''ਰੋਡ ਸ਼ੋਅ ਦੌਰਾਨ ਸੰਨੀ ਦਿਓਲ ਨੇ ਕੀਤੀ ਸ਼ਿਵਜੀ ਦੀ ਬੇਅਦਬੀ''

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼ਿਵ ਸੈਨਾ ਹਿੰਦ ਨੇ ਸੰਨੀ ਦਿਓਲ ਵਿਰੁਧ ਦਰਜ ਕਰਾਈ ਸ਼ਿਕਾਇਤ

Sunny Deol Road Show

ਬਟਾਲਾ:  ਲੋਕ ਸਭਾ ਚੋਣਾਂ ਲਈ ਪਹਿਲੇ ਦਿਨ ਧਾਰਮਿਕ ਸਥਾਨਾਂ ਉੱਤੇ ਮੱਥਾ ਟੇਕ ਕੇ ਆਪਣਾ ਚੋਣ ਪ੍ਰਚਾਰ ਸ਼ੁਰੂ ਕਰਨ ਵਾਲੇ ਅਕਾਲੀ-ਭਾਜਪਾ  ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਨੇ ਰੋਡ ਸ਼ੋਅ ਦੇ ਦੌਰਾਨ ਧਾਰਮਿਕ ਫੋਟੋ ਦੀ ਹੀ ਬੇਅਦਬੀ ਕਰ ਦਿੱਤੀ।  ਡੇਰਾ ਬਾਬਾ ਨਾਨਕ ਤੋਂ ਸ਼ੁਰੂ ਹੋਏ ਰੋਡ ਸ਼ੋਅ ਦੌਰਾਨ ਜਿਸ ਟਰੱਕ ਉੱਤੇ ਸੰਨੀ ਦਿਓਲ ਭਾਜਪਾ ਅਤੇ ਅਕਾਲੀ ਦਲ  ਦੇ ਵੱਡੇ-ਵੱਡੇ ਆਗੂਆਂ ਦੇ ਨਾਲ ਸਵਾਰ ਹੋਏ, ਉਸ ਟਰੱਕ ਉੱਤੇ ਭਗਵਾਨ ਸ਼ਿਵ ਦੀ ਫੋਟੋ ਲੱਗੀ ਹੋਈ ਸੀ। ਪਹਿਲਾਂ ਸਾਰੇ ਆਗੂ ਉਸ ਟਰੱਕ ਉੱਤੇ ਖੜੇ ਸਨ ਜਿਸਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ ਇਹਨਾਂ ਤਸਵੀਰਾਂ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਭਗਵਾਨ ਸ਼ਿਵ ਦੀ ਫੋਟੋ ਉਹਨਾਂ ਦੇ ਪੈਰਾਂ ਦੇ ਥੱਲੇ ਹੈ।

ਗੁਰਦਾਸਪੁਰ ਪਹੁੰਚਦੇ ਹੀ ਸੰਨੀ ਦਿਓਲ ਥੱਕ ਗਏ ਅਤੇ ਉਹ ਬੈਠ ਗਏ ਪਰ ਉਹਨਾਂ ਨੇ ਭਗਵਾਨ ਸ਼ਿਵ ਦੀ ਫੋਟੋ ਨਹੀਂ ਦੇਖੀ। ਵਾਇਰਲ ਹੋਈਆਂ ਤਸਵੀਰਾਂ ਵਿਚ ਸੰਨੀ ਦਿਓਲ ਦੇ ਪੈਰਾਂ ਹੇਠ ਸ਼ਿਵਜੀ ਦੀ ਫੋਟੋ ਸਾਫ਼ ਦਿਖਾਈ ਦਿੰਦੀ ਹੈ। ਸੰਨੀ ਦਿਓਲ ਆਪਣੇ ਰੋਡ ਸ਼ੋਅ ਵਿਚ ਕਾਫ਼ੀ ਦੇਰ ਤੱਕ ਇਸ ਤਰਾਂ ਹੀ ਬੈਠੇ ਦਿਖਾਈ ਦਿੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਟਰੱਕ ਵਿਚ ਹੋਰ ਵੀ ਵੱਡੇ ਆਗੂ ਬੈਠੇ ਸਨ ਪਰ ਕਿਸੇ ਨੇ ਵੀ ਉਹਨਾਂ ਦੀ ਇਸ ਗਲਤੀ ਵੱਲ ਧਿਆਨ ਨਹੀਂ ਦਿੱਤਾ ਜਾ ਫਿਰ ਇਹ ਕਿਹਾ ਜਾਵੇ ਕਿ ਕੋਈ ਵੀ ਆਗੂ ਸੰਨੀ ਦਿਓਲ ਦੀ ਬੇਇਜ਼ਤੀ ਨਹੀਂ ਕਰਨਾ ਚਾਹੁੰਦਾ ਸੀ ਇਸ ਲਈ ਉਹਨਾਂ ਨੇ ਸੰਨੀ ਦਿਓਲ ਦੀ ਇਸ ਗਲਤੀ ਨੂੰ ਨਜ਼ਰ ਅੰਦਾਜ਼ ਕਰ ਦਿੱਤਾ।

ਲੋਕ ਸਭਾ ਖੇਤਰ ਗੁਰਦਾਸਪੁਰ ਤੋਂ  ਭਾਜਪਾ ਦੇ ਉਮੀਦਵਾਰ ਅਦਾਕਾਰ ਸਨੀ ਦਿਓਲ ਉਰਫ ਅਜੈ ਸਿੰਘ  ਦਿਓਲ ਦੇ ਖਿਲਾਫ਼ ਪੁਲਿਸ ਸਟੇਸ਼ਨ ਖਰੜ ਸਿਟੀ ਵਿਚ ਹਿੰਦੂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਨੂੰ ਲੈ ਕੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਹ ਸ਼ਿਕਾਇਤ ਸ਼ਿਵ ਸੈਨਾ ਹਿੰਦ ਦੇ ਰਾਸ਼ਟਰੀ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਦਰਜ ਕਰਵਾਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਨਿਸ਼ਾਂਤ ਸ਼ਰਮਾ ਨੇ ਲਿਖਿਆ ਹੈ ਕਿ ਸਨੀ ਦਿਓਲ ਨੇ ਇੱਕ ਰੈਲੀ ਦੇ ਦੌਰਾਨ ਜਿਸ ਵਾਹਨ ਦੀ ਸਵਾਰੀ ਕੀਤੀ, ਉਸ ਵਾਹਨ ਉੱਤੇ ਭਗਵਾਨ ਸ਼ਿਵ ਜੀ ਦੀ ਫੋਟੋ ਲੱਗੀ ਹੋਈ ਹੈ ਅਤੇ ਸਨੀ ਦਿਓਲ ਫੋਟੋ ਦੇ ਉੱਤੇ ਪੈਰ ਕਰਕੇ ਬੈਠੇ ਹਨ।

ਇਸ ਤਰ੍ਹਾਂ ਉਹਨਾਂ ਨੇ ਭਗਵਾਨ ਸ਼ਿਵ ਜੀ ਦਾ ਨਿਰਾਦਰ ਕੀਤਾ ਹੈ। ਉਨ੍ਹਾਂ ਨੇ ਪੁਲਿਸ ਨੂੰ ਸੰਨੀ ਦਿਓਲ ਦੇ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੁਲਿਸ ਸਟੇਸ਼ਨ ਸਿਟੀ ਖਰੜ ਦੇ ਬੁਲਾਰੇ ਭਗਵੰਤ ਸਿੰਘ ਨੇ ਦੱਸਿਆ ਕਿ ਉਹ ਸ਼ਿਵ ਸੈਨਾ ਹਿੰਦ ਵਲੋਂ ਦਿਤੇ ਗਏ ਸਬੂਤਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕਰਨਗੇ ਅਤੇ ਜੋ ਕੁੱਝ ਵੀ ਜਾਂਚ ਵਿਚ ਸਾਹਮਣੇ ਆਏਗਾ, ਉਸ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਦਸ ਦਈਏ ਕਿ ਬੀਤੇ ਦਿਨ ਭਾਜਪਾ ਉਮੀਦਵਾਰ ਸੰਨੀ ਦਿਓਲ ਨੇ ਇਕ ਵੱਡਾ ਰੋਡ ਸ਼ੋਅ ਕੱਢਿਆ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਸਨ। ਇਸ ਦੌਰਾਨ ਉਹ ਅਪਣੇ ਫ਼ਿਲਮੀ ਸਟਾਇਲ ਵਿਚ ਹੱਥ ਵਿਚ ਨਲਕਾ ਫੜੇ ਹੋਏ ਵੀ ਦਿਖਾਈ ਦਿੱਤੇ ਸਨ।