ਚੰਡੀਗੜ੍ਹ, (ਕਮਲਜੀਤ ਸਿੰਘ ਬਨਵੈਤ), ਕਾਨੂੰਨ ਦੇ ਹੱਥ ਬਹੁਤ ਲੰਬੇ ਮੰਨੇ ਜਾਂਦੇ ਆ ਰਹੇ ਹਨ ਪਰ 12 ਕਰੋੜੀ ਜ਼ਮੀਨ ਖ਼ਰੀਦ ਘਪਲੇ ਦੇ ਕੇਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਦੋ ਸੇਵਾ ਮੁਕਤ ਆਈ.ਏ.ਐਸ ਅਫ਼ਸਰ ਐਸ.ਐਸ. ਬੈਂਸ ਅਤੇ ਜੀ.ਕੇ. ਸਿੰਘ ਤਕ ਪੁੱਜਣ ਲਈ ਛੋਟੇ ਪੈ ਗਏ ਹਨ।
ਪਿੰਡ ਝਿਊਰਹੇੜੀ ਵਿਚ ਪੈਂਦੀ ਇਸ ਜ਼ਮੀਨ ਘੋਟਾਲੇ ਵਿਚ ਪੰਚਾਇਤ ਵਿਭਾਗ ਦੇ 13 ਹੇਠਲੇ ਮੁਲਾਜ਼ਮ ਗ੍ਰਿਫ਼ਤਾਰ ਕੀਤੇ ਜਾ ਚੁਕੇ ਹਨ ਜਦੋਂ ਕਿ ਦੋ ਸਾਬਕਾ ਆਈ.ਏ.ਐਸ. ਅਧਿਕਾਰੀਆਂ ਅਤੇ ਸਾਬਕਾ ਮੰਤਰੀ ਦੀ ਸ਼ਮੂਲੀਅਤ ਵੀ ਸਾਹਮਣੇ ਆ ਗਈ ਹੈ। ਕੌਮਾਂਤਰੀ ਏਅਰਪੋਰਟ ਵਾਸਤੇ ਪਿੰਡ ਝਿਊਰਹੇੜੀ ਦੀ 36 ਏਕੜ ਜ਼ਮੀਨ ਐਕੁਆਇਰ ਕੀਤੀ ਗਈ ਸੀ ਜਿਸ ਦਾ ਮੁਆਵਜ਼ਾ ਡੇਢ ਕਰੋੜ ਪ੍ਰਤੀ ਏਕੜ ਦਿਤਾ ਗਿਆ ਸੀ।
ਦਿਲਚਸਪ ਗੱਲ ਹੈ ਕਿ ਪੇਂਡੂ ਵਿਕਾਸ ਅਤੇ ਪੰਚਾÎਇਤ ਵਿਭਾਗ ਨੂੰ ਪ੍ਰਾਪਤ ਹੋਈ ਰਕਮ ਵਿਚੋਂ 5 ਕਰੋੜ ਰੁਪਏ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੂੰ ਦਿਤੇ ਗਏ ਹਨ ਜਿਸ ਦਾ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਸੀ। ਗੁਰਪ੍ਰੀਤ ਸਿੰਘ, ਸਿਕੰਦਰ ਸਿੰਘ ਮਲੂਕਾ ਦਾ ਬੇਟਾ ਦਸਿਆ ਗਿਆ ਹੈ। ਵਿਜੀਲੈਂਸ ਦੀ ਜਾਂਚ ਦੌਰਾਨ ਪੰਚਾਇਤ ਵਿਭਾਗ ਦੇ ਬੀ.ਡੀ.ਪੀ.ਓ. ਗੁਰਿੰਦਰ ਸਿੰਘ ਸਰਾ, ਬੀ.ਡੀ.ਪੀ.ਓ. ਮਲਵਿੰਦਰ ਸਿੰਘ ਅਤੇ ਪੰਚਾਇਤ ਸਕੱਤਰ ਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਉਨ੍ਹਾਂ ਦਾ ਜ਼ਮੀਨ ਘੁਟਾਲੇ ਵਿਚ ਕੋਈ ਹੱਥ ਨਹੀਂ ਹੈ ਇਹ ਖ਼ਰੀਦੋ ਫ਼ਰੋਖ਼ਤ ਹੇਠਲੇ ਲੇਵਲ 'ਤੇ ਹੋਈ ਸੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜੀ.ਕੇ. ਸਿੰਘ ਦੀ ਕੇਸ ਨਾਲ ਸਬੰਧਤ ਕਿਸੇ ਫ਼ਾਈਲ 'ਤੇ ਅਪਣੇ ਦਸਤਖ਼ਤ ਨਾ ਹੋਣ ਦਾ ਦਾਅਵੇ ਕਰ ਰਹੇ ਹਨ। ਦੂਜੇ ਸਾਬਕਾ ਆਈ.ਏ.ਅੇਸ. ਅਧਿਕਾਰੀ ਨਾਲ ਸੰਪਰਕ ਨਹੀਂ ਹੋ ਸਕਿਆ ਹੈ। ਮਲੂਕਾ ਨੇ ਇਹ ਵੀ ਸਪਸ਼ਟ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਨੂੰ ਵਿਭਾਗ ਵਲੋਂ ਪੰਜ ਕਰੋੜ ਰੁਪਏ ਵਿਆਜ਼ 'ਤੇ ਉਧਾਰ ਦਿਤੇ ਗਏ ਸਨ। ਜਿਹੜੇ ਕਿ ਵਿਆਜ਼ ਸਮੇਂ ਵਸੂਲ ਕਰ ਲਏ ਜਾਣਗੇ।