ਬੀਬੀ ਜਾਗੀਰ ਕੌਰ ਮੁੜ ਕਾਨੂੰਨੀ ਸ਼ਿਕੰਜੇ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੀ ਸਾਬਕਾ ਮੰਤਰੀ ਬੀਬੀ ਜਾਗੀਰ ਕੌਰ ਅਪਣੀ ਬੇਟੀ ਦੀ ਹਤਿਆ ਦੇ ਦੋਸ਼ਾਂ ਵਾਲੇ ਕੇਸ ਨੂੰ ਲੈ ਕੇ ਮੁੜ ਕਾਨੂੰਨੀ ਅੜਿਕੇ 'ਚ ਫਸਦੀ ਜਾ ਰਹੀ ਹੈ।

Bibi Jagir Kaur

ਚੰਡੀਗੜ੍ਹ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਅਤੇ ਪਹਿਲੀ ਮਹਿਲਾ ਪ੍ਰਧਾਨ ਅਤੇ ਪੰਜਾਬ ਦੀ ਸਾਬਕਾ ਮੰਤਰੀ ਬੀਬੀ ਜਾਗੀਰ ਕੌਰ ਅਪਣੀ ਬੇਟੀ ਦੀ ਹਤਿਆ ਦੇ ਦੋਸ਼ਾਂ ਵਾਲੇ ਕੇਸ ਨੂੰ ਲੈ ਕੇ ਮੁੜ ਕਾਨੂੰਨੀ ਅੜਿਕੇ 'ਚ ਫਸਦੀ ਜਾ ਰਹੀ ਹੈ। ਸੁਪਰੀਮ ਕੋਰਟ ਬੀਬੀ ਜਾਗੀਰ ਕੌਰ ਨੂੰ ਬਰੀ ਕਰਨ ਦੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਵਿਰੁਧ ਦਾਇਰ ਐਸਐਲਪੀ 'ਤੇ ਸੁਣਵਾਈ ਲਈ ਤਿਆਰ ਹੋ ਗਿਆ ਹੈ। ਮਰਹੂਮ ਹਰਪ੍ਰੀਤ ਕੌਰ ਦਾ ਪਤੀ ਹੋਣ ਦਾ ਦਾਅਵਾ ਕਰਦੇ ਆ ਰਹੇ ਕਮਲਜੀਤ ਸਿੰਘ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਨੌਤੀ ਦਿਤੀ ਹੈ।

ਦਸਣਯੋਗ ਹੈ  ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਧੀ ਹਰਪ੍ਰੀਤ ਕੌਰ ਦੀ ਹਤਿਆ ਦੇ ਮਾਮਲੇ ਵਿਚ ਫ਼ੈਸਲਾ ਸੁਣਾਉਂਦੇ ਹੋਏ ਬੀਬੀ ਜਾਗੀਰ ਕੌਰ ਨੂੰ ਦੋਸ਼ਮੁਕਤ ਕਰਾਰ ਦਿਤਾ ਸੀ। ਉੱਚ ਅਦਾਲਤ ਨੇ ਜਗੀਰ ਕੌਰ ਨੂੰ ਸੀਬੀਆਈ ਅਦਾਲਤ ਦੁਆਰਾ ਸੁਣਾਈ ਗਈ ਪੰਜ ਸਾਲ ਦੀ ਕੈਦ ਦੀ ਸਜ਼ਾ ਵੀ ਖ਼ਾਰਜ ਕਰ ਦਿਤੀ ਸੀ।    ਇਹ ਵੀ ਦਸਣਯੋਗ ਹੈ ਕਿ ਜਾਗੀਰ ਕੌਰ ਦੀ ਧੀ ਹਰਪ੍ਰੀਤ ਕੌਰ ਦੀ 20 ਜੂਨ, 2000 ਨੂੰ ਸ਼ੱਕੀ ਹਾਲਾਤ  ਵਿਚ ਮੌਤ ਹੋਈ ਸੀ, ਜਿਸ ਮਗਰੋਂ ਜਾਗੀਰ ਕੌਰ ਉੱਤੇ ਧੀ ਨੂੰ ਅਗ਼ਵਾ ਕਰਨ ਤੇ ਬਾਅਦ 'ਚ ਜ਼ਬਰਨ ਗਰਭਪਾਤ ਕਰਾਉਣ ਅਤੇ ਹਤਿਆ ਦਾ ਇਲਜ਼ਾਮ ਲਗਾਇਆ ਗਿਆ ਸੀ। 

ਸੀਬੀਆਈ ਅਦਾਲਤ ਨੇ ਬੀਬੀ ਜਾਗੀਰ ਕੌਰ ਨੂੰ ਹਤਿਆ ਦੇ ਇਲਜ਼ਾਮ ਤੋਂ ਤਾਂ  ਦੋਸ਼ਮੁਕਤ ਕਰ ਦਿਤਾ ਸੀ ਪਰ ਉਨ੍ਹਾਂ ਨੂੰ ਅਗ਼ਵਾ ਅਤੇ ਜ਼ਬਰਨ ਗਰਭਪਾਤ ਦਾ ਦੋਸ਼ੀ ਕਰਾਰ ਦਿਤਾ ਸੀ।  ਸੀਬੀਆਈ ਅਦਾਲਤ ਨੇ ਉਨ੍ਹਾਂ ਨੂੰ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਮਾਮਲਾ ਹਾਈ ਕੋਰਟ ਪੁਜਿਆ। ਸੀਬੀਆਈ ਦੀ ਚਾਰਜਸ਼ੀਟ ਦੇ ਮੁਤਾਬਕ ਹਰਪ੍ਰੀਤ ਕੌਰ ਨੇ ਘਰੋਂ ਭੱਜ ਕੇ ਅਪਣੇ ਪ੍ਰੇਮੀ ਕਮਲਜੀਤ ਨਾਲ ਚੋਰੀ ਛਿਪੇ ਵਿਆਹ ਕਰਵਾ ਲਿਆ ਸੀ। ਬੀਬੀ ਜਾਗੀਰ ਕੌਰ ਜੋ ਉਸ ਵੇਲੇ ਸ਼੍ਰੋਮਣੀ ਕਮੇਟੀ ਪ੍ਰਧਾਨ ਸੀ, ਉਸ ਨੂੰ ਧੀ ਦੀ ਇਹ ਕਾਰਵਾਈ ਮਨਜ਼ੂਰ ਨਹੀਂ ਸੀ। 

ਪਹਿਲਾਂ ਤਾਂ ਹਰਪ੍ਰੀਤ ਕੌਰ 'ਤੇ ਕਮਲਜੀਤ ਤੋਂ ਵੱਖ ਹੋਣ ਦਾ ਦਬਾਅ ਪਾਇਆ ਗਿਆ ਪਰ ਇਨਕਾਰ ਕਰਨ 'ਤੇ ਉਸ ਨੂੰ ਜ਼ਬਰਨ ਫਗਵਾੜਾ ਦੇ ਇਕ ਫ਼ਾਰਮ  ਹਾਊਸ ਵਿਚ ਰਖਿਆ ਗਿਆ ਜਿੱਥੇ ਖਾਣੇ ਵਿਚ ਪੈਸਟੀਸਾਈਡ ਦੇ ਕੇ ਹਰਪ੍ਰੀਤ ਦੀ ਹੱਤਿਆ ਕਰ ਦਿੱਤੀ ਗਈ। ਮੌਤ ਮੌਕੇ ਹਰਪ੍ਰੀਤ ਗਰਭਵਤੀ ਸੀ। ਕਮਲਜੀਤ ਦੀ ਸ਼ਿਕਾਇਤ 'ਤੇ ਹਾਈ ਕੋਰਟ ਨੇ ਸੀਬੀਆਈ ਜਾਂਚ ਦੇ ਆਦੇਸ਼ ਦਿਤੇ ਸਨ। ਇਸ ਤੋਂ ਪਹਿਲਾਂ ਕਮਲਜੀਤ ਇਕ ਵਾਰ ਬੀਬੀ ਜਗੀਰ ਕੌਰ ਵਿਰੁੱਧ ਇਲਜ਼ਾਮ ਤੋਂ ਮੁੱਕਰ ਵੀ ਚੁੱਕਿਆ ਹੈ ਪਰ ਬਾਅਦ  ਵਿਚ ਉਸ ਨੇ ਕੋਰਟ ਸਾਹਮਣੇ ਕਬੂਲ ਕੀਤਾ ਸੀ ਕਿ ਅਜਿਹਾ ਉਸ ਨੇ ਦਬਾਅ ਵਿਚ ਕੀਤਾ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਸੁਪਰੀਮ ਕੋਰਟ ਕੀ  ਫੈਸਲਾ ਸੁਣਾਉਂਦੀ ਹੈ।