ਕਾਂਗਰਸ ਕਰੇਗੀ ਕੈਪਟਨ ਅਭਿਮਨਯੂ ਦਾ ਵਿਰੋਧ : ਸ. ਸੁਖਜਿੰਦਰ ਸਿੰਘ ਰੰਧਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ...

S. Sukhjinder Singh Randhawa

ਚੰਡੀਗੜ੍ਹ (ਸਸਸ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ, ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਲੀਡਰਸ਼ਿਪ ਨੂੰ ਵੰਗਾਰਦਿਆਂ ਕਿਹਾ ਕਿ ਉਹ ਹਰਿਆਣਾ ਦੇ ਵਿੱਤ ਮੰਤਰੀ ਅਤੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੇ ਨਵ-ਨਿਯੁਕਤ ਇੰਚਾਰਜ ਕੈਪਟਨ ਅਭਿਮਨਯੂ ਦੇ ਪੰਜਾਬ ਵਿਰੋਧੀ ਬਿਆਨ ਦਾ ਵਿਰੋਧ ਕਰਕੇ ਪੰਜਾਬ ਅਤੇ ਇਸ ਦੇ ਲੋਕਾਂ ਲਈ ਅਪਣੀ ਭਰੋਸੇਯੋਗਤਾ ਸਾਬਿਤ ਕਰਨ।

ਜ਼ਿਕਰਯੋਗ ਹੈ ਕਿ ਕੈਪਟਨ ਅਭਿਮਨਯੂ ਨੇ ਆਪਣੇ ਬਿਆਨ ਵਿਚ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਪ੍ਰਾਜੈਕਟ ਹਰਿਆਣਾ ਵਲੋਂ ਮੁਕੰਮਲ ਕੀਤਾ ਜਾਵੇਗਾ। ਕੈਪਟਨ ਅਭਿਮਨਯੂ ਦੇ ਬਿਆਨ ਨੂੰ ਪੂਰੀ ਤਰ੍ਹਾਂ ਪੰਜਾਬ ਦੇ ਹਿੱਤਾਂ ਦੇ ਵਿਰੋਧੀ ਕਰਾਰ ਦਿੰਦਿਆਂ ਸ. ਰੰਧਾਵਾ ਨੇ ਸਵਾਲ ਕੀਤਾ ਕਿ ਅਜਿਹੀ ਮੰਗ ਕਰਨ ਵਾਲਾ ਵਿਅਕਤੀ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਕਿਵੇਂ ਕੰਮ ਕਰ ਸਕਦਾ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਗੂ ਨੇ ਅਕਾਲੀਆਂ ਨੂੰ ਇਸ ਮਾਮਲੇ ਪਿੱਛੇ ਦੀ ਅਸਲੀਅਤ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਪੰਜਾਬ ਦੇ ਖੇਤੀਬਾੜੀ ਖੇਤਰ ਲਈ ਵਿਨਾਸ਼ਕਾਰੀ ਸਿੱਧ ਹੋਵੇਗਾ ਅਤੇ ਇਸਦੀ ਭੂਮੀ ਦੇ ਵੱਡੇ ਭਾਗ ਨੂੰ ਬੰਜਰ ਬਣਾ ਦੇਵੇਗਾ। ਅਕਾਲੀ ਲੀਡਰਸ਼ਿਪ 'ਤੇ ਤਿੱਖੇ ਹਮਲੇ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਨੂੰ ਗਿਰਵੀ ਰੱਖ ਕੇ ਸਿਆਸੀ ਲਾਹਾ ਲੈਣ ਖਾਤਰ ਅਜੇ ਵੀ ਪੰਜਾਬ ਵਿਰੋਧੀ ਕਦਮ ਚੁੱਕਣ ਵਾਲੀ ਪਾਰਟੀ ਦਾ ਪੱਖ ਪੂਰ ਰਿਹਾ ਹੈ।

ਸ. ਰੰਧਾਵਾ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਕੈਪਟਨ ਅਭਿਮਨਯੂ ਦੇ ਇਸ ਸਟੈਂਡ ਦਾ ਪੂਰੀ ਤਰ੍ਹਾਂ ਵਿਰੋਧ ਕਰੇਗੀ। ਉਨ੍ਹਾਂ ਅਕਾਲੀਆਂ ਨੂੰ ਇਸ ਗੱਲ 'ਤੇ ਪੂਰੀ ਤਰ੍ਹਾਂ ਖੁੱਲ੍ਹ ਕੇ ਸਾਹਮਣੇ ਆਉਣ ਲਈ ਕਿਹਾ ਕਿ ਕੀ ਉਹ ਉਸ ਪਾਰਟੀ ਨਾਲ ਸਹਿਯੋਗ ਰੱਖਣ ਦੇ ਇਛੁੱਕ ਹਨ, ਜਿਸਦਾ ਆਗੂ ਪੰਜਾਬ ਦੇ ਕਿਸਾਨਾਂ ਪ੍ਰਤੀ ਆਪਣੀ ਵਿਰੋਧਤਾ ਜ਼ਾਹਿਰ ਕਰ ਰਿਹਾ ਹੈ।