ਜਲੂਸ ਕੱਢਣ ਅਤੇ ਜਨਤਕ ਥਾਵਾਂ ’ਤੇ ਹਥਿਆਰ ਚੁੱਕਣ ’ਤੇ ਰੋਕ : ਦੀਪਤੀ ਉੱਪਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਵਾਨਗੀ ਲੈ ਕੇ ਨਿਰਧਾਰਤ ਸਥਾਨਾਂ ’ਤੇ ਹੀ ਲਗਾਏ ਜਾ ਸਕਦੇ ਹਨ ਧਰਨੇ

Deepti Uppal

ਕਪੂਰਥਲਾ ਟਾਂਡਾ ਉੜਮੁੜ ਅੰਮ੍ਰਿਤਪਾਲ ਬਾਜਵਾ, 4 ਜੂਨ : ਜ਼ਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਕਪੂਰਥਲਾ ਵਿਚ ਕਿਸੇ ਕਿਸਮ ਦੇ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇਕੱਤਰਤਾ, ਨਾਅਰੇਬਾਜ਼ੀ ਕਰਨ, ਲਾਠੀਆਂ, ਗੰਡਾਸੇ, ਤੇਜ਼ਧਾਰ ਟਕੂਏ, ਕੁਹਾੜੀ, ਬੰਦੂਕ, ਪਿਸਤੌਲ ਅਤੇ ਕਿਸੇ ਵੀ ਕਿਸਮ ਦੇ ਵਿਸਫੋਟਕ ਹਥਿਆਰ ਆਦਿ ਜਨਤਕ ਥਾਵਾਂ ’ਤੇ ਚੁੱਕਣ ’ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।

ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਵੀ ਅਦਾਰੇ/ਸੰਸਥਾ ਨੇ ਜ਼ਿਲਾ ਕਪੂਰਥਲਾ ਵਿਚ ਜਲੂਸ/ਧਰਨਾ ਦੇਣਾ ਹੋਵੇ ਤਾਂ ਉਸ ਲਈ ਉੱਪ ਮੰਡਲ ਪੱਧਰ ’ਤੇ ਸਥਾਨ ਨਿਸ਼ਚਿਤ ਕੀਤੇ ਗਏ ਹਨ। ਇਸ ਸਬੰਧੀ ਸਬੰਧਤ ਅਦਾਰਾ/ਸੰਸਥਾ ਧਰਨੇ ਦੀ ਅਗੇਤਰੀ ਸੂਚਨਾ/ਪ੍ਰਵਾਨਗੀ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਪਾਸੋਂ ਪ੍ਰਾਪਤ ਕਰੇਗਾ।

ਜਾਰੀ ਹੁਕਮਾਂ ਅਨੁਸਾਰ ਉੱਪ ਮੰਡਲ ਕਪੂਰਥਲਾ ਲਈ ਸ਼ਾਲੀਮਾਰ ਬਾਗ਼, ਅੰਮਿ੍ਰਤਸਰ ਰੋਡ, ਕਪੂਰਥਲਾ, ਉੱਪ ਮੰਡਲ ਫਗਵਾੜਾ ਲਈ ਨਗਰ ਸੁਧਾਰ ਟਰੱਸਟ ਫਗਵਾੜਾ ਦੇ ਸਾਹਮਣੇ ਸਥਿਤ ਹਰਗੋਬਿੰਦ ਨਗਰ, ਉੱਪ ਮੰਡਲ ਸੁਲਤਾਨਪੁਰ ਲੋਧੀ ਲਈ ਬੱਸ ਅੱਡਾ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਅੰਤਰਯਾਮਤਾ ਵਾਲੇ ਪਾਸੇ ਅਤੇ ਉੱਪ ਮੰਡਲ ਭੁਲੱਥ ਲਈ ਦਾਣਾ ਮੰਡੀ ਨੰਬਰ 1 ਭੁਲੱਥ ਅਤੇ ਦਾਣਾ ਮੰਡੀ ਫੋਕਲ ਪੁਆਇੰਟ ਪਿੰਡ ਰਾਮਗੜ (ਫ਼ਸਲਾਂ ਦੇ ਖ਼ਰੀਦ ਸੀਜ਼ਨ  ਦੌਰਾਨ ਬੱਸ ਸਟੈਂਡ ਭੁਲੱਥ) ਜਲੂਸ/ਧਰਨੇ ਲਈ ਸਥਾਨ ਨਿਰਧਾਰਤ ਕੀਤੇ ਗਏ ਹਨ। ਇਹ ਹੁਕਮ 26 ਜੁਲਾਈ 2020 ਤੱਕ ਲਾਗੂ ਰਹਿਣਗੇ।


ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜ਼ਿਲਾ ਕਪੂਰਥਲਾ ਵਿਚ ਪਿਛਲੇ ਸਮੇਂ ਤੋਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਧਰਨੇ/ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਸ ਨਾਲ ਆਮ ਆਵਾਜਾਈ ਵਿਚ ਕਾਫੀ ਵਿਘਨ ਪੈਂਦਾ ਹੈ ਅਤੇ ਆਮ ਪਬਲਿਕ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਕਾਇਮ ਨਹੀਂ ਰਹਿੰਦੀ ਹੈ। ਇਸ ਲਈ ਆਮ ਪਬਲਿਕ ਦੀਆਂ ਪ੍ਰੇਸ਼ਾਨੀਆਂ, ਆਵਾਜਾਈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਮੁੱਖ ਰੱਖਦਿਆਂ ਜ਼ਿਲਾ ਕਪੂਰਥਲਾ ਦੀਆਂ ਸੀਮਾਵਾਂ ਅੰਦਰ ਦਫ਼ਾ 144 ਸੀ. ਆਰ. ਪੀ. ਸੀ ਦੇ ਤਹਿਤ ਹੁਕਮ ਫੌਰੀ ਤੌਰ ’ਤੇ ਜਾਰੀ ਕੀਤੇ ਜਾਣ ਦੀ ਲੋੜ ਹੈ।