ਵਿਧਾਨ ਸਭਾ ਅੰਦਰ ਗਰਮਾ-ਗਰਮੀ, ਮਜੀਠੀਆ ਤੇ ਹਰਮਿੰਦਰ ਗਿੱਲ ਆਪਸ 'ਚ ਭਿੜੇ,ਲਾਏ ਗੰਭੀਰ ਇਲਜ਼ਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤੂੰ-ਤੂੰ, ਮੈਂ-ਮੈਂ ਤੋਂ ਬਾਅਦ ਨਿੱਜੀ ਹਮਲਿਆਂ ਵਿਚ ਤਬਦੀਲ ਹੋਈ ਬਹਿਸ਼

Harminder Gill, Bikram Majithia

ਚੰਡੀਗੜ੍ਹ (ਹਰਦੀਪ ਸਿੰਘ ਭੋਗਲ) : ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਦੇ ਬਾਹਰ ਹੋਏ ਹੰਗਾਮਿਆਂ ਤੋਂ ਬਾਅਦ ਅੱਜ ਸੈਸ਼ਨ ਦੇ ਦੂਸਰੇ ਦਿਨ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਚਾਲੇ ਗਰਮਾ-ਗਰਮੀ ਹੁੰਦੀ ਰਹੀ। ਖਾਸ ਕਰ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਆਗੂਆਂ ਨੇ ਇਕ-ਦੂਜੇ ਨੂੰ ਤਿੱਖੇ ਤੇਵਰ ਵਿਖਾਉਂਦਿਆਂ ਨਿੱਜੀ ਹਮਲੇ ਵੀ ਕੀਤੇ। ਪੱਟੀ ਤੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਤੇ ਅਕਾਲੀ ਦਲ ਦੇ ਵਿਧਾਇਕ ਬਿਕਰਮ ਸਿੰਘ ਮਜੀਠੀਆ ਮੰਗਲਵਾਰ ਵਿਚਾਲੇ ਮੰਗਲਵਾਰ ਨੂੰ ਜੰਮ ਕੇ ਤੂੰ-ਤੂੰ, ਮੈਂ-ਮੈਂ ਹੋਈ।

ਝਗੜਾ ਉਸ ਵੇਲੇ ਨਿੱਜੀ ਹਮਲਿਆਂ ਵਿਚ ਤਬਦੀਲ ਹੋ ਗਿਆ ਜਦੋਂ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਾਕਾ ਨਨਕਾਣਾ ਦੇ ਕਤਲੇਆਮ ਦੌਰਾਨ ਸੁੰਦਰ ਸਿੰਘ ਮਜੀਠੀਆ ਵੱਲੋਂ ਮਹੰਤ ਨਰਾਇਣ ਦਾਸ ਨੂੰ ਕਥਿਤ ਤੌਰ ‘ਤੇ ਹਮਾਇਤ ਦੇਣ ਦਾ ਮੁੱਦਾ ਉਠਾਇਆ। ਇਸ ਤੋਂ ਨਰਾਜ ਹੋਏ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਵਿਧਾਇਕ ‘ਤੇ ਗੰਭੀਰ ਇਲਜਾਮ ਲਾਉਂਦਿਆਂ ਕਿਹਾ ਕਿ ਹਰਮਿੰਦਰ ਗਿੱਲ ਦੇ ਪੁਲਿਸ ਅਫ਼ਸਰ ਅਜੀਤ ਸਿੰਘ ਸੰਧੂ ਨਾਲ ਸਬੰਧ ਰਹੇ ਹਨ "ਜਿਸ ਨੂੰ ਅੱਤਵਾਦ ਦੇ ਦੌਰ ਵਿਚ ਮਾਸੂਮ ਸਿੱਖਾਂ ਨੂੰ ਮਾਰੇ ਜਾਣ ਲਈ ਜਾਣਿਆ ਜਾਂਦਾ ਹੈ।"

ਦੱਸ ਦੇਈਏ ਕਿ ਸਾਕਾ ਨਨਕਾਣਾ 20 ਫਰਵਰੀ 1921 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਵਾਪਰਿਆ ਸੀ। 260 ਤੋਂ ਵੱਧ ਸਿੱਖਾਂ ਦਾ ਇਸ ਦੌਰਾਨ ਕਤਲ ਕੀਤਾ ਗਿਆ ਸੀ। ਮਿਸ਼ਨ-2022 ਨੂੰ ਲੈ ਕੇ ਵਿਧਾਨ ਸਭਾ ਸੈਸ਼ਨ ਦੌਰਾਨ ਸਾਰੀਆਂ ਧਿਰਾਂ ਇਕ-ਦੂਜੇ ਖਿਲਾਫ ਹਮਲਾਵਰ ਰੁੱਖ ਅਪਨਾਅ ਰਹੀਆਂ ਹਨ।  ਸਾਰੀਆਂ ਸਿਆਸੀ ਧਿਰਾਂ ਆਪਣੀ ਸਿਆਸੀ ਜ਼ਮੀਨ ਪੱਕੀ ਕਰਨ ਦੇ ਆਹਰ ਵਿਚ ਹਨ।

ਕਰੋਨਾ ਕਾਲ ਦੌਰਾਨ ਵਿਰੋਧੀ ਧਿਰਾਂ ਨੂੰ ਸਰਕਾਰ ‘ਤੇ ਹਮਲੇ ਕਰਨ ਦਾ ਮੌਕਾ ਨਹੀਂ ਸੀ ਮਿਲ ਸਕਿਆ। ਹੁਣ ਜਦੋਂ ਸਰਕਾਰ ਆਪਣੇ ਆਖਰੀ ਬਜਟ ਇਜਲਾਸ ਦੌਰਾਨ ਲੋਕਾਂ ਅੰਦਰ ਚੰਗਾ ਪ੍ਰਭਾਵ ਬਣਾਉਣ ਦੀ ਕੋਸ਼ਿਸ਼ ਵਿਚ ਹੈ, ਤਾਂ ਵਿਰੋਧੀ ਧਿਰਾਂ ਨੇ ਸਰਕਾਰ ਦੀਆਂ ਕਮੀਆਂ ਲੋਕਾਂ ਸਾਹਮਣੇ ਉਜਾਗਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਕਾਰਨ ਵਿਧਾਨ ਸਭਾ ਦੇ ਅੰਦਰ ਤੇ ਬਾਹਰ ਗਰਮਾ-ਗਰਮੀ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ।