ਪਰਵਾਰ ਮੈਂਬਰਾਂ ਨੇ ਕੀਤੀ ਲਾਸ਼ ਦੀ ਸ਼ਨਾਖ਼ਤ, ਲਾਸ਼ ਜਸਪਾਲ ਦੀ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਨਸਾਫ਼ ਤੇ ਲਾਸ਼ ਲੈਣ ਲਈ ਪਿਛਲੇ 11 ਦਿਨਾਂ ਤੋਂ ਪਰਵਾਰ ਮੈਂਬਰ ਤੇ ਹੋਰ ਜਥੇਬੰਦੀਆਂ ਐਸਐਸਪੀ ਦਫ਼ਤਰ ਦੇ ਬਾਹਰ ਦੇ ਰਹੇ ਧਰਨਾ

Jaspal Dead body not found still

ਫ਼ਰੀਦਕੋਟ:  ਪੁਲਿਸ ਹਿਰਾਸਤ ਵਿਚ ਮਰੇ ਜਸਪਾਲ ਸਿੰਘ ਦੀ ਲਾਸ਼ ਅਜੇ ਤੱਕ ਨਹੀਂ ਮਿਲੀ ਹੈ। ਹਨੂੰਮਾਨਗੜ੍ਹ ਵਿਚ ਮਿਲੀ ਇਕ ਲਾਸ਼ ਦੀ ਸ਼ਨਾਖ਼ਤ ਜਸਪਾਲ ਸਿੰਘ ਦੇ ਪਰਵਾਰ ਮੈਂਬਰਾਂ ਵਲੋਂ ਕੀਤੀ ਗਈ ਪਰ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਲਾਸ਼ ਜਸਪਾਲ ਦੀ ਨਹੀਂ ਹੈ, ਕਿਉਂਕਿ ਜਸਪਾਲ ਦਾ ਕੱਦ 5 ਫੁੱਟ 3-4 ਇੰਚ ਹੈ, ਜਦਕਿ ਲਾਸ਼ 5 ਫੁੱਟ 10 ਇੰਚ ਹੈ। ਲਾਸ਼ ਨੂੰ ਹਨੂੰਮਾਨਗੜ੍ਹ ਦੇ ਹਸਪਤਾਲ ਵਿਚ ਰੱਖਿਆ ਗਿਆ ਸੀ।

ਡਾਕਟਰਾਂ ਦਾ ਕਹਿਣਾ ਹੈ ਕਿ ਇਹ ਮੌਤ ਹੋਈ ਨੂੰ 4 ਤੋਂ 6 ਦਿਨ ਹੋ ਗਏ ਹਨ, ਕੰਬਲ ਨਾਲ ਰਗੜ ਕੇ ਵੀ ਲਾਸ਼ ਤੋਂ ਚਮੜੀ ਨਹੀਂ ਲਹਿ ਰਹੀ।  ਇਸ ਤੋਂ ਸਪੱਸ਼ਟ ਹੈ ਕਿ ਇਹ ਲਾਸ਼ ਪਿਛਲੇ 11 ਦਿਨ ਤੋਂ ਪਾਣੀ ਵਿਚ ਨਹੀਂ ਹੈ। ਜਸਪਾਲ ਦੇ ਪਰਵਾਰ ਮੈਂਬਰਾਂ ਮੁਤਾਬਕ ਹੋਰ ਵੀ ਕਈ ਪੱਖਾਂ ਤੋਂ ਇਹ ਲਾਸ਼ ਜਸਪਾਲ ਦੀ ਨਹੀਂ ਲੱਗਦੀ। ਦੱਸ ਦਈਏ ਕਿ ਸੀ.ਆਈ.ਏ. ਫਰੀਦਕੋਟ ਦੀ ਹਿਰਾਸਤ ਵਿਚ ਨੌਜਵਾਨ ਜਸਪਾਲ ਸਿੰਘ ਦੀ 18 ਮਈ ਨੂੰ ਮੌਤ ਹੋ ਗਈ ਸੀ।

 ਜਸਪਾਲ ਦੀ ਮੌਤ ਹੋ ਜਾਣ ਮਗਰੋਂ ਪੁਲਿਸ ਨੇ ਲਾਸ਼ ਨੂੰ ਖੁਰਦ-ਬੁਰਦ ਕਰ ਦਿਤਾ ਸੀ, ਜੋ ਅਜੇ ਤੱਕ ਨਹੀਂ ਮਿਲੀ। ਪੁਲਿਸ ਵਲੋਂ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਜਸਪਾਲ ਦੀ ਮੌਤ ਤੋਂ ਅਗਲੇ ਹੀ ਦਿਨ ਉਸ ਨੂੰ ਗ੍ਰਿਫ਼ਤਾਰ ਕਰਨ ਵਾਲੇ ਪੁਲਿਸ ਇੰਸਪੈਕਟਰ ਨੇ ਵੀ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ। ਇਸ ਦੇ ਇਨਸਾਫ਼ ਤੇ ਲਾਸ਼ ਲੈਣ ਲਈ ਪਰਵਾਰ ਤੇ ਹੋਰ ਜਥੇਬੰਦੀਆਂ ਪਿਛਲੇ 11 ਦਿਨਾਂ ਤੋਂ ਐਸਐਸਪੀ ਦਫ਼ਤਰ ਦੇ ਬਾਹਰ ਧਰਨੇ ’ਤੇ ਬੈਠੇ ਹਨ।