ਫ਼ਰੀਦਕੋਟ ਜ਼ਿਲ੍ਹੇ ‘ਚ ਵੀ ਮਿਲਿਆ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੀਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 425 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ...

Faridkot

ਫਰੀਦਕੋਟ: ਚੀਨ ’ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 425 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸੋਮਵਾਰ ਨੂੰ 64 ਹੋਰ ਮਰੀਜ਼ ਅਕਾਲ ਚਲਾਣਾ ਕਰ ਗਏ। ਚੀਨ ਦੇ ਵੁਹਾਨ ਸ਼ਹਿਰ ਤੋਂ ਫੈਲੇ ਕੋਰੋਨਾ ਵਾਇਰਸ ਕਾਰਨ ਸਮੁੱਚੇ ਵਿਸ਼ਵ ’ਚ ਭਾਜੜਾਂ ਪਈਆਂ ਹੋਈਆਂ ਹਨ।

ਇਸ ਵੇਲੇ 20,000 ਤੋਂ ਵੱਧ ਵਿਅਕਤੀ ਇਸ ਵਾਇਰਸ ਤੋਂ ਪੀੜਤ ਹਨ, ਜਿਨ੍ਹਾਂ ਵਿੱਚੋਂ 2,000 ਦੇ ਲਗਭਗ ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਭਾਰਤ ਦੇ ਸੂਬੇ ਕੇਰਲ ’ਚ ਹੁਣ ਤੱਕ ਤਿੰਨ ਵਿਅਕਤੀ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਉਨ੍ਹਾਂ ਉੱਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਕੇਰਲ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਸਰਕਾਰੀ ਆਫ਼ਤ ਐਲਾਨ ਦਿੱਤਾ ਸੀ। ਇਥੇ ਦੱਸ ਦਈਏ ਕਿ ਫ਼ਰੀਦਕੋਟ ਜ਼ਿਲ੍ਹੇ 'ਚ ਵੀ ਜਾਨਲੇਵਾ ਕੋਰੋਨਾ ਵਾਇਰਸ ਦਾ ਇੱਕ ਸ਼ੱਕੀ ਮਰੀਜ਼ ਮਿਲਿਆ ਹੈ। ਦੱਸਿਆ ਜਾ ਰਿਹਾ ਕਿ ਉਕਤ ਮਰੀਜ਼ ਕੋਟਕਪੂਰਾ ਦਾ ਰਹਿਣ ਵਾਲਾ ਹੈ ਅਤੇ ਉਹ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਚੀਨ ਦੇ ਰਸਤਿਓਂ ਪੰਜਾਬ ਆਇਆ ਹੈ।

ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੇ ਸ਼ੱਕ ਤੋਂ ਬਾਅਦ ਮਰੀਜ਼ ਹਸਪਤਾਲ 'ਚ ਰੁਕਣ ਲਈ ਤਿਆਰ ਨਹੀਂ ਸੀ ਅਤੇ ਉਸ ਨੂੰ ਡਿਪਟੀ ਕਮਿਸ਼ਨਰ ਦੇ ਹੁਕਮ 'ਤੇ ਹਿਰਾਸਤ 'ਚ ਲੈ ਕੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਬੀਤੀ ਰਾਤ ਉਸ ਦੇ ਬਲੱਡ ਸੈਂਪਲ ਲੈ ਕੇ ਪੁਣੇ ਭੇਜੇ ਗਏ ਹਨ ਅਤੇ ਉਸ ਦੀ ਹਾਲਤ ਸਥਿਰ ਹੈ।