ਚੋਣ ਕਮਿਸ਼ਨ ਵਲੋਂ ਭਾਜਪਾ ਦੇ ਸੰਨੀ ਦਿਓਲ ਨੂੰ ਵੱਡੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਨੇ ਭਾਜਪਾ ਦੀ ਈਵੀਐਮ ਮਸ਼ੀਨ ’ਤੇ ਸੰਨੀ ਦਿਓਲ ਦੇ ਨਾਂਅ ਨੂੰ ਲੈ ਕੇ ਚਿੰਤਾ ਕੀਤੀ ਦੂਰ

Sunny Deol & PM Modi

ਗੁਰਦਾਸਪੁਰ: ਲੋਕਸਭਾ ਹਲਕਾ ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸੰਨੀ ਦਿਓਲ ਨੂੰ ਚੋਣ ਕਮਿਸ਼ਨ ਨੇ ਵੱਡੀ ਰਾਹਤ ਦਿਤੀ ਹੈ। ਦਰਅਸਲ, ਚੋਣ ਕਮਿਸ਼ਨ ਨੇ ਸੰਨੀ ਦਿਓਲ ਦੇ ਅਸਲ ਨਾਂਅ ਨੂੰ ਲੈ ਕੇ ਪਿਛਲੇ ਦਿਨੀਂ ਕੀਤੀ ਅਪੀਲ ਨੂੰ ਸਵੀਕਾਰ ਕਰ ਲਿਆ ਹੈ। ਦੱਸ ਦਈਏ ਕਿ ਸੰਨੀ ਦਿਓਲ ਦਾ ਅਸਲ ਨਾਂਅ ਅਜੇ ਸਿੰਘ ਧਰਮਿੰਦਰ ਦਿਓਲ ਹੈ ਜੋ ਬਹੁਤੇ ਲੋਕਾਂ ਨੂੰ ਨਹੀਂ ਪਤਾ।

ਇਸ ਤੋਂ ਪ੍ਰੇਸ਼ਾਨ ਹੋ ਕੇ ਭਾਜਪਾ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਸੀ ਕਿ ਸੰਨੀ ਦਿਓਲ ਦੇ ਅਸਲ ਨਾਂਅ ਦੀ ਜਗ੍ਹਾ ਈਵੀਐਮ ਮਸ਼ੀਨ ’ਤੇ ਸੰਨੀ ਦਿਓਲ ਨਾਂਅ ਹੀ ਲਿਖਿਆ ਜਾਵੇ, ਜੋ ਲੋਕਾਂ ਨੂੰ ਪਤਾ ਹੈ, ਤਾਂ ਜੋ ਲੋਕਾਂ ਨੂੰ ਵੋਟ ਪਾਉਣ ਵੇਲੇ ਭੁਲੇਖਾ ਨਾ ਪਵੇ। ਇੱਥੇ ਇਹ ਵੀ ਦੱਸ ਦਈਏ ਕਿ ਸੰਨੀ ਦਿਓਲ ਨੇ ਨਾਮਜ਼ਦਗੀ ਪੱਤਰ ਭਰਨ ਵੇਲੇ ਅਪਣਾ ਅਸਲ ਨਾਂਅ ਅਜੇ ਸਿੰਘ ਧਰਮਿੰਦਰ ਦਿਓਲ ਭਰਿਆ ਸੀ।

ਚੋਣ ਕਮਿਸ਼ਨ ਦੇ ਨਿਯਮਾਂ ਮੁਤਾਬਕ, ਈਵੀਐਮ ਮਸ਼ੀਨ ’ਤੇ ਸਿਰਫ਼ ਓਹੀ ਨਾਂਅ ਲਿਖਿਆ ਜਾਂਦਾ ਹੈ ਜੋ ਨਾਮਜ਼ਦਗੀ ਵੇਲੇ ਉਮੀਦਵਾਰ ਵਲੋਂ ਭਰਿਆ ਜਾਂਦਾ ਹੈ ਤੇ ਜਿਹੜਾ ਵੋਟਰ ਸੂਚੀ ਵਿਚ ਦਰਜ ਹੁੰਦਾ ਹੈ। ਸੰਨੀ ਦਿਓਲ ਦੇ ਨਾਂਅ ਨੂੰ ਲੈ ਕੇ ਭਾਜਪਾ ਲਈ ਵੱਡੀ ਪ੍ਰੇਸ਼ਾਨੀ ਖੜ੍ਹੀ ਹੋ ਗਈ ਸੀ ਪਰ ਹੁਣ ਭਾਜਪਾ ਦੀ ਇਹ ਚਿੰਤਾ ਚੋਣ ਕਮਿਸ਼ਨ ਨੇ ਦੂਰ ਕਰ ਦਿਤੀ ਹੈ। ਹੁਣ ਇਹ ਵੇਖਣਾ ਦਿਲਚਸਪ ਹੋਵੇਗਾ ਚੋਣ ਨਤੀਜਿਆਂ ਦੌਰਾਨ ਜਨਤਾ ਜਿੱਤ ਦੀ ਹਰੀ ਝੰਡੀ ਕਿਸ ਦੇ ਹੱਥ ਫੜਾਉਂਦੀ ਹੈ।