ਇਕ ਹਸਪਤਾਲ ਬਨਾਉਣਾ ਸ਼ੁਰੂ ਕੀਤਾ ਸੀ ਜੋ ਕਿ ਹੁਣ ਬਣ ਕੇ ਤਿਆਰ ਹੋ ਗਿਆ ਹੈ। ਇਹ ਵਾਇਰਸ ਚੀਨ ਤੋਂ ਬਾਹਰ 25 ਦੇਸ਼ਾਂ ਵਿਚ ਆਪਣੇ ਪੈਰ ਪਸਾਰ ਚੁੱਕਿਆ ਹੈ।