ਜੇ ਬਾਦਲ ਨੂੰ ਸ਼ਰਮ ਹੁੰਦੀ ਤਾਂ ਬੀਬੀ ਜਗੀਰ ਕੌਰ ਨੂੰ ਮੇਰੇ ਖ਼ਿਲਾਫ਼ ਨਾ ਖੜਾ ਕਰਦੇ : ਬੀਬੀ ਖਾਲੜਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇ.ਪੀ.ਐਸ ਗਿੱਲ ਨੇ ਧਮਕੀ ਦਿੱਤੀ ਸੀ ਕਿ ਸਰਕਾਰ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦੀ ਉਮਰ 2 ਸਾਲ ਮਿੱਥ ਦਿੱਤੀ ਹੈ

Special interview with Bibi Paramjit Kaur Khalra

ਖਡੂਰ ਸਾਹਿਬ : ਲੋਕ ਸਭਾ ਹਲਕਾ ਖਡੂਰ ਸਾਹਿਬ 'ਚ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਵੱਲੋਂ ਮਨੁੱਖੀ ਅਧਿਕਾਰ ਕਾਰਕੁਨ ਬੀਬੀ ਪਰਜੀਤ ਕੌਰ ਖਾਲੜਾ, ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗੀਰ ਕੌਰ ਤੇ ਆਮ ਆਦਮੀ ਪਾਰਟੀ ਤੋਂ ਮਨਜਿੰਦਰ ਸਿੰਘ ਸਿੱਧੂ ਚੋਣ ਮੈਦਾਨ ' ਹਨ। ਬੀਬੀ ਖਾਲੜਾ 25000 ਲਾਵਾਰਸ ਲਾਸ਼ਾਂ ਦਾ ਸੱਚ ਦੁਨੀਆਂ ਸਾਹਮਣੇ ਲੈ ਕੇ ਆਉਣ ਵਾਲੀ ਸ਼ਖ਼ਸੀਅਤ ਜਸਵੰਤ ਸਿੰਘ ਖਾਲੜਾ ਦੀ ਪਤਨੀ ਹਨ। ਚੋਣ ਪ੍ਰਚਾਰ 'ਚ ਰੁੱਝੇ ਬੀਬੀ ਪਰਜੀਤ ਕੌਰ ਖਾਲੜਾ ਨਾਲ 'ਸਪੋਕਸਮੈਨ ਟੀਵੀ' ਦੇ ਮੈਨੇਜਿੰਗ ਐਡੀਟਰ ਨਿਮਰਤ ਕੌਰ ਨੇ ਵਿਸ਼ੇਸ਼ ਗੱਲਬਾਤ ਕੀਤੀ। 

ਸਵਾਲ : ਹਜ਼ਾਰਾਂ ਲਾਵਾਰਸ ਲਾਸ਼ਾਂ ਦੇ ਮਾਮਲੇ 'ਚ ਸਰਕਾਰਾਂ ਵੱਲੋਂ ਸਿਆਸਤ ਕਿਉਂ ਕੀਤੀ ਜਾ ਰਹੀ ਹੈ?
ਜਵਾਬ : ਇਸ ਮਾਮਲੇ 'ਚ ਸਾਡੇ ਨਾਲ ਵੱਡੀ ਸਿਆਸਤ ਹੋਈ ਹੈ। 1947 'ਚ ਵੀ ਸਾਡੇ ਨਾਲ ਧੋਖਾ ਹੋਇਆ ਸੀ। ਜਦੋਂ ਨਹਿਰੂ, ਗਾਂਧੀ ਅਤੇ ਪਟੇਲ ਤੋਂ ਜਵਾਬ ਮੰਗਿਆ ਗਿਆ ਸੀ ਤਾਂ ਉਨ੍ਹਾਂ ਕਿਹਾ ਸੀ ਕਿ ਤੁਸੀ ਜਰਾਇਮਪੇਸ਼ਾ ਲੋਕ ਹੋ। ਇਹ ਸੁਣ ਕੇ ਸਾਨੂੰ ਵੱਡਾ ਧੱਕਾ ਲੱਗਾ ਸੀ। ਸਮਾਂ ਬੀਤਣ ਦੇ ਨਾਲ ਸਿੱਖਾਂ ਨੇ ਫਿਰ ਆਵਾਜ਼ ਚੁੱਕੀ। 1978 ਤੋਂ 1995 'ਚ ਸਿੱਖਾਂ ਦਾ ਕਾਫ਼ੀ ਘਾਣ ਕੀਤਾ ਗਿਆ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ 'ਤੇ ਤਸ਼ੱਦਦ ਕੀਤੇ ਗਏ। ਉਨ੍ਹਾਂ ਦਿਨਾਂ 'ਚ ਪੁਲਿਸ ਅਧਿਕਾਰੀ ਕੇ.ਪੀ.ਐਸ ਗਿੱਲ ਨੇ ਸਰੇਆਮ ਧਮਕੀ ਦਿੱਤੀ ਸੀ ਕਿ ਸਰਕਾਰ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਦੀ ਉਮਰ 2 ਸਾਲ ਮਿੱਥ ਦਿੱਤੀ ਹੈ। 'ਗੋਲੀ ਬਦਲੇ ਗੋਲੀ', 'ਖ਼ੂਨ ਦੇ ਬਦਲੇ ਖ਼ੂਨ' ਅਜਿਹੀ ਸਰਕਾਰਾਂ ਨੇ ਪਾਲਸੀਆਂ ਬਣਾਈਆਂ ਅਤੇ ਸਿੱਖ ਕੌਮ ਦੀ ਨਸ਼ਲਕੁਸ਼ੀ ਦੀ ਕੋਸ਼ਿਸ਼ ਕੀਤੀ ਗਈ।

ਸਵਾਲ : ਉਦੋਂ ਆਪਣੇ ਹੱਕਾਂ ਲਈ ਆਵਾਜ਼ ਚੁੱਕਣ ਵਾਲੇ ਨੂੰ ਖ਼ਤਮ ਕਰਨ ਦਾ ਕੀ ਕਾਰਨ ਸੀ?
ਜਵਾਬ : ਜਿਹੜੀ ਸਾਡੀ ਪਹਿਲਾਂ ਲੜਾਈ ਸੀ ਉਦੋਂ ਕਪੂਰੀ ਮੋਰਚਾ ਲੱਗਿਆ ਸੀ। ਉਦੋਂ ਚੰਡੀਗੜ੍ਹ ਦੇ ਮਸਲਾ, ਭਾਖੜਾ ਦੇ ਮਸਲੇ ਆਦਿ 'ਤੇ ਇਹ ਮੋਰਚਾ ਲਗਾਇਆ ਸੀ। ਅਸੀ ਆਪਣਾ ਸੰਵਿਧਾਨਕ ਹੱਕ ਮੰਗਦੇ ਸੀ। ਇਸ ਨੂੰ ਕੁਝ ਸਿਆਸੀ ਲੋਕਾਂ ਨੇ ਚਾਲ ਚੱਲਦਿਆਂ ਇਸ ਮੋਰਚੇ ਨੂੰ ਧਰਮ ਯੁੱਧ ਮੋਰਚਾ ਬਣਾ ਦਿੱਤਾ। ਧਰਮ ਯੁੱਧ ਮੋਰਚੇ 'ਚ ਇਕ ਧਿਰ ਨੂੰ ਅਜਿਹੇ ਤਰੀਕੇ ਨਾਲ ਪੇਸ਼ ਕੀਤਾ ਗਿਆ ਕਿ ਉਹ ਦੇਸ਼ ਵਿਰੋਧੀ ਹਨ। ਜੇ ਉਦੋਂ ਸਾਡੇ ਮੋਰਚੇ ਦੀਆਂ ਥੋੜੀਆਂ ਮੰਗਾਂ ਮੰਨ ਲਈਆਂ ਜਾਂਦੀਆਂ ਤਾਂ ਮਨੁੱਖਤਾ ਦਾ ਅਜਿਹਾ ਘਾਣ ਨਾ ਹੁੰਦਾ। ਸਿੱਖ ਕੌਮ ਸ਼ਾਂਤੀ ਪਸੰਦ ਹੈ। ਜਦੋਂ ਕੋਈ ਲੜਾਈ ਗੱਲ ਪੈ ਜਾਵੇ ਤਾਂ ਉਹ ਲੜਨੀ ਪੈਂਦੀ ਹੈ। ਇਸੇ ਕਾਰਨ ਸਿੱਖ ਕੌਮ ਨੂੰ ਹਥਿਆਰ ਚੁੱਕਣੇ ਪਏ। ਇਸ ਲੜਾਈ ਦਾ ਜਿਹੜਾ ਅੰਤ ਹੋਇਆ ਉਹ ਬਹੁਤ ਮਾੜਾ ਹੋਇਆ। ਹਿੰਦੂ-ਸਿੱਖ ਦੇ ਮਸਲੇ ਖੜੇ ਕਰ ਦਿੱਤੇ ਗਏ। ਦੋਹਾਂ ਧਰਮਾਂ ਵਿਚਕਾਰ ਵੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। 

ਸਵਾਲ : ਲਾਵਾਰਸ ਲਾਸ਼ਾਂ ਦਾ ਸੱਚ ਦੁਨੀਆਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਜਸਵੰਤ ਸਿੰਘ ਖਾਲੜਾ ਨੇ ਕਿੱਥੋਂ ਸ਼ੁਰੂ ਕੀਤੀ?
ਜਵਾਬ : ਆਪਣੇ ਲਾਪਤਾ ਹੋਣ ਤੋਂ 4 ਸਾਲ ਪਹਿਲਾਂ ਜਸਵੰਤ ਸਿੰਘ ਖਾਲੜਾ ਲੋਕਾਂ ਦੇ ਘਰਾਂ 'ਚ ਜਾ ਕੇ ਵੇਰਵੇ ਇਕੱਤਰ ਕਰ ਰਹੇ ਸਨ। ਉਹ ਇਕ ਤੁਰਦੀ-ਫਿਰਦੀ ਸੰਸਥਾ ਵਾਂਗ ਸਨ। ਲੋਕਾਂ ਵੱਲੋਂ ਦਿੱਤੀਆਂ ਸਾਰੀ ਜਾਣਕਾਰੀਆਂ ਉਹ ਇਕ ਡਾਇਰੀ 'ਚ ਨੋਟ ਕਰਦੇ ਸਨ। ਉਦੋਂ ਉਨ੍ਹਾਂ ਨਾਲ ਬੈਂਕ 'ਚ ਕੰਮ ਕਰਦਾ ਸਾਥੀ ਪਿਆਰਾ ਸਿੰਘ ਜਦੋਂ ਗੁੰਮ ਹੋਇਆ ਤਾਂ ਉਸ ਦੀ ਭਾਲ ਸ਼ੁਰੂ ਕੀਤੀ। ਪੁੱਛ-ਪੜਤਾਲ ਕਰਨ 'ਤੇ ਜਸਵੰਤ ਸਿੰਘ ਖਾਲੜਾ ਨੂੰ ਪਤਾ ਲੱਗਾ ਕਿ ਪਿਆਰਾ ਸਿੰਘ ਨੂੰ ਅੰਮ੍ਰਿਤਸਰ ਨੇੜੇ ਇਕ ਪਿੰਡ 'ਚ ਝੂਠੇ ਮੁਕਾਬਲੇ ਵਿਚ ਮਾਰ ਦਿੱਤਾ ਗਿਆ ਹੈ। ਉਸ ਦਾ ਸਸਕਾਰ ਦੁਰਗਿਆਣਾ ਮੰਦਰ 'ਚ ਕੀਤਾ ਗਿਆ। ਸ. ਖਾਲੜਾ ਅਤੇ ਪੀੜਤ ਪਰਵਾਰ ਨੇ ਜਦੋਂ ਸਮਸ਼ਾਨ ਘਾਟ ਦੇ ਅਧਿਕਾਰੀਆਂ ਨਾਲ ਪਿਆਰਾ ਸਿੰਘ ਬਾਰੇ ਪੁੱਛਿਆ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਤਾਂ ਰੋਜ਼ਾਨਾ ਇਕ ਜਾਂ ਦੋ ਟਰੱਕ ਭਰ ਕੇ ਲਾਸ਼ਾਂ ਸਸਕਾਰ ਲਈ ਆਉਂਦੀਆਂ ਹਨ। ਇਹ ਟਰੱਕ ਪੁਲਿਸ ਵਾਲੇ ਲੈ ਕੇ ਆਉਂਦੇ ਹਨ।

ਸਵਾਲ : ਕੀ ਤੁਸੀ ਕਦੇ ਜਸਵੰਤ ਸਿੰਘ ਖਾਲੜਾ ਨੂੰ ਅਜਿਹੀ ਲੜਾਈ ਲੜਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ?
ਜਵਾਬ : ਸ. ਖਾਲੜਾ ਇਸ ਲੜਾਈ 'ਚ ਇਕੱਲੇ ਨਹੀਂ ਸਨ, ਪੂਰੀ ਟੀਮ ਸੀ। ਸ. ਖਾਲੜਾ ਦੀ ਗੁਮਸ਼ੁਦਗੀ ਤੋਂ ਬਾਅਦ ਵੀ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਕ ਵਿਅਕਤੀ ਜਿਹੜਾ ਕਾਨੂੰਨ ਦੀ ਲੜਾਈ ਲੜ ਰਿਹਾ ਹੈ, ਕਿਵੇਂ ਗੁੰਮ ਹੋ ਸਕਦਾ ਹੈ। ਸਾਡੇ ਘਰ ਰੋਜ਼ਾਨਾ ਕਈ ਪਰਵਾਰ ਆਪਣਾ ਦੁਖ ਲੈ ਕੇ ਆਉਂਦੇ ਸਨ। ਲੋਕਾਂ ਨੂੰ ਸ. ਜਸਵੰਤ ਸਿੰਘ ਨੂੰ ਮਸੀਹਾ ਹੀ ਮੰਨ ਲਿਆ ਸੀ। ਮੈਨੂੰ ਸ. ਖਾਲੜਾ ਸਰਕਾਰ ਦੀਆਂ ਕਰਤੂਤਾਂ ਬਾਰੇ ਸਾਰੀਆਂ ਗੱਲਾਂ ਦੱਸਦੇ ਹੁੰਦੇ ਸਨ। 

ਸਵਾਲ : ਤੁਹਾਡੇ ਅੰਦਰ ਸਰਕਾਰ ਵਿਰੁੱਧ ਲੜਨ ਦੀ ਤਾਕਤ ਕਿੱਥੋਂ ਆਈ?
ਜਵਾਬ : ਹਰੇਕ ਵਿਅਕਤੀ ਅੰਦਰ ਜਮੀਰ ਹੁੰਦੀ ਹੈ ਅਤੇ ਜਦੋਂ ਉਸ ਨਾਲ ਜਿਆਦਤੀ ਹੁੰਦੀ ਹੈ ਤਾਂ ਲੜਨ ਦੀ ਹਿੰਮਤ ਆਪਣੇ ਆਪ ਆ ਜਾਂਦੀ ਹੈ। ਅੱਜ ਵੀ ਮੇਰੇ ਮਨ ਅੰਦਰ ਗੁੱਸਾ ਹੈ। ਮੈਂ ਅੱਜ ਵੀ ਨਹੀਂ ਮੰਨਦੀ ਕਿ ਅਸੀ ਕਿਸੇ ਸੰਵਿਧਾਨ ਦੇ ਅਧੀਨ ਰਹਿ ਰਹੇ ਹਾਂ। ਜਿਹੜੇ ਵਿਅਕਤੀ ਨਾਲ ਜ਼ਿਆਦਤੀ ਹੋਈ ਹੋਵੇ ਅਤੇ ਇਨਸਾਫ਼ ਨਾ ਮਿਲੇ ਤਾਂ ਸੰਵਿਧਾਨ ਅਤੇ ਕਾਨੂੰਨ ਤੋਂ ਭਰੋਸਾ ਉੱਠ ਜਾਂਦਾ ਹੈ। ਮੇਰੇ ਬੱਚੇ ਵਿਦੇਸ਼ 'ਚ ਹਨ। ਉਹ ਮੈਨੂੰ ਉਥੇ ਆਉਣ ਲਈ ਕਹਿੰਦੇ ਹਨ ਪਰ ਮੈਂ ਨਹੀਂ ਜਾਣਾ ਚਾਹੁੰਦੀ। ਮੇਰਾ ਇੱਥੇ ਹੀ ਕੁਝ ਗੁਆਚਿਆ ਹੈ ਅਤੇ ਇੱਥੋਂ ਹੀ ਲੱਭਣਾ ਹੈ। 

ਸਵਾਲ :  ਸ. ਖਾਲੜਾ ਦੇ ਇਸ ਦੁਨੀਆਂ 'ਚ ਨਾ ਹੋਣ ਬਾਰੇ ਕਦੋਂ ਪਤਾ ਲੱਗਾ?
ਜਵਾਬ : ਪਹਿਲੇ 4 ਸਾਲ ਸਾਨੂੰ ਸਰਕਾਰ ਨੇ ਭੰਬਲਭੂਸੇ 'ਚ ਪਾ ਕੇ ਰੱਖਿਆ ਕਿ ਉਹ ਸਾਡੇ ਕੋਲ ਹਨ। ਮਗਰੋਂ ਜਦੋਂ ਕੁਝ ਨਾ ਪਤਾ ਲੱਗਿਆ ਤਾਂ ਵੀ ਇਕ ਉਮੀਦ ਬਾਕੀ ਹੈ। ਸਾਨੂੰ ਉਨ੍ਹਾਂ ਦੀ ਮੌਤ ਬਾਰੇ ਅੱਜ ਤਕ ਕੋਈ ਪੱਕੇ ਸਬੂਤ ਨਹੀਂ ਮਿਲੇ ਹਨ। ਸ. ਖਾਲੜਾ ਲਾਪਤਾ ਹੋਏ ਸਨ ਉਦੋਂ ਮੇਰੇ ਬੱਚੇ ਛੋਟੇ ਸਨ ਉਤੇ ਬੱਚਿਆਂ ਨੇ ਮੈਨੂੰ ਤਾਕਤ ਦਿੱਤੀ। ਇਸ ਤੋਂ ਇਲਾਵਾ ਸ. ਖਾਲੜਾ ਦੀ ਮੇਰੇ ਕੋਲ ਇਕ 40 ਮਿੰਟ ਦਾ ਭਾਸ਼ਣ ਪਿਆ ਹੈ। ਜਦੋਂ ਵੀ ਦਿਲ ਕਰਦਾ ਹੈ ਤਾਂ ਪੂਰਾ ਪਰਿਵਾਰ ਇਕੱਠੇ ਬੈਠ ਕੇ ਉਨ੍ਹਾਂ ਦਾ ਭਾਸ਼ਣ ਸੁਣਦਾ ਹੈ। 

ਸਵਾਲ : ਸ. ਖਾਲੜਾ ਦੀ ਗੁੰਮਸ਼ੁਦਗੀ ਮਗਰੋਂ ਕੀ ਸਰਕਾਰ ਨੇ ਤੁਹਾਡੀ ਮਦਦ ਕੀਤੀ?
ਜਵਾਬ : ਉਦੋਂ ਸਾਡੀ ਮਦਦ ਬਾਬੇ ਨਾਨਕ ਅਤੇ ਸ. ਖਾਲੜਾ ਨਾਲ ਜੁੜੀ ਟੀਮ ਨੇ ਕੀਤੀ। ਅਸੀ ਦਿਨ-ਰਾਤ ਇਕ ਕਰ ਕੇ ਹਜ਼ਾਰਾਂ ਗੁਮਸ਼ੁਦਾ ਲੋਕਾਂ ਲਈ ਲੜਾਈ ਲਈ। ਮੈਂ 1999 'ਚ ਆਪਣੀ ਪੰਜਾਬ ਯੂਨੀਵਰਸਿਟੀ 'ਚੋਂ ਨੌਕਰੀ ਛੱਡ ਦਿੱਤੀ। ਸਰਕਾਰ ਨੇ ਕੋਈ ਵੱਡੀ ਮਦਦ ਨਾ ਕੀਤੀ। ਕਈ ਨੇਕ ਲੋਕਾਂ ਨੇ ਸਾਡੀ ਬਹੁਤ ਮਦਦ ਕੀਤੀ। ਮੇਰੇ ਬੱਚਿਆਂ ਦੀ ਪੜ੍ਹਾਈ 'ਚ ਵੀ ਇਨ੍ਹਾਂ ਲੋਕਾਂ ਨੇ ਹੀ ਮਦਦ ਕੀਤੀ। ਅਮਰੀਕਾ 'ਚ ਇਕ ਸਕੂਲ ਆਪਣਾ ਨਾਂ ਸ. ਜਸਵੰਤ ਸਿੰਘ ਖਾਲੜਾ ਦੇ ਨਾਂ 'ਤੇ ਰੱਖਣਾ ਚਾਹੁੰਦਾ ਹੈ, ਜਦਕਿ ਸਾਡੇ ਦੇਸ਼ ਦੀਆਂ ਸਰਕਾਰਾਂ ਸ਼ਹੀਦਾਂ ਨੂੰ ਭੁਲਾ ਰਹੀਆਂ ਹਨ। ਬੀਬੀ ਜਗੀਰ ਕੌਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਹ ਨਹੀਂ ਜਾਣਦੀ ਕੀ ਸ. ਜਸਵੰਤ ਸਿੰਘ ਖਾਲੜਾ ਕੌਣ ਹਨ। ਬਾਦਲ ਸਰਕਾਰ ਨੇ ਉਦੋਂ ਵੀ ਸਾਡੀ ਮਦਦ ਨਾ ਕੀਤੀ ਅਤੇ ਅੱਜ ਵੀ ਸਾਡੇ ਖ਼ਿਲਾਫ਼ ਹੈ। ਜੇ ਉਨ੍ਹਾਂ 'ਚ ਸ਼ਰਮ ਹੁੰਦੀ ਤਾਂ ਅੱਜ ਬੀਬੀ ਜਗੀਰ ਕੌਰ ਨੂੰ ਮੇਰੇ ਖਿਲਾਫ਼ ਨਾ ਖੜਾ ਕਰਦੇ। 

ਸਵਾਲ : ਸਿੱਖਾਂ ਦੀ ਨਸਲਕੁਸ਼ੀ ਨੂੰ ਕਿਵੇਂ ਰੋਕਿਆ ਗਿਆ?
ਜਵਾਬ : 1988 ਤੋਂ 1994 ਤਕ ਲਗਾਤਾਰ ਸਿੱਖਾਂ ਦੀ ਨਸਲਕੁਸ਼ੀ ਦਾ ਦੌਰ ਚੱਲਿਆ। ਕੇ.ਪੀ.ਐਸ. ਗਿੱਲ ਨੇ ਕਹਿ ਦਿੱਤਾ ਸੀ ਕਿ ਉਹ ਦੋ ਸਾਲ 'ਚ ਸਾਰੀ ਕੌਮ ਨੂੰ ਖ਼ਤਮ ਕਰ ਦੇਵੇਗਾ। 6 ਸਤੰਬਰ 1997 ਤੋਂ ਬਾਅਦ ਜਦੋਂ ਸ. ਖਾਲੜਾ ਨੂੰ ਚੁੱਕ ਲਿਆ ਗਿਆ। ਉਨ੍ਹਾਂ ਦੇ ਲਾਪਤਾ ਹੋਣ ਤੋਂ ਦੋ ਦਿਨ ਬਾਅਦ ਅਸੀ ਸੁਪਰੀਮ ਕੋਰਟ ਚਲੇ ਗਏ, ਜਿਸ ਕਾਰਨ ਸਰਕਾਰ ਅਤੇ ਪੁਲਿਸ ਆਪਣੇ ਬਚਾਅ 'ਚ ਆ ਗਈ। ਉਸ ਤੋਂ ਬਾਅਦ ਝੂਠੇ ਮੁਕਾਬਲਿਆਂ ਦਾ ਦੌਰ ਖ਼ਤਮ ਹੋ ਗਿਆ। 8 ਦਿਨ ਬਾਅਦ ਪੁਲਿਸ ਨੇ ਸੁਪਰੀਮ ਕੋਰਟ 'ਚ ਜਵਾਬ ਦਿੱਤਾ ਕਿ ਉਨ੍ਹਾਂ ਨੇ ਸ. ਖਾਲੜਾ ਨੂੰ ਨਹੀਂ ਚੁੱਕਿਆ। ਜਦੋਂ ਹੌਲੀ-ਹੌਲੀ ਪੇਸ਼ੀਆਂ ਹੋਣ ਲੱਗੀਆਂ ਤਾਂ ਪਤਾ ਲੱਗਾ ਕਿ ਇੰਨੇ ਵੱਡੇ ਪੱਧਰ 'ਤੇ ਝੂਠੇ ਮੁਕਾਬਲੇ ਕੀਤੇ ਗਏ ਹਨ।

ਸਵਾਲ : ਹਾਲੇ ਵੀ ਦੋਸ਼ੀਆਂ ਨੂੰ ਸਜ਼ਾ ਨਾ ਮਿਲਣ ਦਾ ਕੀ ਕਾਰਨ ਹੈ?
ਜਵਾਬ : ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ, ਪਰਮਰਾਜ ਉਮਰਾਨੰਗਰ, ਇਜਹਾਰ ਆਲਮ ਇਹ ਸਾਰੇ ਬਦਨਾਮ ਅਫ਼ਸਰ ਹਨ ਅਤੇ ਸਰਕਾਰ ਦੀ ਸ਼ਹਿ ਹੈ। ਸੁਮੇਧ ਸੈਣੀ ਨੂੰ ਪਹਿਲਾਂ ਪਰਕਾਸ਼ ਸਿੰਘ ਬਾਦਲ ਨੇ ਵਿਜੀਲੈਂਸ ਦਾ ਮੁਖੀ ਬਣਾਇਆ। ਇਸ ਤੋਂ ਬਾਅਦ ਬਾਦਲ ਵਿਰੁੱਧ ਜਿੰਨੇ ਵੀ ਦੋਸ਼ ਸਨ ਸਾਰੇ ਖ਼ਤਮ ਕੀਤੇ ਗਏ। ਇਸ ਦੇ ਇਵਜ਼ 'ਚ ਬਾਦਲ ਨੇ ਉਸ ਨੂੰ ਡੀਜੀਪੀ ਬਣਾ ਦਿੱਤਾ। 

ਸਵਾਲ : ਚੋਣ ਜਿੱਤਣ ਤੋਂ ਬਾਅਦ ਤੁਹਾਡੀ ਕੀ ਰਣਨੀਤੀ ਹੈ?
ਜਵਾਬ : ਚੋਣ ਜਿੱਤਣ ਤੋਂ ਬਾਅਦ ਪਹਿਲਾ ਕੰਮ ਨਸ਼ਾ ਖ਼ਤਮ ਕਰਨਾ ਹੈ। ਇਸ ਦੀ ਸ਼ੁਰੂਆਤ ਖਡੂਰ ਸਾਹਿਬ ਸੀਟ ਤੋਂ ਕਰਨ ਦੀ ਕੋਸ਼ਿਸ਼ ਕਰਾਂਗੇ। ਸੰਸਦ 'ਚ ਵੀ ਇਸ ਬਾਰੇ ਆਵਾਜ਼ ਚੁੱਕਾਂਗੇ। 

ਸਵਾਲ : ਜੇ ਤੁਹਾਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸਮਝੌਤੇ ਦੀ ਲੋੜ ਪਈ ਤਾਂ ਕੀ ਕਰੋਗੇ?
ਜਵਾਬ : ਸਮਝੌਤੇ ਦਾ ਇਹ ਮਤਲਬ ਨਹੀਂ ਕਿ ਵਿੱਕ ਜਾਣਾ। ਜੇ ਸਮਝੌਤਾ ਕਰਨਾ ਪਿਆ ਤਾਂ ਕਰਜ਼ਾ ਮਾਫ਼ੀ, ਨਸ਼ਾ ਖ਼ਤਮ ਕਰਨ ਦੀ ਸ਼ਰਤ 'ਤੇ ਸਮਝੌਤਾ ਕਰਾਂਗੇ। ਮੈਂ ਨਿੱਜੀ ਸਮਝੌਤਾ ਨਹੀਂ ਕਰਾਂਗੀ। ਲੋਕਾਂ ਦੀ ਭਲਾਈ ਲਈ ਕਦੇ ਪਿੱਛੇ ਨਹੀਂ ਰਹਾਂਗੀ। ਮੈਂ ਮੰਤਰੀ ਬਣ ਕੇ ਆਪਣੀ ਜਾਇਦਾਤ ਨਹੀਂ ਬਣਾਵਾਂਗੀ। ਪਰਮਾਤਮਾ ਨੇ ਮੈਨੂੰ ਬਹੁਤ ਕੁਝ ਦਿੱਤਾ ਹੈ।