ਅਕਾਲੀ ਦਲ ਦੀ ਕੋਰ ਕਮੇਟੀ ਬੈਠਕ - ਢੀਂਡਸਾ ਪਿਉ-ਪੁੱਤਰ ਦਲ ਤੋਂ ਬਾਹਰ ਕੀਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਸਭਾ ਤੇ ਪੰਜਾਬ ਵਿਧਾਨ ਸਭਾ ਨੂੰ ਲਿਖ ਦਿਤਾ ਜਾਵੇਗਾ

File Photo

ਚੰਡੀਗੜ੍ਹ (ਜੀ.ਸੀ.ਭਾਰਦਵਾਜ): ਬੀਤੇ ਦਿਨ ਸੰਗਰੂਰ ਦੀ ਭਰਵੀਂ ਰੈਲੀ ਉਪਰੰਤ ਅਕਾਲੀ ਦਲ ਬਾਦਲ ਦੇ ਪਾਰਟੀ ਵਰਕਰਾਂ ਦੀਆਂ ਭਾਵਨਾਵਾਂ 'ਤੇ ਫੁੱਲ ਚੜ੍ਹਾਉਂਦਿਆਂ ਅੱਜ ਸ਼ਾਮ ਅਕਾਲੀ ਦਲ ਦੀ ਕੋਰ ਕਮੇਟੀ ਨੇ 3 ਹਫ਼ਤੇ ਪਹਿਲਾਂ ਮੁਅੱਤਲ ਕੀਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਉਸ ਦੇ ਬੇਟੇ ਪੰਜਾਬ ਵਿਧਾਨ ਸਭਾ ਐਮ.ਐਲ.ਏ. ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਮੁਢਲੀ ਮੈਂਬਰਸ਼ਿਪ ਤੋਂ ਬਾਹਰ ਕੱਢ ਦਿਤਾ ਹੈ।

ਇਥੇ ਪਾਰਟੀ ਦੇ ਮੁੱਖ ਦਫ਼ਤਰ ਵਿਚ ਸ਼ਾਮ 2 ਘੰਟੇ ਚਲੀ ਕੋਰ ਕਮੇਟੀ ਦੀ ਬੈਠਕ ਵਿਚ ਇਹ ਫ਼ੈਸਲਾ ਲਿਆ ਗਿਆ। ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਵਿਚ ਲਏ ਹੋਰ ਫ਼ੈਸਲਿਆਂ ਵਿਚ 100 ਸਾਲ ਪੁਰਾਣੀ ਸੰਸਥਾ ਸਿੱਖਾਂ ਦੀ ਚੁਣੀ ਹੋਈ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਕਾਂਗਰਸ ਦੇ ਦਖ਼ਲ ਦੇਣ ਅਤੇ ਇਸ ਨੂੰ ਤੋੜਨ ਦੇ ਯਤਨ ਸਮੇਤ ਹਰਿਆਣਾ ਲਈ ਵਖਰੀ ਕਮੇਟੀ ਵਾਸਤੇ ਅਦਾਲਤ ਵਿਚ ਦਰਜ ਕੀਤੇ ਹਲਫ਼ਨਾਮੇ ਸਬੰਧੀ ਮੁੱਖ ਮੰਤਰੀ ਦੀ ਸਖ਼ਤ ਆਲੋਚਨਾ ਵੀ ਕੀਤੀ ਗਈ।

ਬੈਠਕ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਪਾਰਟੀ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਵੱਡੇ ਢੀਂਡਸਾ ਬਾਰੇ ਰਾਜ ਸਭਾ ਦੇ ਚੇਅਰਮੈਨ ਨੂੰ ਛੇਤੀ ਹੀ ਲਿਖ ਦਿਤਾ ਜਾਵੇਗਾ ਕਿ ਸ. ਸੁਖਦੇਵ ਸਿੰਘ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਹੀਂ ਰਹੇ। ਜ਼ਿਕਰਯੋਗ ਹੈ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ 6 ਸਾਲ ਦੀ ਮਿਆਦ ਅਪ੍ਰੈਲ 2021 ਵਿਚ ਖ਼ਤਮ ਹੋਣੀ ਹੈ।

ਇਸੇ ਤਰ੍ਹਾਂ ਦਲ ਵਿਚੋਂ ਕੱਢੇ ਗਏ ਪਰਮਿੰਦਰ ਸਿੰਘ ਢੀਂਡਸਾ ਦੀ ਬਤੌਰ ਵਿਧਾਇਕ ਮਾਰਚ 2022 ਵਿਚ 5 ਸਾਲਾ ਮਿਆਦ ਪੂਰੀ ਹੋਣੀ ਹੈ। ਉਨ੍ਹਾਂ ਬਾਰੇ ਵੀ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਲਿਖ ਦਿਤਾ ਜਾਵੇਗਾ। ਡਾ. ਚੀਮਾ ਨੇ ਇਹ ਵੀ ਦਸਿਆ ਕਿ ਕੋਰ ਕਮੇਟੀ ਵਿਚ ਇਸ ਮੁੱਦੇ 'ਤੇ ਵੀ ਗੰਭੀਰ ਚਰਚਾ ਹੋਈ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਾਣ ਬੁਝ ਕੇ ਸ਼੍ਰੋਮਣੀ ਕਮੇਟੀ ਨੂੰ ਤੋੜਨ ਲਈ ਵਖਰੀ ਕਮੇਟੀ ਬਣਾਉਣ ਅਤੇ ਸਿੱਖਾਂ ਦੇ ਧਾਰਮਕ ਮਾਮਲਿਆਂ ਵਿਚ ਬੇਲੋੜਾ ਦਖ਼ਲ ਦੇ ਰਹੀ ਹੈ,

ਜਿਸ ਦੇ ਗੰਭੀਰ ਸਿੱਟੇ ਨਿਕਲਣਗੇ। ਕੋਰ ਕਮੇਟੀ ਨੇ ਫ਼ੈਸਲਾ ਕੀਤਾ ਕਿ ਕਾਂਗਰਸ ਦੀ ਇਸ ਦਖ਼ਲ ਅੰਦਾਜ਼ੀ ਵਿਰੁਧ ਛੇਤ ਹ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਜਾਵੇਗਾ ਕਿਉਂਕਿ 1966 ਦੇ ਰਾਜ ਪੁਨਰ ਗਠਨ ਐਕਟ ਉਪਰੰਤ ਹਰਿਆਣਾ ਹਿਮਾਚਲ ਅੱਡ ਹੋਣ ਨਾਲ ਸ਼੍ਰੋਮਣੀ ਕਮੇਟੀ ਇਕ ਅੰਤਰਰਾਜੀ ਗੁਰਦਵਾਰਾ ਪ੍ਰਬੰਧਕ ਸੰਸਥਾ ਬਣ ਗਈ ਹੈ ਜਿਸ ਦੀ ਚੋਣਾਂ ਅਤੇ ਨਿਯਮਾਂ ਵਾਸਤੇ ਪਾਰਲੀਮੈਂਟ ਹੀ ਕੰਟਰੋਲ ਕਰਦੀ ਹੈ।

ਡਾ. ਚੀਮਾ ਨੇ ਸਪਸ਼ਟ ਕੀਤਾ ਕਿ 2021 ਤਕ ਇਸ ਮੌਜੂਦਾ ਸ਼੍ਰੋਮਣੀ ਕਮੇਟੀ ਦੀ ਮਿਆਦ ਹੈ ਅਤੇ ਉਸ ਤੋਂ ਬਾਅਦ ਹੀ ਚੋਣਾਂ ਹੋਣਗੀਆਂ। ਇਸ ਸਬੰਧੀ ਕੇਸ ਦੀ ਸੁਣਵਾਈ ਅਜੇ ਸੁਪਰੀਮ ਕੋਰਟ ਵਿਚ ਲੰਬਿਤ ਹੈ। ਕੋਰ ਕਮੇਟੀ ਨੇ ਤੀਸਰਾ ਫ਼ੈਸਲਾ ਇਹ ਵੀ ਲਿਆ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਮੁੱਖ ਗਵਾਹ ਸੁਰਜੀਤ ਸਿੰਘ ਦੀ ਮੌਤ ਮਗਰੋਂ ਪੀੜਤ ਪਰਵਾਰ ਵਲੋਂ ਕਾਂਗਰਸੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਤੇ ਵਿਧਾਇਕ ਕੁਸ਼ਲਦੀਪ ਢਿੱਲੋਂ ਵਿਰੁਧ ਲਾਏ ਗਏ ਦੋਸ਼ਾਂ ਦੀ ਇਨਕੁਆਰੀ ਤੇ ਪੜਤਾਲ, ਸੀ.ਬੀ.ਆਈ ਤੋਂ ਕਰਵਾਈ ਜਾਵੇ।

ਡਾ. ਚੀਮਾ ਨੇ ਕਿਹਾ ਕਿ ਮਰਹੂਮ ਮੁੱਖ ਗਵਾਹ, ਸਰਕਾਰ ਵਿਰੁਧ ਹੀ ਬਿਆਨ ਦੇਣ ਦਾ ਇੱਛੁਕ ਸੀ ਜਿਸ ਕਰ ਕੇ ਭੇਦਭਰੀ ਹਾਲਤ ਵਿਚ ਉਸ ਦੀ ਮੌਤ ਹੋਈ।
ਇਸ ਮਾਮਲੇ ਸਬੰਧੀ ਛੇਤੀ ਹੀ ਇਕ ਉਚ ਪਧਰੀ ਅਕਾਲੀ ਦਲ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਮਿਲੇਗਾ। ਅੱਜ ਦੀ ਅਹਿਮ ਕੋਰ ਕਮੇਟੀ ਦੀ ਬੈਠਕ ਵਿਚ ਪ੍ਰਧਾਨ ਸੁਖਬੀਰ ਬਾਦਲ ਤੋਂ ਇਲਾਵਾ ਜਥੇਦਾਰ ਤੋਤਾ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਬੀਬੀ ਜਗੀਰ ਕੌਰ,

ਜਨਮੇਜਾ ਸਿੰਘ ਸੇਖੋਂ, ਗੁਲਜ਼ਾਰ ਸਿੰਘ ਰਣੀਕੇ, ਚਰਨਜੀਤ ਸਿੰਘ ਅਟਵਾਲ, ਹਰੀ ਸਿੰਘ ਜ਼ੀਰਾ, ਡਾ. ਉਪਿੰਦਰਜੀਤ ਕੌਰ, ਨਿਰਮਲ ਸਿੰਘ ਕਾਹਲੋਂ, ਸੁਰਜੀਤ ਸਿੰਘ ਰੱਖੜਾ, ਬਿਕਰਮ ਸਿੰਘ ਮਜੀਠੀਆ, ਬਲਦੇਵ ਸਿੰਘ ਮਾਨ, ਡਾ. ਦਿਲਜੀਤ ਸਿੰਘ ਚੀਮਾ ਤੇ ਹੋਰ ਮੈਂਬਰ ਸ਼ਾਮਲ ਸਨ। ਕੋਰ ਕਮੇਟੀ ਨੇ ਇਹ ਵੀ ਫ਼ੈਸਲਾ ਕੀਤਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿਰੁਧ 11 ਫ਼ਰਵਰੀ ਨੂੰ ਅੰਮ੍ਰਿਤਸਰ ਵਿਚ, 25 ਫ਼ਰਵਰੀ ਨੂੰ ਫ਼ਿਰੋਜ਼ਪੁਰ ਵਿਚ ਅਤੇ 9 ਮਾਰਚ ਨੂੰ ਆਨੰਦਪੁਰ ਸਾਹਿਬ ਵਿਚ ਵੱਡੀਆਂ ਰੈਲੀਆਂ ਕੀਤੀਆਂ ਜਾਣਗੀਆਂ।