ਸ. ਸਿਮਰਨਜੀਤ ਸਿੰਘ ਮਾਨ ਨੇ ਲਿਖਿਆ ਸੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਰੋਸ ਭਰਿਆ ਖਤ।

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇੰਦਰਾ ਗਾਂਧੀ ਨੇ ਤਾਂ ਮਹਿਮੂਦ ਗਜ਼ਨਵੀ ਨੂੰ ਮਾਤ ਪਾ ਦਿੱਤੀ ਹੈ ।

Simranjit Singh Mann

ਪਿਆਰੇ ਰਾਸ਼ਟਰਪਤੀ ਜ਼ੈਲ ਸਿੰਘ ਜੀ , ਪੰਜਾਬ ਅੰਦਰ ਵਾਪਰੀਆਂ ਤਾਜ਼ਾ ਘਟਨਾਵਾਂ , ਖਾਸ ਕਰ ਹਰਿਮੰਦਰ ਸਾਹਿਬ ਅਤੇ 37 ਹੋਰ ਗੁਰਦੁਆਰਿਆਂ ’ ਤੇ ਫੌਜ ਚਾੜਕੇ ਇਹਨਾਂ ਪਵਿੱਤਰ ਅਸਥਾਨਾਂ ਦੀ ਬੇਹੁਰਮਤੀ ਕਰਨ , ਧਰਮੀ ਬੰਦਿਆਂ ਨੂੰ ਮਾਰਨ , ਸਿੱਖਾਂ ਲਈ ਜਾਨ ਤੋਂ ਵੱਧ ਪਿਆਰੀਆਂ ਥਾਵਾਂ ਤੇ ਵਸਤੂਆਂ ਨੂੰ ਲੁੱਟਣ ਅਤੇ ਤਬਾਹ ਕਰਨ ਬਾਰੇ ਆਪਣੀਆਂ ਭਾਵਨਾਵਾਂ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਨਾ ਮੇਰੇ ਲਈ ਮੁਸ਼ਕਲ ਹੈ । ਭਾਰਤੀ ਫੌਜ ਦੀਆਂ ਚਾਰ ਕੋਰਾਂ , 24 ਟੈਂਕਾਂ ਅਤੇ 130 ਮਿ.ਮੀ. ਦੀਆਂ ਤੋਪਾਂ ਦੀ ਮਦਦ ਨਾਲ ਪਾਵਨ ਪ੍ਰੀਕਰਮਾ ਵਿੱਚ ਦਾਖਲ ਹੋ ਗਈਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ 3.7 ਇੰਚ ਦੇ ਰਾਕਟ ਲਾਂਚਰਾਂ ਨਾਲ ਢਾਹ - ਢੇਰੀ ਕਰ ਦਿੱਤਾ । ਇਸੇ ਤਰ੍ਹਾਂ ਹੀ 37 ਹੋਰ ਗੁਰਦੁਆਰਿਆਂ ਦੀ ਬੇਅਦਬੀ ਕੀਤੀ ਗਈ । ਇੱਕ ਸਿੱਖ ਹੋਣ ਦੇ ਨਾਤੇ ਤੁਹਾਨੂੰ ਪਤਾ ਹੈ ਕਿ ਗੁਰਦੁਆਰਿਆਂ ਦੇ ਦਰ ਹਰ ਪ੍ਰਾਣੀ - ਮਾਤਰ ਲਈ ਖੁੱਲ੍ਹੇ ਹਨ ਚਾਹੇ ਉਹ ਕਿਸੇ ਵੀ ਵਿਸ਼ਵਾਸ ਜਾਂ ਧਰਮ ਦਾ ਧਾਰਨੀ ਹੋਵੇ ਪਰ ਸਿੱਖਾਂ ਨੇ ਕਿਸੇ ਸਰਕਾਰੀ ਧਾੜ ਨੂੰ ਕਦੇ ਅੰਦਰ ਨਹੀਂ ਲੰਘਣ ਦਿੱਤਾ । ਨਾਂ ਮੁਗਲਾਂ ਨੂੰ , ਨਾਂ ਅਫਗਾਨਾਂ ਨੂੰ ਅਤੇ ਨਾਂ ਹੀ ਅੰਗਰੇਜ਼ਾਂ ਨੂੰ । ਹਰ ਸਰਕਾਰੀ ਧਾੜ ਦਾ ਡਟ ਕੇ ਮੁਕਾਬਲਾ ਕੀਤਾ । ਦਮਦਮੀ ਟਕਸਾਲ ਦੇ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੂੰ ਕਰਾਰੀ ਟੱਕਰ ਦਿੱਤੀ ਜਦੋਂ ਉਸਨੇ ਹਰਿਮੰਦਰ ਸਾਹਿਬ ਨੂੰ ਉਡਾ ਦਿੱਤਾ ਸੀ ਅਤੇ ਪਵਿੱਤਰ ਸਰੋਵਰ ਨੂੰ ਗਾਵਾਂ ਦੀਆਂ ਲਾਸ਼ਾਂ ਨਾਲ ਭਰ ਦਿੱਤਾ ਸੀ । ਇਸੇ ਹੀ ਟਕਸਾਲ ਦੇ ਚੌਦਵੇਂ ਜਥੇਦਾਰ ਅਤੇ ਮਹਾਨ ਮਿਸ਼ਨਰੀ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਹੁਣ ਹਰਿਮੰਦਰ ਸਾਹਿਬ ਦੇ ਸਨਮਾਨ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ । 

1919 ਵਿੱਚ ਵਾਪਰੇ ਜਲ੍ਹਿਆਂਵਾਲਾ ਬਾਗ ਗੋਲੀਕਾਂਡ ਸਮੇਂ ਲੈਫਟੀਨੈਂਟ ਕਰਨਲ ਸਮਿੱਥ ਸ਼ਹਿਰ ’ ਤੇ ਹਵਾਈ ਬੰਬਾਰੀ ਕਰਨ ਦੇ ਪੱਖ ਵਿੱਚ ਸੀ ਪਰ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਜੀ.ਏ. ਵਾਥਨ ਨੇ ਅਜਿਹਾ ਕਰੜਾ ਕਦਮ ਚੁੱਕਣ ਦੇ ਖਿਲਾਫ ਅੰਗਰੇਜ਼ਾਂ ਨੂੰ ਖਬਰਦਾਰ ਕੀਤਾ ਸੀ । ਉਸਨੇ ਦਲੀਲ ਦਿੱਤੀ ਸੀ ਕਿ ਜੇ ਹਰਿਮੰਦਰ ਸਾਹਿਬ ਨੂੰ ਕੋਈ ਨੁਕਸਾਨ ਪੁੱਜ ਗਿਆ ਤਾਂ ਸਿੱਖ ਸਦਾ ਸਦਾ ਲਈ ਅੰਗਰੇਜ਼ਾਂ ਤੋਂ ਦੂਰ ਹੋ ਜਾਣਗੇ । ਫੌਜੀ ਭਰਤੀ ਦਾ ਵੱਡਾ ਹਿੱਸਾ ਸਿੱਖਾਂ ਵਿੱਚੋਂ ਹੀ ਆਉਂਦਾ ਹੈ । ਮੈਂ ਵੀ ਲਗਾਤਾਰ ਸਰਕਾਰ ਨੂੰ ਅਜਿਹਾ ਕਦਮ ਚੁੱਕਣ ਦੇ ਖਿਲਾਫ ਸੁਚੇਤ ਕਰਦਾ ਰਿਹਾ ਹਾਂ । ਸਭ ਤੋਂ ਦੁਖਦਾਈ ਗੱਲ ਤਾਂ ਇਹ ਹੈ ਕਿ ਭਾਰਤੀ ਫੌਜ ਨੇ ਮਹਾਨ ਕੌਮੀ ਯੋਧੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਮਾਰਨ ਤੋਂ ਬਾਅਦ ਉਹਨਾਂ ਦੀ ਦੇਹ ਨੂੰ ਜਨਰਲ ਸੁਬੇਗ ਸਿੰਘ , ਭਾਈ ਅਮਰੀਕ ਸਿੰਘ ਅਤੇ ਬਾਬਾ ਥਾਰਾ ਸਿੰਘ ਦੀਆਂ ਮ੍ਰਿਤਕ ਦੇਹਾਂ ਦੇ ਨਾਲ ਦਰਸ਼ਨੀ ਡਿਊਢੀ ਦੇ ਮੂਹਰੇ ਹਿੰਦੂਆਂ ਦੇ ਦੇਖਣ ਲਈ ਰੱਖ ਦਿੱਤਾ ਜੋ ਖੁਸ਼ੀ ਨਾਲ ਪਾਗਲ ਹੋ ਗਏ । ਉਹਨਾਂ ਨੇ ਇਸ ਮਹਾਨ ਜਿੱਤ ਦੇ ਜਸ਼ਨ ਮਨਾਉਣ ਲਈ ਫੌਜੀਆਂ ਨੂੰ ਮਠਿਆਈਆਂ ਪੇਸ਼ ਕੀਤੀਆਂ । ਇਹ ਅਫਸੋਸਨਾਕ ਹੈ ਕਿ ਫੌਜੀਆਂ ਨੇ ਮਠਿਆਈਆਂ ਪ੍ਰਵਾਨ ਕਰ ਲਈਆਂ ਅਤੇ ਅਜਿਹਾ ਕਰਕੇ ਸਿੱਖ ਕੌਮ ਨੂੰ ਹੋਰ ਅਪਮਾਨਤ ਕੀਤਾ । ਭਾਰਤੀ ਫੌਜ ਨੇ ਹਰਿਮੰਦਰ ਸਾਹਿਬ ' ਤੇ ਕਬਜ਼ਾ ਕਰਕੇ ਸੈਂਕੜੇ ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਬਾਅਦ ਵਿੱਚ ਗੋਲੀਆਂ ਨਾਲ ਉਡਾ ਦਿੱਤਾ ( ਜੋ ਕਿ ਜਨੇਵਾ ਕਾਨਫਰੰਸ ਦੇ ਨਿਯਮਾਂ ਦੇ ਉਲਟ ਹੈ ) ਤੋਸ਼ੇਖਾਨਾ ਲੁੱਟ ਲਿਆ ਗਿਆ । ਸਫਾਈ ਦੀ ਮੁਹਿੰਮ ਪੂਰੀ ਕਰਨ ਤੋਂ ਪਿੱਛੋਂ ਉੱਥੇ ਕਈ ਤਰ੍ਹਾਂ ਦੇ ਹਥਿਆਰ ਰੱਖ ਦਿੱਤੇ ਗਏ , ਤਾਂਕਿ ਇਹ ਸਾਬਤ ਕੀਤਾ ਜਾ ਸਕੇ ਕਿ ਸਿੱਖਾਂ ਕੋਲ ਅਤਿ ਆਧੁਨਿਕ ਹਥਿਆਰ ਸਨ ਅਤੇ ਉਹ ਸਰਕਾਰ ਦੇ ਖਿਲਾਫ ਜੰਗ ਛੇੜਣ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਕਿ ਆਪਣਾ ਆਜ਼ਾਦ ਅਤੇ ਖੁਦ - ਮੁਖਤਿਆਰ ਰਾਜ ਦਾ ਸੁਪਨਾ ਹਾਸਲ ਕਰ ਸਕਣ । ਇਸ ਚਿੱਠੀ ਦੀ ਤੀਜੀ ਅੰਤਿਕਾ ਜਿਸ ਵਿੱਚ ਹਥਿਆਰਾਂ ਦੀ ਨੁਮਾਇਸ਼ ਲਗਾਈ ਹੋਈ ਹੈ ਅਤੇ ਫੌਜੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਬੂਟ ਪਾਈ ਦਿੱਸ ਰਹੇ ਹਨ । ਤੁਹਾਨੂੰ ਯਾਦ ਹੋਵੇਗਾ ਕਿ 1919 ਵਿੱਚ ਪੰਜਾਬ ਦੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਓਡਵਾਇਰ ਨੇ ਜਨਰਲ ਡਾਇਰ ਦੀ ਕਾਰਵਾਈ ਦਾ ਪੱਖ ਲੈਂਦਿਆਂ ਇਹੋ ਜਿਹੀਆਂ ਹੀ ਦਲੀਲਾਂ ਦਿੱਤੀਆਂ ਸਨ । ਉਸਨੇ ਕਿਹਾ ਸੀ ਕਿ ਫੌਜੀ ਕਾਰਵਾਈ ਅਟੱਲ ਸੀ ਕਿਉਂਕਿ ਲੋਕ 1857 ਵਾਂਗ ਬਗਾਵਤ ਤੇ ਉੱਤਰ ਆਏ ਸਨ ।

ਕਿਉਂਕਿ ਤੁਸੀਂ ਫੌਜਾਂ ਦੇ ਸੁਪਰੀਮ ਕਮਾਂਡਰ ਹੋ , ਮੇਰਾ ਫਰਜ਼ ਬਣਦਾ ਹੈ ਕਿ ਮੈਂ ਤੁਹਾਨੂੰ ਦੱਸਾਂ ਕਿ ਥੋੜ੍ਹੇ ਜਿਹੇ ਹਥਿਆਰਾਂ ਨਾਲ ਲੈਸ ਸਿੱਖ ਭਾਰਤ ਸਰਕਾਰ ਦੇ ਖਿਲਾਫ ਜੰਗ ਨਹੀਂ ਲੜ ਸਕਦੇ ਅਤੇ ਉਹਨਾਂ ’ ਤੇ ਏਨੇ ਵਹਿਸ਼ਿਆਨਾ ਢੰਗ ਨਾਲ ਕੀਤੇ ਗਏ ਹਮਲੇ ਨੇ ਸਾਡੇ ਇਸ ਡਰ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਸਰਕਾਰ ਸਿੱਖਾਂ ਦੀ ਨਸਲਕੁਸ਼ੀ ਕਰਨ ' ਤੇ ਤੁਲੀ ਹੋਈ ਹੈ । ਭਾਰਤ ਸਰਕਾਰ ਦੇ ਇਸ ਜ਼ਹਿਰੀਲੇ ਪ੍ਰਚਾਰ ਦੇ ਹੱਕ ਵਿੱਚ ਤੁਹਾਡੇ ਵੱਲੋਂ ਜਾਰੀ ਕੀਤੇ ਗਏ ਬਿਆਨ ਨੇ ਹਰ ਸਿੱਖ ਦੇ ਜ਼ਖਮਾਂ ਤੇ ਲੂਣ ਛਿੜਕਿਆ ਹੈ । ਸਿੱਖ ਭਾਰਤ ਦੇ ਵਫਾਦਾਰ ਅਤੇ ਦੇਸ਼ ਭਗਤ ਰਹੇ ਹਨ ਪਰ ਬਹੁ - ਗਿਣਤੀ ਭਾਈਚਾਰੇ ਦੀ ਹੈਂਕੜ ਨੇ ਉਹਨਾਂ ਨੂੰ ਪੂਰੀ ਤਰ੍ਹਾਂ ਓਪਰਾ ਬਣਾ ਦਿੱਤਾ ਹੈ । ਜੇ ਭਾਰਤ ਸਰਕਾਰ ਗੱਲਬਾਤ ਰਾਹੀਂ ਹੱਲ ਕੱਢਣ ਲਈ ਗੰਭੀਰ ਹੁੰਦੀ ਤਾਂ ਫੌਜੀ ਕਾਰਵਾਈ ਤੋਂ ਬਚਿਆ ਜਾ ਸਕਦਾ ਸੀ । ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਯਕੀਨ ਦਿਵਾਇਆ ਸੀ ਕਿ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਭੰਗ ਨਹੀਂ ਕੀਤੀ ਜਾਵੇਗੀ । ਬਦਕਿਸਮਤੀ ਇਹ ਹੈ ਕਿ ਦੋਵੇਂ ਹੀ ਝੂਠ ਬੋਲ ਰਹੇ ਸਨ । ਤੁਹਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਇਹ ਜਾਲਮਾਨਾ ਕਾਰਵਾਈ ਕਰਕੇ ਮਹਿਮੂਦ ਗਜਨਵੀ ਨੂੰ ਵੀ ਮਾਤ ਪਾ ਦਿੱਤੀ ਹੈ । ਉਸਨੇ ਸ਼ੰਕਰ ਅਚਾਰੀਆ , ਜਿਸ ਨੇ ਭਾਰਤ ਅੰਦਰੋਂ ਬੁੱਧ ਧਰਮ ਦਾ ਸਫਾਇਆ ਕਰ ਦਿੱਤਾ ਸੀ , ਤੋਂ ਬਾਅਦ ਦੀ ਸਭ ਤੋਂ ਵੱਡੀ ਹਿੰਦੂ ਲੀਡਰ ਹੋਣ ਦਾ ਰੁਤਬਾ ਹਾਸਲ ਕਰ ਲਿਆ ਹੈ । ਪੰਜਾਬ ਅੰਦਰ ਫੌਜੀ ਕਾਰਵਾਈ ਸਿਰਫ ਇੱਕ ਦਾਅਪੇਚਕ ਜਿੱਤ ਹੈ । ਇਸ ਲਈ ਹਿੰਦੂ ਬਹੁ - ਗਿਣਤੀ ਉਸਨੂੰ ਆ ਰਹੀਆਂ ਪਾਰਲੀਮੈਂਟ ਚੋਣਾਂ ਵਿੱਚ ਇੱਕ ਵਾਰ ਫਿਰ ਗੱਦੀ ' ਤੇ ਬਿਠਾ ਦੇਵੇਗੀ । ਪਰ ਦੇਸ਼ ਦੇ ਰਾਸ਼ਟਰਪਤੀ ਹੋਣ ਦੇ ਨਾਤੇ ਅਤੇ ਸਿੱਖ ਇਤਿਹਾਸ ਦਾ ਗਿਆਨ ਰੱਖਦੇ ਹੋਣ ਕਰਕੇ ਤੁਸੀਂ ਆਪਣੀ ਪ੍ਰਧਾਨ ਮੰਤਰੀ ਨੂੰ ਵਰਜ ਸਕਦੇ ਸੀ ਅਤੇ ਉਸਨੂੰ ਆਪਣੇ ਹੀ ਲੋਕਾਂ ਖਿਲਾਫ ਛੇੜੀ ਗਈ ਇਸ ਜਾਲਮਾਨਾ ਮੁਹਿੰਮ ਦੀ ਨਿਰਾਰਥਕਤਾ ਦਿਖਾ ਸਕਦੇ ਸੀ । ਭਾਰਤ ਸਰਕਾਰ ਬਹੁਤ ਤਾਕਤਵਰ ਹੈ ਅਤੇ ਸਿਰਫ ਸਵੈ ਭਰਮੀ ਜ਼ਿਹਨੀ ਤੌਰ ' ਤੇ ਬੀਮਾਰ ਅਤੇ ਧੋਖੇਬਾਜ ਹਿੰਦੂ ਹੀ ਇਹ ਵਿਸ਼ਵਾਸ ਕਰਨਗੇ ਕਿ ਸਿੱਖ ਭਾਰਤ ਸਰਕਾਰ ਦੇ ਖਿਲਾਫ ਜੰਗ ਛੇੜਨ ਵਾਲੇ ਸਨ । ਜਲਿਆਂਵਾਲੇ ਬਾਗ ਦੀ ਤਰਾਸਦੀ ਸਮੇਂ ਆਪਣੇ ਸਰ ਦੇ ਖਿਤਾਬ ਨੂੰ ਵਾਪਸ ਕਰਦਿਆਂ ਨੋਬਲ ਇਨਾਮ ਜੇਤੂ ਰਾਬਿੰਦਰ ਨਾਥ ਟੈਗੋਰ ਨੇ ਵਾਇਸਰਾਇ ਨੂੰ ਲਿਖਿਆ ਸੀ

, “ ਸਰਕਾਰ ਵਲੋਂ ਪੰਜਾਬ ਅੰਦਰ ਇੱਕ ਸਥਾਨਕ ਗੜਬੜ ਨੂੰ ਰੋਕਣ ਲਈ ਕੀਤੀ ਗਈ ਦੁਸ਼ਟ ਕਾਰਵਾਈ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਭਾਰਤ ਅੰਦਰ ਬਰਤਾਨਵੀ ਹਕੂਮਤ ਦੀ ਪਰਜਾ ਹੋਣ ਕਾਰਨ ਅਸੀਂ ਕਿੰਨੇ ਲਾਚਾਰ ਹਾਂ । ” ਉਹਨਾਂ ਵੱਲੋਂ ਲਿਖੀ ਗਈ ਚਿੱਠੀ ਦੇ 65 ਸਾਲ ਬਾਅਦ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਮੇਰੇ ਕੋਲ ਇਸ ਤੋਂ ਵੱਖਰੇ ਹੋਰ ਕੋਈ ਸ਼ਬਦ ਨਹੀਂ ਹਨ । ਰਾਸ਼ਟਰਪਤੀ ਸਾਹਿਬ , ਕਿੰਨਾ ਵੱਡਾ ਕਤਲੇਆਮ ਹੋਇਆ ਹੈ ਅਤੇ ਕਿੰਨੀ ਬੇਦਰਦੀ ਨਾਲ ਹੋਇਆ ਹੈ ? ਭਾਰਤੀ ਫੌਜ ਦੇ ਜਿਹੜੇ ਫੌਜੀ ਮਾਰੇ ਗਏ ਉਹਨਾਂ ਦੇ ਵਾਰਸਾਂ ਨੂੰ ਇੱਕ ਇੱਕ ਲੱਖ ਰੁਪਿਆ ਅਤੇ ਇਸ ਤੋਂ ਇਲਾਵਾ ਹਰ ਕਿਸਮ ਦੇ ਪੈਨਸ਼ਨ ਲਾਭ ਦਿੱਤੇ ਜਾ ਰਹੇ ਹਨ । ਜਿਹੜੇ ਫੌਜੀ 1962 , 1965 ਅਤੇ 1971 ਦੀਆਂ ਲੜਾਈਆਂ ਵਿੱਚ ਮਾਰੇ ਗਏ ਸਨ ਉਹਨਾਂ ਨੂੰ ਤਾਂ ਅਜਿਹੀਆਂ ਸਹੂਲਤਾਂ ਨਹੀਂ ਦਿੱਤੀਆਂ ਗਈਆਂ ਸਨ । ਹੁਣ ਜਿਹੜੀ ਕੁਝ ਜ਼ਿਆਦਾ ਹੀ ਉਦਾਰਤਾ ਦਿਖਾਈ ਜਾ ਰਹੀ ਹੈ ਇਹ ਸਪਸ਼ਟ ਕਰਦੀ ਹੈ ਕਿ ਭਾਰਤ ਸਰਕਾਰ ਲਈ ਸਿੱਖ ਹੁਣ ਸਭ ਤੋਂ ਵੱਡੇ ਦੁਸ਼ਮਣ ਹਨ । ਪਾਕਿਸਤਾਨ ਅਤੇ ਚੀਨ ਦੂਜੇ ਅਤੇ ਤੀਜੇ ਦਰਜੇ ’ ਤੇ ਚਲੇ ਗਏ ਹਨ । ਤੁਸੀਂ ਹੁਣੇ ਹੀ ਅਰਜਨਟਾਈਨਾ ਤੋਂ ਹੋ ਕੇ ਆਏ ਹੋ ਜਿਸ ਨੂੰ ਬਰਤਾਨੀਆਂ ਨੇ ਫਾਕਲੈਂਡ ਦੀ ਜੰਗ ਵਿੱਚ ਸ਼ਰਮਨਾਕ ਹਾਰ ਦਿੱਤੀ ਹੈ । ਅਰਜਨਟਾਈਨਾ ਦੀ ਫੌਜ ਵੱਲੋਂ ਬੇਦਿਲੀ ਨਾਲ ਕੀਤੇ ਮੁਕਾਬਲੇ ਦਾ ਕਾਰਨ ਇਹ ਸੀ ਕਿ ਉਸ ਦੇਸ਼ ਦੇ ਜਰਨੈਲਾਂ ਨੇ ਆਪਣੇ ਹੀ 6000 ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਸੀ । ਤੁਸੀਂ ਦੇਖਿਆ ਹੀ ਹੋਵੇਗਾ ਇਹ ਜਰਨੈਲ ਹੁਣ ਜੇਲ੍ਹਾਂ ਦੀਆਂ ਸੀਖਾਂ ਪਿੱਛੇ ਬੰਦ ਹਨ । ਜਲਦੀ ਹੀ ਇਹਨਾਂ ਨੂੰ ਸਜ਼ਾ ਹੋਣ ਵਾਲੀ ਹੈ । ਇਹ ਸਜ਼ਾ ਫਾਂਸੀ ਦੇ ਰੂਪ ਵਿੱਚ ਵੀ ਹੋ ਸਕਦੀ ਹੈ । ਪੰਜਾਬ ਅੰਦਰ ਕੀਤੀ ਗਈ ਜਾਲਮਾਨਾ ਅਤੇ ਮੂਰਖਤਾ ਭਰੀ ਕਾਰਵਾਈ ਇੰਦਰਾ ਗਾਂਧੀ ਨੂੰ ਮੁੜ ਕੁਰਸੀ ਤੇ ਤਾਂ ਬੈਠਾ ਦੇਵੇਗੀ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਜੇ ਜੰਗ ਛਿੜ ਪਈ ਤਾਂ ਜੋ ਕੁੱਝ ਤੁਹਾਡੀ ਸਰਕਾਰ ਅਤੇ ਹਥਿਆਰਬੰਦ ਫੌਜਾਂ ਨੇ ਪੰਜਾਬ ਅੰਦਰ ਕੀਤਾ ਹੈ ਅਤੇ ਅਜੇ ਵੀ ਪੂਰੇ ਜੋਸ਼ੋ ਖਰੋਸ਼ ਨਾਲ ਕਰ ਰਹੀਆਂ ਹਨ , ਉਸਨੂੰ ਦੇਖਦਿਆਂ ਹੋਇਆਂ ਸਿੱਖ ਸਰਕਾਰ ਦੀ ਜੰਗ ਵਿੱਚ ਮਦਦ ਨਹੀਂ ਕਰਨਗੇ । ਸਿੱਖ ਫੌਜੀ , ਜੋ ਦੁਸ਼ਮਣ ਦਾ ਦਲੇਰੀ ਨਾਲ ਟਾਕਰਾ ਕਰਨ ਲਈ ਦੁਨੀਆਂ ਭਰ ਅੰਦਰ ਮਸ਼ਹੂਰ ਹਨ , ਉਹੋ ਜਿਹੀ ਡੀਫੈਂਸ ਨਹੀਂ ਕਰਨਗੇ ਜਿਸ ਨੇ ਸਦਾ ਹੀ ਦੇਸ਼ ਦੀ ਅਖੰਡਤਾ ਨੂੰ ਬਚਾ ਕੇ ਰੱਖਿਆ ਹੈ । ਫੌਜ ਪਹਿਲਾਂ ਹੀ ਸਾਡੇ 20000 ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਚੁੱਕੀ ਹੈ ਅਤੇ 50000 ਹੋਰਾਂ ਦਾ ਪਤਾ ਨਹੀਂ ਲੱਗ ਰਿਹਾ ਕਿ ਉਹ ਕਿੱਥੇ ਹਨ ।

ਤੁਹਾਡੀ ਪ੍ਰਧਾਨ ਮੰਤਰੀ ਅਤੇ ਤੁਹਾਡੇ ਜਰਨੈਲ ਜਿਹੋ ਜਿਹੀ ਨੀਤੀ ਲਾਗੂ ਕਰ ਰਹੇ ਹਨ ਉਸ ਦੇ ਸਾਹਵੇਂ ਤਾਂ ਜਨਰਲ ਡਾਇਰ ਵੀ ਨਰਮ ਲੱਗਣ ਲੱਗ ਜਾਂਦਾ ਹੈ । ਕਿਉਂਕਿ ਮੈਂ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਾਡੇ ਗੁਰਦੁਆਰਿਆਂ ਅੰਦਰ ਕੀਤੀ ਗਈ ਫੌਜੀ ਕਾਰਵਾਈ ਅਤੇ ਸਿੱਖ ਭਰਾਵਾਂ ਦੇ ਕੀਤੇ ਗਏ ਅੰਨ੍ਹੇਵਾਹ ਕਤਲੇਆਮ ਦਾ ਜੋਰਦਾਰ ਵਿਰੋਧੀ ਹਾਂ , ਇਸ ਲਈ ਮੈਂ ਇੰਡੀਅਨ ਪੁਲਿਸ ਸਰਵਿਸ ਤੋਂ ਫੌਰੀ ਅਸਤੀਫਾ ਦੇਂਦਾ ਹਾਂ । ਹੁਣ ਤੋਂ ਬਾਅਦ ਮੈਂ ਉਹਨਾਂ ਸਿੱਖ ਪਰਿਵਾਰਾਂ ਦੇ ਮੁੜ - ਵਸੇਬੇ ਲਈ ਕੰਮ ਕਰਾਂਗਾ ਜੋ ਇਸ ਵਹਿਸ਼ੀਆਨਾ ਕਾਰਵਾਈ ਵਿੱਚ ਮਾਰੇ ਗਏ ਹਨ । ਪਰਮਾਤਮਾ ਮੈਨੂੰ ਸਫਲਤਾ ਬਖਸ਼ੇ । ਇਹ ਅਸਤੀਫਾ ਦੇਣ ਸਮੇਂ ਮੇਰੇ ਮਨ ਵਿੱਚ ਕਿਸੇ ਦੇ ਖਿਲਾਫ ਕੋਈ ਮੰਦਭਾਵਨਾ ਨਹੀਂ ਕਿਉਂਕਿ ਅਜਿਹਾ ਕਰਨਾ ਸਾਡੇ ਧਾਰਮਿਕ ਅਸੂਲਾਂ ਦੇ ਉਲਟ ਹੈ । ਅੰਤ ਵਿੱਚ ਮੈਂ ਸਾਰੇ ਸਿੱਖ ਭਰਾਵਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਹਰ ਮਹੀਨੇ ਦੀ 6 ਤਰੀਕ ਸ਼ਹੀਦੀ ਦਿਵਸ ਵਜੋਂ ਮਨਾਇਆ ਕਰਨ ਅਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ' ਤੇ ਜਾ ਕੇ ਆਪਣੇ ਸਿਰ ਪੇਸ਼ ਕਰਿਆ ਕਰਨ ਤਾਂ ਕਿ ਉਹ ਸਿੱਖਾਂ ਦੇ ਖੂਨ ਦੀ ਆਪਣੀ ਪਿਆਸ ਮਿਟਾ ਲਿਆ ਕਰੇ । ਪਰਮਾਤਮਾ ਦੀ ਮਿਹਰ ਸਦਕਾ ਮੈਂ 6 ਜੁਲਾਈ 1984 ਨੂੰ ਆਪਣੇ ਆਪ ਨੂੰ ਉਸ ਦੇ ਸਾਹਮਣੇ ਪੇਸ਼ ਕਰਾਂਗਾ । ਸੂਬਾਈ ਰਾਜਧਾਨੀਆਂ ਵਿੱਚ ਰਹਿ ਰਹੇ ਸਿੱਖ ਵੀ ਏਸੇ ਤਰ੍ਹਾਂ ਆਪਣੇ ਆਪ ਨੂੰ ਰਾਜ ਭਵਨਾਂ ਦੇ ਸਾਹਮਣੇ ਪੇਸ਼ ਕਰਿਆ ਕਰਨ ਤਾਂ ਕਿ ਗਵਰਨਰ ਉਨ੍ਹਾਂ ਦੇ ਸਿਰ ਕੱਟਕੇ ਪ੍ਰਧਾਨ ਮੰਤਰੀ ਨੂੰ ਭੇਜ ਦਿਆ ਕਰਨ । ਵਿਦੇਸ਼ਾਂ ਵਿੱਚ ਰਹਿ ਰਹੇ ਸਿੱਖ ਭਾਰਤੀ ਹਾਈ ਕਮਿਸ਼ਨਾਂ ਅਤੇ ਰਾਜਦੂਤ ਘਰਾਂ ਦੇ ਸਾਹਮਣੇ ਜਾਇਆ ਕਰਨ ਅਤੇ ਇਹੋ ਜਿਹੀਆਂ ਕੁਰਬਾਨੀਆਂ ਲਈ ਰਾਜਦੂਤਾਂ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਿਆ ਕਰਨ । ਇਸ ਔਰਤ ਦੀ ਸਿੱਖਾਂ ਦੇ ਖੂਨ ਦੀ ਪਿਆਸ ਨੂੰ ਮਿਟਾ ਕੇ ਹੀ ਅਸੀਂ ਆਪਣੀ ਵਿਲੱਖਣ ਧਾਰਮਿਕ ਹਸਤੀ ਨੂੰ ਬਰਕਰਾਰ ਰੱਖ ਸਕਦੇ ਹਾਂ ।