ਪੰਜਾਬ ਵਿਧਾਨ ਸਭਾ ਦਾ ਚੌਥਾ ਦਿਨ ਵੀ ਹੰਗਾਮੇ ਭਰਪੂਰ ਰਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਵਾਲ ਜਵਾਬ ਦੇ ਦੌਰ ਵਿਚ ਵੱਖ-ਵੱਖ ਵਿਧਾਇਕਾਂ ਨੇ ਪੁੱਛੇ ਸਵਾਲ...

Punjab Vidhan Sabha Old pic

ਚੰਡੀਗੜ੍ਹ: ਪੰਜਾਬ ਸਰਕਾਰ ਦਾ ਬਜਟ ਇਜਲਾਸ ਅੱਜ ਵੀ ਹੰਗਾਮੇ ਭਰਪੂਰ ਰਿਹਾ। ਅੱਜ ਵਿਧਾਨ ਸਭਾ ਵਿਚ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ 85ਵੀਂ ਸੋਧ ਦੇ ਮਾਮਲੇ ’ਤੇ ਕਾਫੀ ਰੌਲਾ ਰੱਪਾ ਪਾਇਆ ਗਿਆ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਪੀਕਰ ਦੀ ਕੁਰਸੀ ਅੱਗੇ ਆ ਕੇ ਨਾਅਰੇਬਾਜ਼ੀ ਵੀ ਕੀਤੀ।

ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਿਧਾਇਕ ਗੱਡਿਆਂ 'ਤੇ ਚੜ੍ਹ ਕੇ ਵਿਧਾਨ ਸਭਾ ਪਹੁੰਚੇ। ਵਿਧਾਨ ਸਭਾ ਵਿਚ ਰੌਲੇ-ਰੱਪੇ ਤੋਂ ਬਾਅਦ ਵਿਰੋਧੀ ਧਿਰ ਦੇ ਵਿਧਾਇਕ ਸਦਨ ਵਿਚੋਂ ਵਾਕਆਊਟ ਕਰ ਗਏ।

ਮਜੀਠੀਆ ਦੇ ਸਵਾਲ ਤੋਂ ਹੰਗਾਮਾ

ਇਸ ਤੋਂ ਪਹਿਲਾਂ ਸਵਾਲ ਜਵਾਬ ਦੌਰਾਨ ਸ਼੍ਰੋਮਣੀ ਅਕਾਲੀ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਸਿਹਤ ਮੰਤਰੀ ਨੂੰ ਸਵਾਲ ਕੀਤਾ ਕਿ ਤੁਹਾਡੇ ਸਮੇਤ ਹੋਰ ਵਜ਼ੀਰਾਂ ਨੇ ਫੋਰਟਿਸ ਵਰਗੇ ਨਿੱਜੀ ਹਸਪਤਾਲਾਂ 'ਚ ਕੋਰੋਨਾ ਦਾ ਇਲਾਜ ਕਰਾਇਆ, ਕੀ ਤੁਹਾਨੂੰ ਸਰਕਾਰੀ ਹਸਪਤਾਲਾਂ ਦੇ ਇਲਾਜ 'ਤੇ ਭਰੋਸਾ ਨਹੀਂ ? ਇਸ ਦੇ ਜਵਾਬ ਸਿਹਤ ਮੰਤਰੀ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਅਤੇ ਹੋਰਨਾਂ ਵਲੋਂ ਸਰਕਾਰੀ ਖਰਚੇ 'ਤੇ ਵਿਦੇਸ਼ਾਂ ਚ ਇਲਾਜ ਕਰਵਾਇਆ ਗਿਆ, ਜਿਸ ਮਗਰੋਂ ਸਦਨ 'ਚ ਇਸ ਮੁੱਦੇ 'ਤੇ ਰੌਲਾ-ਰੱਪਾ ਸ਼ੁਰੂ ਹੋ ਗਿਆ।

ਚੰਦੂਮਾਜਰਾ ਨੇ ਕੀਤਾ ਸਵਾਲ

ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਪਟਿਆਲਾ ਦੇ ਬਲਾਕ ਸਨੌਰ ’ਚ ਪੈਂਦੇ ਪਿੰਡ ਮਰਦਾਹੇੜੀ ਵਿਖੇ ਲਾਂਸ ਨਾਇਕ ਸਲੀਮ ਖਾਨ ਦੇ ਨਾਂਅ 'ਤੇ ਖੇਡ ਸਟੇਡੀਅਮ ਦੀ ਉਸਾਰੀ ਲਈ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਸਬੰਧੀ ਸਵਾਲ ਪੁੱਛੇ ਜਾਣ ’ਤੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸਰਕਾਰ ਦੇ ਵਿਚਾਰ ਅਧੀਨ ਫਿਲਹਾਲ ਅਜਿਹੀ ਕੋਈ ਤਜਵੀਜ਼ ਨਹੀਂ ਹੈ।

ਜ਼ੀਰਾ ਨੇ ਪੁੱਛਿਆ ਸਵਾਲ

ਇਸ ਦੌਰਾਨ ਹਲਕਾ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਜ਼ੀਰਾ ਸ਼ਹਿਰ ’ਚ ਸਿੰਜਾਈ ਵਿਭਾਗ ਦੇ ਰੈਸਟ ਹਾਊਸ ਨੂੰ ਨਵੇਂ ਸਿਰਿਓਂ ਬਣਾਉਣ ਨੂੰ ਲੈ ਕੇ ਸਵਾਲ ਪੁੱਛਿਆ। ਇਸ ਦੇ ਜਵਾਬ 'ਚ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਕਿਹਾ ਕਿ ਜ਼ੀਰਾ ’ਚ ਸਿੰਚਾਈ ਵਿਭਾਗ ਦੇ ਰੈਸਟ ਹਾਊਸ ਨੂੰ ਨਵਾਂ ਬਣਾਉਣ ਦੀ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ।

ਵਿਧਾਇਕ ਮਦਨ ਲਾਲ ਜਲਾਲਪੁਰ ਦਾ ਸਵਾਲ

ਵਿਧਾਇਕ ਮਦਨ ਲਾਲ ਜਲਾਲਪੁਰ ਨੇ  ਸਵਾਲ ਪੁੱਛਿਆ ਕਿ ਨਗਰ ਪੰਚਾਇਤ ਘਨੌਰ ਵਿਖੇ ਸਾਲ 2021-22 'ਚ ਸਟੇਡੀਅਮ ਦੀ ਉਸਾਰੀ ਲਈ ਕੋਈ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਇਸ ਸਵਾਲ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਸਰਕਾਰ ਦੇ ਵਿਚਾਰ ਅਧੀਨ ਫਿਲਹਾਲ ਅਜਿਹੀ ਕੋਈ ਤਜਵੀਜ਼ ਨਹੀਂ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਸਵਾਲ

ਸਵਾਲ-ਜਵਾਬ ਦੀ ਕਾਰਵਾਈ ਦੌਰਾਨ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜ਼ਿਲ੍ਹਾ ਸੰਗਰੂਰ ਦੇ ਪਿੰਡ ਖਡਿਆਲ 'ਚ ਹੋਏ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਸਵਾਲ ਪੁੱਛਿਆ। ਇਸ ਸਵਾਲ ਦੇ ਜਵਾਬ 'ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਖਡਿਆਲ 'ਚ 20 ਏਕੜ, 4 ਕਨਾਲ ਅਤੇ 11 ਮਰਲੇ ਜ਼ਮੀਨ ਨਾਜਾਇਜ਼ ਕਬਜ਼ਿਆਂ ਅਧੀਨ ਹੈ । ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਡਿਪਟੀ ਕਮਿਸ਼ਨਰ ਸੰਗਰੂਰ ਵਲੋਂ ਕੀਤੀ ਜਾ ਰਹੀ ਹੈ।

ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦੱਸੀ ਪਾਣੀ ਦੀ ਅਹਿਮੀਅਤ

ਅੱਜ ਬਜਟ ਇਜਲਾਸ ਮੌਕੇ ਸਦਨ 'ਚ ਬਹਿਸ ਦੌਰਾਨ ਬੋਲਦਿਆਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪਾਣੀ ਦੀ ਅਹਿਮੀਅਤ ਬਾਰੇ ਗੱਲਬਾਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੇਰੀ ਰਾਜਸਥਾਨ ਵਿਚਲੀ ਜ਼ਮੀਨ ਤੋਂ ਪੰਜਾਬ ਵਿਚਲੀ ਜ਼ਮੀਨ ਨਾਲੋਂ ਖੇਤੀ ਜ਼ਰੀਏ ਵੱਧ ਆਮਦਨ ਹੋ ਰਹੀ ਹੈ, ਕਿਉਂਕਿ ਰਾਜਸਥਾਨ 'ਚ ਖੇਤੀ ਕਰਦੇ ਕਿਸਾਨ ਨੂੰ ਪਾਣੀ ਦੀ ਅਹਿਮੀਅਤ ਬਾਰੇ ਪਤਾ ਹੈ।