ਜਸਪਾਲ ਦੀ ਲਾਸ਼ ਪੁਲਿਸ ਨੇ ਨਹਿਰ ਵਿਚ ਸੁੱਟੀ ਹੀ ਨਹੀਂ : ਪਰਗਟ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਗਟ ਸਿੰਘ ਨੇ 14 ਸਾਲਾਂ 'ਚ 11,817 ਲਾਸ਼ਾਂ ਨਹਿਰ 'ਚੋਂ ਕੱਢੀਆਂ ਅਤੇ 1656 ਲੋਕਾਂ ਨੂੰ ਜ਼ਿੰਦਾ ਬਚਾਇਆ

Pargat Singh

ਕੁਰੂਕਸ਼ੇਤਰ : ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ 'ਚ ਜਸਪਾਲ ਦੀ ਮੌਤ ਦਾ ਮਾਮਲਾ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ। ਪੁਲਿਸ ਵੱਲੋਂ ਉਸ ਦੀ ਲਾਸ਼ ਦੀ ਭਾਲ ਵਿਚ ਜੋਰਾਂ-ਸ਼ੋਰਾਂ 'ਤੇ ਟੀਮਾਂ ਲਗਾ ਦਿੱਤੀਆਂ ਗਈਆਂ ਹਨ। ਪੁਲਿਸ ਵੱਲੋਂ ਨਹਿਰਾਂ 'ਚ ਭਾਲ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਪੁਲਿਸ ਦੇ ਹੱਥ ਜਸਪਾਲ ਦੀ ਲਾਸ਼ ਦਾ ਕੋਈ ਸੁਰਾਗ ਨਹੀਂ ਲੱਗਾ। ਜਿੱਥੇ ਪੁਲਿਸ ਆਪਣੇ ਵੱਲੋਂ ਜਸਪਾਲ ਦੀ ਨਹਿਰਾਂ ਵਿਚ ਭਾਲ ਕਰ ਰਹੀ ਹੈ ਉੱਥੇ ਹੀ ਇਕ ਗੋਤਾਖੋਰ ਸਿੱਖ ਹਰਿਆਣਾ-ਪੰਜਾਬ ਦੀ ਨਹਿਰ ਵਿਚ ਜਸਪਾਲ ਸਿੰਘ ਦੀ ਭਾਲ ਲਈ ਅੱਗੇ ਆਇਆ ਹੈ। ਇਸ ਗੋਤਾਖੋਰ ਦਾ ਨਾਂ ਪਰਗਟ ਸਿੰਘ ਹੈ।

'ਸਪੋਕਸਮੈਨ ਟੀਵੀ' ਨੇ ਪਰਗਟ ਸਿੰਘ ਨਾਲ ਇਸ ਮੌਕੇ ਖ਼ਾਸ ਗੱਲਬਾਤ ਕੀਤੀ। ਪਰਗਟ ਸਿੰਘ ਨੇ ਦੱਸਿਆ ਕਿ ਉਸ ਦਾ ਅਸਲ ਨਾਂ ਰਛਪਾਲ ਸਿੰਘ ਹੈ। ਉਸ ਨੂੰ ਇਹ ਨਾਂ ਲੋਕਾਂ ਨੇ ਦਿੱਤਾ ਹੈ। ਉਸ ਨੇ ਬਚਪਨ ਤੋਂ ਹੀ ਤੈਰਨਾ ਸਿੱਖ ਲਿਆ ਸੀ। ਹੌਲੀ-ਹੌਲੀ ਉਸ ਨੇ ਨਹਿਰ 'ਚੋਂ ਲਾਸ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਪਰਗਟ ਸਿੰਘ ਨੇ ਦੱਸਿਆ ਕਿ ਉਸ ਨੇ ਪਿਛਲੇ 14 ਸਾਲਾਂ 'ਚ 11,817 ਲਾਸ਼ਾਂ ਨਹਿਰ 'ਚੋਂ ਕੱਢੀਆਂ ਹਨ ਅਤੇ 1656 ਲੋਕਾਂ ਨੂੰ ਜ਼ਿੰਦਾ ਬਚਾਇਆ ਹੈ। ਇਸ ਤੋਂ ਇਲਾਵਾ ਨਹਿਰ 'ਚੋਂ 8 ਖੂੰਖਾਰ ਮਗਰਮੱਛਾਂ ਨੂੰ ਕੱਢ ਕੇ ਜੰਗਲਾਤ ਵਿਭਾਗ ਨੂੰ ਸੌਂਪੇ ਹਨ।

ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੱਭ ਤੋਂ ਪਹਿਲੀ ਲਾਸ਼ 14 ਸਾਲ ਪਹਿਲਾਂ ਦੇਵੀਗੜ੍ਹ ਦੀ ਇਕ ਲੜਕੀ ਦੀ ਕੱਢੀ ਸੀ। ਨਹਿਰ 'ਚੋਂ ਲਾਸ਼ਾਂ ਜ਼ਿਆਦਾਤਰ ਗਰਮੀਆਂ  'ਚ ਮਿਲਦੀਆਂ ਹਨ। ਹਫ਼ਤੇ 'ਚ ਕਈ ਵਾਰ ਮੈਨੂੰ 8-10 ਲਾਸ਼ਾਂ ਕੱਢਣੀਆਂ ਪੈ ਜਾਂਦੀਆਂ ਹਨ। ਠੰਢ 'ਚ ਜ਼ਿਆਦਾਤਰ ਖ਼ੁਦਕੁਸ਼ੀਆਂ ਵਾਲੇ ਮਾਮਲੇ ਆਉਂਦੇ ਹਨ, ਜਦਕਿ ਗਰਮੀਆਂ 'ਚ ਹਾਸਦਿਆਂ ਦੇ ਸ਼ਿਕਾਰ ਲੋਕ ਜ਼ਿਆਦਾਤਰ ਨਹਿਰਾਂ 'ਚ ਡੁੱਬਦੇ ਹਨ।

ਪਰਗਟ ਸਿੰਘ ਨੇ ਦੱਸਿਆ ਕਿ ਉਸ ਨੇ ਰਾਜਪੁਰਾ ਨੇੜਿਉਂ ਇਕ ਨਹਿਰ 'ਚੋਂ ਇਕ ਵਿਅਕਤੀ ਦੀ ਲਾਸ਼ 3 ਮਹੀਨਿਆਂ ਮਗਰੋਂ ਕੱਢੀ ਸੀ। ਇਸੇ ਤਰ੍ਹਾਂ ਦਿੱਲੀ ਤੋਂ ਆਏ ਇਕ ਪਰਿਵਾਰ, ਜੋ ਨਹਿਰ 'ਚ ਫੁੱਲ ਸੁੱਟਣ ਮਗਰੋਂ ਨਹਾ ਰਹੇ ਸਨ, ਦੇ 3 ਜੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੀ ਲਾਸ਼ ਮੈਂ ਲਗਾਤਾਰ 15 ਦਿਨ ਲੱਭਣ ਮਗਰੋਂ ਬਰਾਮਦ ਕੀਤੀ। 

ਪਰਗਟ ਸਿੰਘ ਨੇ ਦੱਸਿਆ ਕਿ ਜਦੋਂ ਵੀ ਕਿਸੇ ਵਿਅਕਤੀ ਦੀ ਨਹਿਰ 'ਚ ਗੁਮਸ਼ੁਦਗੀ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਸ ਦੇ ਪਰਿਵਾਰ ਤੋਂ ਮੈਂ ਡੁੱਬਣ ਵਾਲੇ ਵਿਅਕਤੀ ਦੀ ਸਾਰੀ ਪਛਾਣ ਪਤਾ ਕਰ ਲੈਂਦਾ ਹਾਂ। ਕਈ ਵਾਰ ਲਾਸ਼ ਮਿਲਣ 'ਚ 1-2 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ। ਪਰਗਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪਿਛਲੇ ਦਿਨੀਂ 103 ਸਾਲਾ ਬਜ਼ੁਰਗ ਦੀ ਲਾਸ਼ ਨਹਿਰ 'ਚੋਂ ਕੱਢੀ ਸੀ। ਲਾਸ਼ ਬਹੁਤ ਖ਼ਰਾਬ ਹੋ ਚੁੱਕੀ ਸੀ। ਪੀੜਤ ਪਰਵਾਰ ਨੇ ਦੱਸਿਆ ਸੀ ਕਿ ਬਜ਼ੁਰਗ ਦੇ ਮੂੰਹ 'ਚ ਇਕ ਦੰਦ ਸੀ। ਨਹਿਰ 'ਚੋਂ ਕੱਢੀ ਲਾਸ਼ ਦੇ ਮੂੰਹ 'ਚ ਵੀ ਇਕ ਦੰਦ ਹੋਣ ਕਾਰਨ ਉਸ ਦੀ ਸ਼ਨਾਖ਼ਤ ਹੋ ਸਕੀ।

ਪਰਗਟ ਸਿੰਘ ਨੇ ਦੱਸਿਆ ਕਿ ਗਰਮੀਆਂ ਦੇ ਮੁਕਾਬਲੇ ਸਰਦੀਆਂ 'ਚ ਲਾਸ਼ ਲੱਭਣ ਵਿਚ ਜ਼ਿਆਦਾ ਮੁਸ਼ਕਲ ਆਉਂਦੀ ਹੈ। ਗਰਮੀਆਂ 'ਚ ਲਾਸ਼ 4-5 ਦਿਨ ਮਗਰੋਂ ਉੱਪਰ ਆ ਜਾਂਦੀ ਹੈ ਪਰ ਸਰਦੀਆਂ 'ਚ 15-15 ਦਿਨ ਲੱਗ ਜਾਂਦੇ ਹਨ। ਫ਼ਰੀਦਕੋਟ ਜ਼ਿਲ੍ਹੇ 'ਚ ਜਸਪਾਲ ਸਿੰਘ ਦੀ ਮੌਤ ਦੇ ਮਾਮਲੇ 'ਚ ਪਰਗਟ ਸਿੰਘ ਨੇ ਦੱਸਿਆ ਕਿ ਸੱਭ ਤੋਂ ਪਹਿਲੀ ਗੱਲ ਇਹ ਯਕੀਨੀ ਬਣਾਉਣੀ ਪਵੇਗੀ ਕਿ ਪੁਲਿਸ ਨੇ ਲਾਸ਼ ਨਹਿਰ 'ਚ ਸੁੱਟੀ ਹੈ ਜਾਂ ਨਹੀਂ। ਜੇ ਸੁੱਟੀ ਹੈ ਤਾਂ ਕਿਸ ਹਾਲਤ 'ਚ ਸੁੱਟੀ ਹੈ। ਉਨ੍ਹਾਂ ਦੱਸਿਆ ਕਿ ਉਹ ਲਾਸ਼ ਲੱਭਣ ਲਈ ਫ਼ਰੀਦਕੋਟ, ਗੰਗਾਨਗਰ, ਸ਼ੇਰਗੜ੍ਹ, ਇੰਦਰਾ ਗਾਂਧੀ ਨਹਿਰ ਅਤੇ ਹਨੂੰਮਾਨਗੜ੍ਹ ਨਹਿਰ 'ਚ ਗਿਆ ਸੀ। ਇਸ ਦੌਰਾਨ ਦੋ-ਤਿੰਨ ਲਾਸ਼ਾਂ ਮਿਲੀਆਂ ਸਨ, ਪਰ ਉਨ੍ਹਾਂ 'ਚੋਂ ਕੋਈ ਲਾਸ਼ ਜਸਪਾਲ ਸਿੰਘ ਦੀ ਨਹੀਂ ਸੀ। 

ਪਰਗਟ ਸਿੰਘ ਨੇ ਦੱਸਿਆ ਕਿ ਜਿੰਨੀ ਜ਼ਿਆਦਾ ਦੇਰ ਹੋਵੇਗੀ ਓਨਾ ਜਸਪਾਸ ਦੀ ਲਾਸ਼ ਮਿਲਣ ਦੀ ਸੰਭਾਵਨਾ ਘਟਦੀ ਜਾਵੇਗੀ। ਮੇਰਾ ਇਹੀ ਮੰਨਣਾ ਹੈ ਕਿ ਲਾਸ਼ ਨਹਿਰ 'ਚ ਨਹੀਂ ਸੁੱਟੀ ਹੋਵੇਗੀ। ਜੇ ਸੁੱਟੀ ਹੁੰਦੀ ਤਾਂ ਜ਼ਰੂਰ ਮਿਲ ਜਾਂਦੀ। ਨਹਿਰ 'ਚ ਜਿਹੜੀਆਂ ਲਾਸ਼ਾਂ ਮਿਲੀਆਂ ਉਹ ਵੀ 12-13 ਦਿਨ ਪੁਰਾਣੀਆਂ ਸਨ। ਲਾਸ਼ ਨੂੰ ਕਿਸੇ ਭਾਰੀ ਚੀਜ਼ ਨਾਲ ਬੰਨ੍ਹ ਕੇ ਵੀ ਸੁੱਟਿਆ ਗਿਆ ਹੋ ਸਕਦਾ ਹੈ ਤਾ ਕਿ ਅੰਦਰੋਂ-ਅੰਦਰ ਗੱਲ ਜਾਵੇ। ਪਰਗਟ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕੀਤੇ ਜਾ ਰਹੇ ਇਸ ਕਾਰਜ ਲਈ ਕਦੇ ਸਰਕਾਰ ਨੇ ਮਦਦ ਨਹੀਂ ਕੀਤੀ। ਮੈਨੂੰ ਲੋਕਾਂ ਦਾ ਬਹੁਤ ਪਿਆਰ ਮਿਲਦਾ ਹੈ। ਮੈਂ ਇਹ ਕੰਮ ਬਗੈਰ ਕਿਸੇ ਪੈਸੇ ਤੋਂ ਕਰਦਾ ਹਾਂ। ਮੇਰੀਆਂ ਵੀ ਤਿੰਨ ਧੀਆਂ ਹਨ ਅਤੇ ਉਨ੍ਹਾਂ ਨੂੰ ਹਮੇਸ਼ਾ ਮੇਰਾ ਫ਼ਿਕਰ ਪਿਆ ਰਹਿੰਦਾ ਹੈ।