ਸੋਸ਼ਲ ਮੀਡੀਆ ਤੇ ਮ੍ਰਿਤਕ ਦੀ ਤਸਵੀਰ ਲਗਾ ਕੀਤਾ ਗਿਆ ਕੂੜ ਪ੍ਰਚਾਰ
ਸਿਆਸਤਦਾਨਾਂ ਨੂੰ ਮੁਦਿਆਂ ਤੇ ਘੇਰਨ ਦੀ ਥਾਂ ਕੀਤੇ ਜਾਂਦੇ ਨੇ ਨਿੱਜੀ ਹਮਲੇ
ਚੰਡੀਗੜ੍ਹ: ਲੋਕ ਸਭਾ ਚੋਣਾਂ 2019 ਜਿਵੇਂ-2 ਨੇੜੇ ਆ ਰਹੀਆਂ ਹਨੇ ਓਵੇਂ-2 ਸੋਸ਼ਲ ਮੀਡੀਆ ਤੇ ਫੇਕ ਖਬਰਾਂ ਦਾ ਪਸਾਰਾ ਵਧਦਾ ਜਾ ਰਿਹਾ ਹੈ। 2 ਅਪ੍ਰੈਲ ਨੂੰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਲਈ ਬਰਤਾਨਵੀ ਨਾਗਰਿਕ ਬਰੈਂਡਨ ਡੇਵਿਸ ਦੇ ਟਵਿਟਰ ਤੋਂ ਇਕ ਟਵੀਟ ਕੀਤਾ ਗਿਆ ਜਿਸ ਵਿਚ ਲਿਖਿਆ ਗਿਆ ਕਿ ਮੈਂ 1999, 2004, 2019, 2014 ਦੀਆਂ ਚੋਣਾਂ ਨੂੰ ਨੇੜੇ ਤੋਂ ਵੇਖਿਆ ਹੈ।
ਸਭ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਮੈਂ ਕਹਿ ਸਕਦਾ ਹਾਂ ਕਿ ਮੈਂ ਕਦੇ ਪ੍ਰਧਾਨ ਮੰਤਰੀ ਦੀ ਉਮੀਦਵਾਰੀ ਲਈ ਰਾਹੁਲ ਗਾਂਧੀ ਤੋਂ ਮੂਰਖ ਇਨਸਾਨ ਨਹੀਂ ਵੇਖਿਆ। ਇਸ ਟਵੀਟ ਨਿੰ 4000 ਤੋਂ ਵੱਧ ਵਾਰ ਰੀ-ਟਵੀਟ ਕੀਤਾ ਗਿਆ ਜਿਸ ਵਿਚ ਜ਼ਿਆਦਾਤਰ ਭਾਜਪਾ ਦੇ ਸਮਰਥਕ ਸ਼ਾਮਿਲ ਹਨ ਜਿਹਨਾਂ ਦੇ ਪੇਜ਼ ਦੇ ਅੱਗੇ ਚੌਕੀਦਾਰ ਲਿਖਿਆ ਹੋਇਆ ਹੈ। ਹੁਣ ਇਸ ਟਵਿਟਰ ਅਕਾਉਂਟ ਦਾ ਸੱਚ ਕੀ ਹੈ ਇਹ ਜਾਂਚ ਦੌਰਾਨ ਸਾਹਮਣੇ ਆਇਆ ਹੈ।
ਇਹ ਟਵਿਟਰ ਅਕਾਉਂਟ ਫੇਕ ਹੈ ਤੇ ਇਸ ਤੇ ਜਿਹੜੀ ਤਸਵੀਰ ਲਗਾਈ ਗਈ ਹੈ ਉਹ ਬਰਤਾਨੀਆਂ ਦੇ ਮ੍ਰਿਤਕ ਨਾਗਰਿਕ ਦੀ ਹੈ। ਮਤਲਬ ਕਿ ਇਸ ਪ੍ਰਾਪੇਗੰਡਾ ਲਈ ਮ੍ਰਿਤਕ ਇਨਸਾਨ ਨੂੰ ਵੀ ਨਹੀਂ ਬਖਸ਼ਿਆ ਗਿਆ। ਇਸ ਮ੍ਰਿਤਕ ਦਾ ਨਾਂ ਜਿਊਰਜ਼ ਮਿਲਜ਼ ਹੈ ਜੋ ਕਿ 2016 ਵਿਚ ਹੋਈ ਯਾਟ ਦੁਰਘਟਨਾਂ ਵਿਚ ਮਾਰਿਆ ਗਿਆ ਸੀ। ਇਸ ਦਾ ਸੱਚ ਜਦੋਂ ਸਾਹਮਣੇ ਆਇਆ ਤਾਂ ਇਸ ਅਕਾਉਂਟ ਤੋਂ ਮਿਲਜ਼ ਦੀ ਤਸਵੀਰ ਨੂੰ ਹਟਾ ਦਿੱਤਾ ਗਿਆ ਤੇ ਇਸ ਪੇਜ਼ ਦਾ ਨਾਂ ਬਦਲ ਕੇ ਬਰੈਂਡਨ ਡੇਵਿਸ ਤੋਂ ਕਾਮਰੇਡ ਬਰੈਂਡਨ ਡੇਵਿਸ ਕਰ ਦਿੱਤਾ ਗਿਆ। ਇਸ ਤੇ ਤਸਵੀਰ 62 ਸਾਲਾਂ ਨਾਈਜ਼ਲ ਏਡੀਸਨ ਦੀ ਲਗਾਈ ਹੈ।
ਇਸ ਤੇ ਲੋਕਾਂ ਦੀ ਪ੍ਰਤੀਕਿਰਿਆ ਵੀ ਸਾਹਮਣੇ ਆਈ ਹੈ। ਲੋਕਾਂ ਨੇ ਕਿਹਾ ਕਿ ਸੱਚ ਸਾਹਮਣੇ ਆਉਣ ਤੋਂ ਬਾਅਦ ਅਕਾਉਂਟ ਤੇ ਤਸਵੀਰ ਬਦਲ ਦਿੱਤੀ। ਹੁਣ ਇਸ ਟਵੀਟ ਤੇ ਰੀ-ਟਵੀਟ ਦੀ ਗਿਣਤੀ 6400 ਤੋਂ ਪਾਰ ਹੋ ਗਈ ਹੈ ਜਿਸ ਤੇ ਕੁਝ ਲੋਕ ਰਾਹੁਲ ਗਾਂਧੀ ਦਾ ਮਜ਼ਾਕ ਉਡਾ ਰਹੇ ਹਨ ਤੇ ਕੁਝ ਲੋਕ ਫੇਕ ਅਕਾਉਂਟ ਹੋਣ ਕਰਕੇ ਪੇਜ਼ ਬਣਾਉਣ ਵਾਲੇ ਦਾ ਮਜ਼ਾਕ ਬਣਾ ਰਹੇ ਹਨ। ਇਸ ਸਭਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਚੋਣਾਂ ਵਿਚ ਕਿਸ ਤਰ੍ਹਾਂ ਦੇ ਹੱਥਕੰਢੇ ਵਰਤ ਉਮੀਦਵਾਰਾਂ ਤੇ ਨਿੱਜੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਹਾਲਾਂਕਿ ਚੋਣਾਂ ਮੁੱਦਿਆਂ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਹਨ , ਸਿਆਸਤਦਾਨਾਂ ਤੋਂ ਸਵਾਲ ਹੋਣਾ ਚਾਹੀਦਾ ਹੈ ਕਿ ਕੀ ਤੁਸੀਂ ਪਿਛਲੀਆਂ ਚੋਣਾਂ ਤੋਂ ਪਹਿਲਾਂ ਮੈਨੀਫੇਸਟੋ ਵਿਚ ਕੀਤੇ ਵਾਅਦੇ ਪੂਰੇ ਕਰਤੇ, ਕੀ ਲੋਕਾਂ ਨੂੰ ਜੋ ਸੁਪਨੇ ਵਿਖਾਏ ਗਏ ਸਨ ਉਹਨਾਂ ਨੂੰ ਅਮਲੀ ਜਾਮਾ ਪਹਿਣਾਇਆ ਗਿਆ ਹੈ। ਸੱਤਾ ਵਿਚ ਆਉਣ ਤੇ ਕੀ ਕੀਤਾ ਜਾਂ ਕਰੋਗੇ। ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਕੀ ਤਰੀਕੇ ਅਪਣਾਏ ਜਾਂ ਅਪਣਾਓਗੇ, ਅਨਪੜ੍ਹਤਾ ਦੂਰ ਕਰਨ ਲਈ ਕਿਹੜੀ ਸਹਾਇਕ ਪਾਲੀਸੀ ਬਣਾਈ ਤੇ ਸਿਹਤ ਸੇਵਾਵਾਂ ਚੰਗੀਆਂ ਕਰਨ ਲਈ ਕੀ ਕੁਝ ਵੱਖਰਾ ਕੀਤਾ ਜਾਵੇਗਾ। ਇਹਨਾਂ ਸਵਾਲਾਂ ਦੇ ਜਵਾਬ ਜਿਸ ਸਿਆਸਤਦਾਨ ਤੋਂ ਮਿਲ ਜਾਣ ਉਸ ਨੂੰ ਸੱਤਾ ਦੀ ਵਾਗਡੋਰ ਹੱਥ ਫੜਾਉਣ ਚਾਹੀਦੀ ਹੈ।