'ਬਾਦਲ ਇਸ ਵਾਰ ਪੰਜਾਬ ਲਈ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਵਜੋਂ ਜੇਲ ਜਾਣਗੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿਟ 'ਤੇ ਉਂਗਲਾਂ ਚੁੱਕਣ ਦੀ ਬਜਾਏ ਬਾਦਲ ਬੇਅਦਬੀ ਤੇ ਗੋਲੀਕਾਂਡ ਬਾਰੇ ਆਪਣਾ ਸੱਚ-ਝੂਠ ਹੁਣ ਅਦਾਲਤ 'ਚ ਸਾਬਤ ਕਰਨ : ਸੁਖਜਿੰਦਰ ਸਿੰਘ ਰੰਧਾਵਾ

Sukhjinder Singh Randhawa

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸੀਨੀਅਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਉਚੇਚੇ ਤੌਰ 'ਤੇ ਰੋਜ਼ਾਨਾ ਸਪੋਕਸਮੈਨ ਦੇ ਮੁੱਖ ਦਫ਼ਤਰ ਪੁੱਜੇ। ਇਸ ਮੌਕੇ ਸਪੋਕਸਮੈਨ ਟੀਵੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰੰਧਾਵਾ ਨੇ ਦਾਅਵਾ ਕੀਤਾ ਕਿ ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਸਿਟ) ਪੂਰੀ ਤਰ੍ਹਾਂ ਇਕਜੁਟ ਹੈ ਅਤੇ ਏਡੀਜੀਪੀ ਪ੍ਰਬੋਧ ਕੁਮਾਰ ਸਣੇ ਸਮੂਹ ਕਾਬਲ ਪੁਲਿਸ ਅਫ਼ਸਰਾਂ ਦੀ ਬਦੌਲਤ ਜਾਂਚ ਸਹੀ ਦਿਸ਼ਾ ਵੱਲ ਜਾਰੀ ਹੈ।

ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹੋਰ ਅਕਾਲੀ ਲੀਡਰਸ਼ਿਪ ਵੱਲੋਂ ਸਿਟ ਉਤੇ ਚੁੱਕੀਆਂ ਜਾ ਰਹੀਆਂ ਉਂਗਲਾਂ ਬਾਰੇ ਸਵਾਲ ਦੇ ਜਵਾਬ 'ਚ ਕਿਹਾ ਕਿ ਬਾਦਲ ਹੁਣ ਸਿੱਧੀ ਤਰ੍ਹਾਂ ਅਦਾਲਤ 'ਚ ਪੇਸ਼ ਹੋਣ ਅਤੇ ਉੱਥੇ ਜਾ ਕੇ ਆਪਣੇ ਬਾਰੇ ਸੱਚ-ਝੂਠ ਦਾ ਨਿਤਾਰਾ ਕਰਵਾ ਲੈਣ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਪੁੱਤਰ ਸੇਵਾਮੁਕਤ ਜਸਟਿਸ ਰਣਜੀਤ ਸਿੰਘ ਵਾਲੇ ਕਮਿਸ਼ਨ ਕੋਲ ਨਾ ਪੇਸ਼ ਹੋ ਕੇ ਖ਼ੁਦ ਇਸ ਸੰਵੇਦਨਸ਼ੀਲ ਮੁੱਦੇ ਨੂੰ ਸਿਆਸੀ ਰੰਗਤ ਦਿੰਦੇ ਰਹੇ ਹਨ ਪਰ ਹੁਣ ਇਨ੍ਹਾਂ ਸਭ ਦੇ ਅਦਾਲਤ ਜਾਣ ਦੀ ਵਾਰੀ ਆ ਗਈ ਹੈ।

ਉਨ੍ਹਾਂ ਕਿਹਾ ਕਿ ਮੁੱਦੇ ਦਾ ਸਿਆਸੀਕਰਨ ਕਰ ਜਾਂਚ ਕਮਿਸ਼ਨ ਕੋਲ ਨਾ ਪੇਸ਼ ਹੋ ਕੇ ਬਾਦਲਾਂ ਨੇ ਜਾਂਚ ਨੂੰ ਗੁਮਰਾਹ ਕਰਨ ਅਤੇ ਸੁਸਤ ਕਰਨ ਦੀ ਨਾਕਾਮਯਾਬ ਕੋਸ਼ਿਸ਼ ਕੀਤੀ ਸੀ ਪਰ ਕਮਿਸ਼ਨ ਵੱਲੋਂ 14 ਅਕਤੂਬਰ 2015 ਦੇ ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਤੋਂ ਪਹਿਲੀ ਰਾਤ ਮੁੱਖ ਮੰਤਰੀ ਨਿਵਾਸ ਦੀਆਂ ਤਤਕਾਲੀ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ, ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਅਤੇ ਕੋਟਕਪੁਰਾ ਇਲਾਕੇ 'ਚ ਤਾਇਨਾਤ ਹੋਰਨਾਂ ਪੁਲਿਸ ਅਫ਼ਸਰਾਂ ਆਦਿ ਨਾਲ ਹੋਈਆਂ ਫ਼ੋਨ ਕਾਲਾਂ ਅਤੇ ਮੈਸੇਜ਼ ਦੀ ਪੱਕੀ ਥਾਹ ਪਾ ਲਈ ਸੀ।

ਹੁਣ ਸਮਾਂ ਆ ਗਿਆ ਹੈ ਕਿ ਬਾਦਲਾਂ ਸਣੇ ਇਨ੍ਹਾਂ ਸਾਰੇ ਅਕਾਲੀ ਆਗੂਆਂ ਤੇ ਤਤਕਾਲੀ ਪੁਲਿਸ ਅਧਿਕਾਰੀਆਂ ਨੂੰ ਅਦਾਲਤ 'ਚ ਪੇਸ਼ ਹੋ ਕੇ ਇਨ੍ਹਾਂ ਗੱਲ਼ਾਂ ਦੇ ਜਵਾਬ ਦੇਣੇ ਹੀ ਪੈਣਗੇ। ਉਨ੍ਹਾਂ ਬੜੇ ਹੀ ਕਾਬਲ ਪੁਲਿਸ ਅਫ਼ਸਰਾਂ 'ਤੇ ਆਧਾਰਤ ਸਿਟ ਦਾ ਗਠਨ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧਨਵਾਦ ਕਰਦੇ ਹੋਏ ਇਹ ਵੀ ਕਿਹਾ ਕਿ ਬੜੀ ਹੀ ਪੁਖ਼ਤਗੀ, ਤੇਜ਼ੀ ਅਤੇ ਆਪਸੀ ਤਾਲਮੇਲ ਨਾਲ ਕੰਮ ਕਰ ਰਹੀ ਸਿਟ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਮੌਕੇ ਫ਼ੋਰਸ ਦੀ ਅਗਵਾਈ ਕਰ ਰਹੇ ਸਾਬਕਾ ਐਸਐਸਪੀ ਚਰਨਜੀਤ ਸਿੰਘ ਸ਼ਰਮਾ ਅਤੇ ਕੋਟਕਪੁਰਾ 'ਚ ਤਾਇਨਾਤ ਰਹੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦੀ ਗ੍ਰਿਫ਼ਤਾਰੀਆਂ ਵੱਡੀਆਂ ਪ੍ਰਾਪਤੀਆਂ ਹਨ ਅਤੇ ਉਮੀਦ ਮੁਤਾਬਕ ਸਿਟ ਜਲਦ ਹੀ ਜਾਂਚ ਨੂੰ ਨੇਪਰੇ ਚਾੜ੍ਹਦੇ ਹੋਏ ਮੁੱਖ ਜ਼ਿੰਮੇਵਾਰ ਮੁਲਜ਼ਮਾਂ ਤਕ ਵੀ ਪਹੁੰਚ ਜਾਵੇਗੀ। ਉਨ੍ਹਾਂ ਇਸ ਗੱਲ ਨੂੰ ਵੀ ਸਿਰੇ ਤੋਂ ਖ਼ਾਰਜ ਕੀਤਾ ਹੈ ਕਿ ਸਿਟ ਅਧਿਕਾਰੀਆਂ 'ਚ ਕੋਈ ਵਖਰੇਵੇਂ ਹਨ। ਉਨ੍ਹਾਂ ਕਾਰਜਕਾਰੀ ਡੀਜੀਪੀ ਵੀਕੇ ਭਾਵੜਾ ਨਾਲ ਸਮੂਹ ਸਿਟ ਮੈਂਬਰਾਂ ਦੀ ਸੋਮਵਾਰ ਹੋਈ ਮੀਟਿੰਗ ਨੂੰ ਇਕ ਰੂਟੀਨ ਕਾਰਵਾਈ ਕਰਾਰ ਦਿੰਦਿਆਂ ਇਹ ਵੀ ਦਾਅਵਾ ਕੀਤਾ ਕਿ ਸਿਟ ਮੈਂਬਰਾਂ ਦਾ ਮਨੋਬਲ ਇਸ ਮੀਟਿੰਗ ਨਾਲ ਹੋਰ ਉੱਚਾ ਹੋਇਆ ਹੈ। 

ਬਾਦਲ ਇਸ ਵਾਰ ਪੰਜਾਬ ਲਈ ਨਹੀਂ ਸਗੋਂ ਗੁਰੂ ਗ੍ਰੰਥ ਸਾਹਿਬ ਦੇ ਦੋਖੀ ਵਜੋਂ ਜੇਲ ਜਾਣਗੇ :
ਰੰਧਾਵਾ ਨੇ ਵੱਖਰੇ ਤੌਰ 'ਤੇ ਗੱਲਬਾਤ ਕਰਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਕਸਰ ਭਰਮਾਊ ਬਿਆਨ ਦਿੰਦੇ ਹਨ ਕਿ ਉਨ੍ਹਾਂ ਨੂੰ ਜੇਲ ਜਾਣ ਦਾ ਕੋਈ ਡਰ ਨਹੀਂ, ਬਲਕਿ ਉਹ ਤਾਂ ਕਿੰਨੀ ਵਾਰ ਜੇਲ ਕੱਟ ਚੁੱਕੇ ਹਨ। ਰੰਧਾਵਾ ਨੇ ਕਿਹਾ ਕਿ ਸ. ਬਾਦਲ ਇਹ ਸਮਝ ਲੈਣ ਕਿ ਉਹ ਜੇ ਕਰ ਇਸ ਮਾਮਲੇ 'ਚ ਹੁਣ ਜੇਲ ਗਏ ਤਾਂ ਇਹ ਜੇਲ ਯਾਤਰਾ ਪੰਜਾਬ, ਪਾਣੀਆਂ, ਮੋਰਚਿਆਂ ਆਦਿ ਜਿਹੇ ਲੋਕਹਿਤ ਮੁੱਦਿਆਂ ਕਰ ਕੇ ਨਹੀਂ ਬਲਕਿ ਅਕਾਲੀ ਦਲ ਦੀ 10 ਸਾਲ ਦੀਆਂ ਦੋ ਸਰਕਾਰਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬੇਅਦਬੀ ਦਾ ਰੋਸ ਪ੍ਰਗਟਾ ਰਹੇ ਨਿਦੋਸ਼ੇ ਸਿੱਖਾਂ ਦੀਆਂ ਹੱਤਿਆਵਾਂ ਕਰ ਕੇ ਹੋਵੇਗੀ।