ਹਿੰਦੂ ਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਰਚਣ ਵਾਲਾ ਛੇਵਾਂ ਖ਼ਾਲਿਸਤਾਨੀ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖਾਲਿਸਤਾਨੀ ਵਿਚਾਰਧਾਰਾ ਵਾਲਾ ਦੱਸਿਆ ਜਾ ਰਿਹਾ ਹੈ ਕਾਬੂ ਕੀਤਾ ਮੁਲਜ਼ਮ

Sixth Khalistan commander to target Hindu leaders

ਮੋਹਾਲੀ- ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੋਹਾਲੀ ਦੇ ਹੱਥ ਇਕ ਹੋਰ ਵੱਡੀ ਕਾਮਯਾਬੀ ਲੱਗੀ ਹੈ। ਇੱਕ ਹੋਰ ਖ਼ਾਲਿਸਤਾਨ ਸਮਰਥਕ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੇ ਹੱਥੇ ਚੜ੍ਹਿਆ ਹੈ, ਦੱਸ ਦਈਏ ਕਿ ਪਹਿਲਾਂ ਤੋਂ ਕਾਬੂ 5 ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਬੱਬਰ ਖ਼ਾਲਸਾ ਨਾਲ ਸਬੰਧਿਤ ਸ਼ਖ਼ਸ ਨਾਢਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਬੀਤੇ ਦਿਨੀਂ ਅਤਿਵਾਦੀ ਮੋਡਿਊਲ ਦਾ ਪਰਦਾਫਾਸ਼ ਕਰਨ ਵਾਲੇ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਮੋਹਾਲੀ ਨੇ ਅੱਜ ਫਿਰ ਅਹਿਮ ਕਾਮਯਾਬੀ ਹਾਸਲ ਕਰਦਿਆਂ ਇੱਕ ਹੋਰ ਖ਼ਾਲਿਸਤਾਨ ਸਮਰਥਕ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁਲਜ਼ਮ ਨੂੰ ਕੋਰਟ ਨੇ ਇੱਕ ਦਿਨ ਦੇ ਰਿਮਾਂਡ 'ਤੇ ਭੇਜਿਆ ਹੈ। ਮੁਲਜ਼ਮ ਦੀ ਪਹਿਚਾਣ ਦਲੇਰ ਸਿੰਘ ਦੇ ਨਾਮ ਤੋਂ ਹੋਈ। ਐਸਐਸਓਸੀ ਟੀਮ ਨੇ ਦੱਸਿਆ ਕਿ ਦਲੇਰ ਸਿੰਘ ਪਹਿਲਾਂ ਫੜੇ ਗਏ ਮੁਲਜ਼ਮਾਂ ਹਰਵਿੰਦਰ ਸਿੰਘ, ਸੁਲਤਾਨ ਸਿੰਘ, ਕਰਮਜੀਤ ਸਿੰਘ, ਲਵਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਦਾ ਸਾਥੀ ਸੀ। ਦਲੇਰ ਸਿੰਘ ਨੂੰ ਬੱਬਰ ਖ਼ਾਲਸਾ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ। ਦਲੇਰ ਸਿੰਘ ਵੀ ਆਪਣੇ ਦੋਸਤਾਂ ਨਾਲ ਹਿੰਦੂ ਨੇਤਾਵਾਂ ਅਤੇ ਡੇਰਾ ਸੱਚਾ ਸੌਦਾ ਦੇ ਮੈਂਬਰਾਂ ਦੇ ਕਤਲ ਦੀ ਯੋਜਨਾ ਵਿਚ ਸ਼ਾਮਲ ਸੀ। ਇਹਨਾਂ ਛੇ ਵਿਅਕਤੀਆਂ ਨੂੰ ਹਥਿਆਰ ਖਰੀਦਣ ਦੇ ਲਈ ਵਿਦੇਸ਼ ਤੋਂ ਫੰਡਿੰਗ ਮਿਲਣੀ ਸੀ।

ਹਥਿਆਰ ਸਮੇਂ ਸਿਰ ਨਾ ਮਿਲਣ ਤੇ ਇਹਨਾਂ ਲੋਕਾਂ ਨੂੰ ਵਾਰਦਾਤ ਕਰਨ ਵਿਚ ਦੇਰੀ ਹੋ ਰਹੀ ਸੀ। ਹਥਿਆਰ ਮਿਲਣ ਤੋਂ ਬਾਅਦ ਇਹਨਾਂ ਲੋਕਾਂ ਨੂੰ ਜੰਮੂ-ਕਸ਼ਮੀਰ ਵਿਚ ਟ੍ਰੇਨਿੰਗ ਦਿੱਤੀ ਜਾਣੀ ਸੀ। ਇਹਨਾਂ ਲੋਕਾਂ ਦਾ ਸੰਪਰਕ ਜੇਲ ਵਿਚ ਬੰਦ ਬੱਬਰ ਖਾਲਸਾ ਦੇ ਅਤਿਵਾਦੀ ਜਗਤਾਰ ਸਿੰਘ ਹਵਾਰਾ ਅਤੇ ਜਰਮਨੀ ਵਿਚ ਬੈਠੇ ਖਾਲਿਸਤਾਨੀ ਟਾਇਗਰ ਫੋਰਸ ਦੇ ਸਰਗਰਮ ਰਣਜੀਤ ਸਿੰਘ ਪਖੋਕੇ ਦੇ ਨਾਲ ਵੀ ਸਨ। ਮੁਲਜ਼ਮ ਗੁਰਪ੍ਰੀਤ ਸਿੰਘ ਨੇ ਹਵਾਰਾ ਦੇ ਨਾਲ ਤਿਹਾੜ ਜੇਲ ਵਿਚ ਸਜਾ ਕੱਟੀ ਸੀ ਅਤੇ ਉਹ ਸੋਸ਼ਲ ਮੀਡੀਆ ਦੇ ਜ਼ਰੀਏ ਹਵਾਰਾ ਦੇ ਸੰਪਰਕ ਵਿਚ ਸੀ।

ਪਹਿਲਾਂ ਫੜੇ ਗਏ ਪੰਜ ਅਤਿਵਾਦੀਆਂ ਤੋਂ ਪੁੱਛਗਿੱਛ ਦੇ ਬਾਅਦ ਦਲੇਰ ਸਿੰਘ ਵੀ ਫੜਿਆ ਗਿਆ। ਦੱਸ ਦਈਏ ਕਿ ਕਰੀਬ 3 ਦਿਨ ਪਹਿਲਾਂ ਮੋਹਾਲੀ 'ਚੋਂ 5 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜੋ ਟਾਰਗੈਟ ਕਾਲਿੰਗ ਦੀ ਸਾਜ਼ਿਸ਼ ਘੜ ਰਹੇ ਸਨ। ਦਲੇਰ ਸਿੰਘ ਦੀ ਗ੍ਰਿਫ਼ਤਾਰੀ ਚਕੂਲਾ ਨੇੜੇ ਨਾਢਾ ਸਾਹਿਬ ਤੋਂ ਹੋਈ ਹੈ ਅਤੇ ਪੁਲਿਸ ਦਲੇਰ ਸਿੰਘ ਤੋਂ ਪੁੱਛਗਿੱਛ ਕਰ ਰਹੀ ਹੈ।