ਅਖਿਲੇਸ਼ ਅਤੇ ਯੋਗੀ ਵਿਚ ਛਿੜੀ 'ਟਵੀਟਰ ਵਾਰ'

ਏਜੰਸੀ

ਖ਼ਬਰਾਂ, ਰਾਸ਼ਟਰੀ

ਹਾਰ ਦੇ ਡਰ ਤੋਂ ਭਾਜਪਾ ਦੇ ਨੇਤਾ ਗਰਮੀ ਦਾ ਬਹਾਨਾ ਬਣਾ ਕੇ ਚੋਣ ਪ੍ਰਚਾਰ ਤੋਂ ਬਚ ਰਹੇ ਹਨ : ਅਖਿਲੇਸ਼

Akhilesh Yadav and Yogi Adityanath

ਲਖਨਊ : ਸਮਾਜਵਾਦੀ ਪਾਰਟੀ (ਐਸਪੀ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਭਾਜਪਾ 'ਤੇ ਅਪਣੀਆਂ ਅਸਫ਼ਲਤਾਵਾਂ ਤੋਂ ਭੱਜਣ ਲਈ ਵਿਰੋਧੀ ਧਿਰ ਦੀਆਂ ਗੱਲਾਂ ਕਰਨ ਦਾ ਦੋਸ਼ ਲਗਾਂਉਦਿਆਂ ਸੋਮਵਾਰ ਨੂੰ ਕਿਹਾ ਕਿ ਵਿਦਿਆਰਥੀਆਂ, ਟੀ.ਈ.ਟੀ. ਧਾਰਕਾਂ ਨੂੰ 'ਚੌਕੀਦਾਰ' ਨਹੀਂ ਸਗੋਂ ਸਥਾਈ ਰੁਜ਼ਗਾਰ ਚਾਹੀਦਾ ਹੈ।

ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਵੀ ਇਸ 'ਤੇ ਪਲਟਵਾਰ ਕਰਦਿਆਂ ਕਿਹਾ ਕਿ ਜਨਤਾ 'ਖ਼ਾਨਦਾਨੀ ਭ੍ਰਿਸ਼ਟਾਚਾਰੀਆਂ' ਨੂੰ ਉਨ੍ਹਾਂ ਦੇ ਕਰਮਾਂ ਦੀ ਸਜ਼ਾ ਦੇਵੇਗੀ। ਉਨ੍ਹਾਂ ਟਵਿਟਰ 'ਤੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ, ''ਭ੍ਰਿਸ਼ਟਾਚਾਰੀਆਂ ਦੇ ਕੁਕਰਮ ਸਾਹਮਣੇ ਆ ਰਹੇ ਹਨ, ਉਨ੍ਹਾਂ ਨੇ ਜਨਤਾ ਨੂੰ ਲੁਟਿਆ ਹੈ। ਮਾਨਯੋਗ ਕੋਰਟ ਇਨ੍ਹਾਂ ਖ਼ਾਨਦਾਨੀ ਭ੍ਰਿਸ਼ਟਾਚਾਰੀਆਂ ਨੂੰ ਉਨ੍ਹਾਂ ਦੇ ਮਾੜੇ ਕਰਮਾਂ ਦੀ ਸਜ਼ਾ ਦੇਵੇਗਾ।''

ਅਖਿਲੇਸ਼ ਨੇ ਟਵੀਟ ਕੀਤਾ, ''ਵਿਕਾਸ ਪੁਛ ਰਿਹਾ ਹੈ, ਭਾਜਪਾ ਅਪਣੀਆਂ ਰੈਲੀਆਂ ਵਿਚ ਸਿਰਫ਼ ਵਿਰੋਧੀ ਧਿਰ ਦੀਆਂ ਗੱਲਾਂ ਹੀ ਕਿਉਂ ਕਰ ਰਹੀ ਹੈ? ਕੀ ਭਾਜਪਾ ਦੇ ਪੰਜ ਸਾਲ ਦੇ ਸ਼ਾਸਨਕਾਲ ਵਿਚ ਉਨ੍ਹਾਂ ਦੀ ਅਪਣੀ ਕੋਈ ਵੀ ਸਾਕਾਰਾਤਮਕ ਉਪਲੱਬਧੀ ਨਹੀਂ ਹੈ?'' ਉਨ੍ਹਾਂ ਕਿਹ, ''ਜਨਤਾ ਦੇ ਗੁੱਸੇ ਅਤੇ ਹਾਰ ਦੇ ਡਰ ਤੋਂ ਭਾਜਪਾ ਦੇ ਨੇਤਾ ਅਤੇ ਵਰਕਰ ਗਰਮੀ ਦਾ ਬਹਾਨਾ ਬਣਾ ਕੇ ਚੋਣ ਪ੍ਰਚਾਰ ਤੋਂ ਬਚ ਰਹੇ ਹਨ।''

ਯੋਗੀ ਨੈ ਜਨਤਾ ਨੂੰ ਕਿਹਾ, ''ਇਨ੍ਹਾਂ ਤੋਂ ਸਾਵਧਾਨ ਰਹੋ, ਇਹ ਜੇਲ ਜਾਣ ਤੋਂ ਬਚਣ ਲਈ ਤੁਹਾਨੂੰ ਜਾਤੀ, ਧਰਮ ਦੇ ਨਾਂ 'ਤੇ ਵੰਡਣਗੇ। ਚੌਕੀਦਾਰ ਦੇ ਡਰ ਤੋਂ ਸਾਰੇ ਚੋਰ ਇਕੱਠੇ ਹੋ ਗਏ ਹਨ ਪਰ ਕਦੋਂ ਤਕ ਬਚਣਗੇ?'' (ਪੀਟੀਆਈ)