ਜ਼ਮੀਨ ਦੇ ਲਾਲਚ 'ਚ ਬੇਔਲਾਦ ਮਾਸੀ ਤੇ ਮਾਸੜ ਦਾ ਕਤਲ ਕਰਨ ਵਾਲੇ ਦੋਸ਼ੀ ਭਾਣਜੇ ਨੂੰ ਉਮਰਕੈਦ
ਦੋਸ਼ੀ ਦੇ ਦੋਸਤ ਨੂੰ ਵੀ ਅਦਾਲਤ ਨੇ ਸੁਣਾਈ ਉਮਰਕੈਦ ਦੀ ਸਜ਼ਾ
ਬਠਿੰਡਾ: ਬਠਿੰਡਾ ਵਿਸ਼ੇਸ਼ ਅਦਾਲਤ ਦੇ ਵਧੀਕ ਸੈਸ਼ਨ ਜੱਜ ਡਾ. ਰਾਮ ਕੁਮਾਰ ਸਿੰਗਲਾ ਦੀ ਅਦਾਲਤ ਨੇ ਸ਼ੁੱਕਰਵਾਰ ਨੂੰ ਜ਼ਮੀਨ ਅਤੇ ਜਾਇਦਾਦ ਦੇ ਲਾਲਚ ਵਿਚ ਬੇਔਲਾਦ ਮਾਸੀ ਤੇ ਮਾਸੜ ਦੇ ਕਤਲ ਕਰਨ ਦੇ ਦੋਸ਼ 'ਚ ਭਾਣਜੇ ਅਤੇ ਉਸ ਦੇ ਦੋਸਤ ਨੂੰ ਦੋਹਰੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਵਾਂ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ ਵਿਚ ਭਾਰੀ ਜੁਰਮਾਨਾ ਵੀ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ: Odisha Train Accident: NDRF ਦੇ ਇਸ ਜਵਾਨ ਨੇ ਸਭ ਤੋਂ ਪਹਿਲਾਂ ਹਾਦਸੇ ਬਾਰੇ ਦਿਤੀ ਸੀ ਜਾਣਕਾਰੀ?
ਮਾਮਲੇ ਅਨੁਸਾਰ ਸਾਲ 2017 ਵਿਚ ਰਾਮਪੁਰਾ ਹਲਕੇ ਅਧੀਨ ਪੈਂਦੇ ਪਿੰਡ ਮਹਿਰਾਜ ਦੇ ਕੋਠੇ ਮੱਲੂਆਣਾ ਵਿਚ ਰਹਿਣ ਵਾਲੇ ਇਕ ਬਜ਼ੁਰਗ ਬੇਔਲਾਦ ਜੋੜੇ ਹਰਪਾਲ ਸਿੰਘ ਅਤੇ ਉਸਦੀ ਪਤਨੀ ਗੁਰਮੇਲ ਕੌਰ ਦਾ ਕਿਸੇ ਵਲੋਂ ਸ਼ੱਕੀ ਹਾਲਤ ਵਿਚ ਕਤਲ ਕਰ ਦਿਤਾ ਗਿਆ ਸੀ। ਪੁਲਿਸ ਨੇ 18 ਮਾਰਚ 2017 ਨੂੰ ਮ੍ਰਿਤਕ ਦੇ ਭਰਾ ਨਿਰਭੈ ਸਿੰਘ ਵਾਸੀ ਠੀਕਰੀਵਾਲਾ ਜ਼ਿਲ੍ਹਾ ਬਰਨਾਲਾ ਦੇ ਬਿਆਨਾਂ ’ਤੇ ਥਾਣਾ ਰਾਮਪੁਰਾ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਪ੍ਰਚਾਰ ਸਬੰਧੀ ਫ਼ੋਨ ਜਾਂ ਸੁਨੇਹੇ ਲਈ ਹੁਣ ਕੰਪਨੀਆਂ ਨੂੰ ਲੈਣੀ ਹੋਵੇਗੀ ਗਾਹਕਾਂ ਦੀ ਮਨਜ਼ੂਰੀ
ਮ੍ਰਿਤਕ ਦੇ ਭਰਾ ਨਿਰਭੈ ਸਿੰਘ ਨੇ ਦਸਿਆ ਕਿ ਨਰਿੰਦਰ ਕਿਸੇ ਵੀ ਹਾਲਤ ਵਿਚ ਮਾਸੀ ਤੇ ਮਾਸੜ ਦੀ ਜ਼ਮੀਨ ਅਪਣੇ ਨਾਂ ਕਰਵਾਉਣਾ ਚਾਹੁੰਦਾ ਸੀ ਪਰ ਅਜਿਹਾ ਨਾ ਹੋਣ ’ਤੇ ਉਹ ਗੁੱਸੇ ਵਿਚ ਆ ਕੇ ਘਰ ਛੱਡ ਕੇ ਚਲਾ ਗਿਆ। ਇਕ ਦਿਨ ਜਦੋਂ ਗੁਰਮੇਲ ਕੌਰ ਅਤੇ ਉਸ ਦਾ ਪਤੀ ਹਰਪਾਲ ਸਿੰਘ ਘਰ ਵਿਚ ਸੁੱਤੇ ਪਏ ਸਨ ਤਾਂ ਇਸ ਦੌਰਾਨ ਉਹਨਾਂ ਦਾ ਭਾਣਜਾ ਨਰਿੰਦਰ ਸਿੰਘ ਆਪਣੇ ਦੋਸਤ ਗੁਰਸੇਵਕ ਸਿੰਘ ਨਾਲ ਘਰ ਵਿਚ ਦਾਖਲ ਹੋ ਗਿਆ ਅਤੇ ਸੁੱਤੇ ਪਏ ਪਤੀ-ਪਤਨੀ ਦਾ ਸਿਰ ਵਿਚ ਰਾਡ ਨਾਲ ਵਾਰ ਕਰਕੇ ਕਤਲ ਕਰ ਦਿਤਾ ਅਤੇ ਉੱਥੋਂ ਫਰਾਰ ਹੋ ਗਏ।
ਬਾਅਦ ਵਿਚ ਪੁਲਿਸ ਨੇ ਦੋਵਾਂ ਮੁਲਜ਼ਮਾਂ ਗੁਰਸੇਵਕ ਸਿੰਘ ਅਤੇ ਨਰਿੰਦਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 302, 382,460,34 ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਅਦਾਲਤ ਵਿਚ ਦੋਹਰੇ ਕਤਲ ਕੇਸ ਦੀ ਸੁਣਵਾਈ ਚੱਲ ਰਹੀ ਸੀ, ਜਿਸ ਵਿੱਚ ਹੁਣ ਫੈਸਲਾ ਆਇਆ ਹੈ।